ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਸਥਿਤ ਰਾਧਾ ਸੁਆਮੀ ਸਤਿਸੰਗ ਬਿਆਸ ਆਸ਼ਰਮ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਨਾਬਾਲਿਗ ਲੜਕੀਆਂ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਹਨ। ਇਹ ਇਲਜ਼ਾਮ ਰਾਧਾ ਸੁਆਮੀ ਸਤਿਸੰਗ ਆਸ਼ਰਮ ਦੇ 65 ਸਾਲਾ ਸੇਵਾਦਾਰ ‘ਤੇ ਲੱਗੇ ਹਨ। ਦੋਵੇਂ ਪੀੜਤ ਲੜਕੀਆਂ ਦੀ ਉਮਰ 14 ਤੋਂ 15 ਸਾਲ ਦੱਸੀ ਜਾ ਰਹੀ ਹੈ। ਇੱਕ ਲੜਕੀ 6ਵੀਂ ਜਮਾਤ ਵਿੱਚ ਅਤੇ ਦੂਜੀ 8ਵੀਂ ਜਮਾਤ ਵਿੱਚ ਪੜ੍ਹਦੀ ਹੈ। ਦੋਵੇਂ ਵੱਖ-ਵੱਖ ਪਰਿਵਾਰਾਂ ਤੋਂ ਹਨ ਅਤੇ ਆਪਸੀ ਦੋਸਤ ਹਨ। ਦੋਵਾਂ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਸੇਵਾਦਾਰ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਖ਼ਬਰ ਹੈ। ਇਸ ਘਟਨਾ ਨਾਲ ਇਲਾਕੇ ‘ਚ ਹੜਕੰਪ ਮਚ ਗਿਆ ਹੈ।
ਮਿੱਠੀਆਂ ਗੋਲੀਆਂ ਦਾ ਦਿੰਦਾ ਰਿਹਾ ਨਸ਼ਾ
ਦੱਸਿਆ ਜਾਂਦਾ ਹੈ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਆਸ਼ਰਮ, ਜਿੱਥੇ ਇਹ ਘਟਨਾ ਵਾਪਰੀ ਹੈ, ਉਹ ਬੁਲੰਦਸ਼ਹਿਰ ਦੇ ਸਯਾਨਾ ਕੋਤਵਾਲੀ ਖੇਤਰ ਵਿੱਚ ਹੈ। ਦੋਵੇਂ ਪੀੜਤ ਲੜਕੀਆਂ ਰਾਧਾ ਸੁਆਮੀ ਸਤਿਸੰਗ ਆਸ਼ਰਮ ‘ਚ ਖੇਡਣ ਲਈ ਜਾਂਦੀਆਂ ਸਨ। ਇਸ ਦੌਰਾਨ ਮਲਜ਼ਮ ਸੇਵਾਦਾਰ ਵਾਰ-ਵਾਰ ਮੌਕੇ ਦਾ ਫਾਇਦਾ ਉਠਾਉਂਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪ੍ਰਸਾਦ ਦੇ ਨਾਂ ‘ਤੇ ਦੋਹਾਂ ਲੜਕੀਆਂ ਨੂੰ ਮਿੱਠੀਆਂ ਗੋਲੀਆਂ ਖੁਆਉਂਦਾ ਜਿੰਨ੍ਹਾਂ ‘ਚ ਨਸ਼ਾ ਹੁੰਦਾ ਸੀ। ਜਦੋਂ ਲੜਕੀਆਂ ਗੋਲੀਆਂ ਖਾ ਕੇ ਬੇਹੋਸ਼ ਹੋ ਜਾਂਦੀਆਂ ਤਾਂ ਸੇਵਾਦਾਰ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ।
8 ਮਹੀਨੇ ਬੇਹੋਸ਼ ਕਰਕੇ ਕੀਤਾ ਤਸ਼ੱਦਦ
ਜਾਣਕਾਰੀ ਮੁਤਾਬਿਕ ਲੋਕਾਂ ਦੀ ਹੈਰਾਨੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਪਤਾ ਲੱਗਿਆ ਕਿ ਮੁਲਜ਼ਮ ਪਿਛਲੇ 8 ਮਹੀਨਿਆਂ ਤੋਂ ਦੋਵਾਂ ਲੜਕੀਆਂ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਉਸ ਨੇ 8 ਮਹੀਨਿਆਂ ਦੋਵਾਂ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਪਰ ਲੜਕੀਆਂ ਵੀ ਇਸ ਬਾਰੇ ਆਪਣੇ ਪਰਿਵਾਰ ਨੂੰ ਸੂਚਿਤ ਨਹੀਂ ਕਰ ਸਕੀਆਂ। ਮੁਲਜ਼ਮ ਬਜ਼ੁਰਗ ਹੋਣ ਕਾਰਨ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਸਤਿਸੰਗ ਵਿਚ ਉਸ ਦਾ ਵਿਵਹਾਰ ਇੰਨਾ ਵਧੀਆ ਸੀ ਕਿ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਕੰਮ ਵੀ ਕਰ ਸਕਦਾ ਹੈ।
ਕਿੰਝ ਹੋਇਆ ਖੁਲਾਸਾ
ਇਸ ਘਟਨਾ ਦੇ ਰਾਜ਼ ਤੋਂ ਉਸ ਸਮੇਂ ਪਰਦਾ ਚੁੱਕਿਆ ਗਿਆ ਜਦੋਂ ਪੀੜਤ ਨੇ ਪੇਟ ‘ਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ। ਪਰਿਵਾਰ ਵੱਲੋਂ ਉਸ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਅਲਟਰਾਸਾਊਂਡ ਦੀ ਰਿਪੋਰਟ ਦੇਖ ਕੇ ਡਾਕਟਰਾਂ ਦੇ ਵੀ ਹੋਸ਼ ਉੱਡ ਗਏ ਕਿਉਂਕਿ ਲੜਕੀ 5 ਮਹੀਨੇ ਦੀ ਗਰਭਵਤੀ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪੁੱਛਿਆ ਤਾਂ ਉਨ੍ਹਾਂ ਨੂੰ ਮੁਜ਼ਲਮ ਦੀ ਗੰਦੀ ਹਰਕਤ ਬਾਰੇ ਪਤਾ ਲੱਗਾ। ਜਿਵੇਂ ਹੀ ਉਨ੍ਹਾਂ ਨੂੰ ਲੜਕੀ ਦੇ ਗਰਭਵਤੀ ਹੋਣ ਅਤੇ ਮੁਲਜ਼ਮ ਸੇਵਾਦਾਰ ਦੇ ਇਸ ਗੰਦੇ ਕਾਰਨਾਮੇ ਦਾ ਪਤਾ ਲੱਗਾ ਤਾਂ ਪਰਿਵਾਰਿਕ ਮੈਂਬਰ ਲੋਕਾਂ ਨਾਲ ਆਸ਼ਰਮ ‘ਚ ਪਹੁੰਚ ਗਏ ਅਤੇ ਭਾਰੀ ਹੰਗਾਮਾ ਕੀਤਾ।
ਪੀੜਤ ਨੇ ਦੱਸੀ ਸਾਰੀ ਕਹਾਣੀ
ਦੱਸਿਆ ਜਾਂਦਾ ਹੈ ਕਿ ਪੀੜਤ ਲੜਕੀ ਜੋ ਗਰਭਵਤੀ ਸੀ, ਉਸ ਨੇ ਦੱਸਿਆ ਕਿ ਉਸ ਦੀ ਦੋਸਤ ਵੀ ਉਸ ਦੇ ਨਾਲ ਆਸ਼ਰਮ ਜਾਂਦੀ ਸੀ। ਅਜਿਹੇ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਗਈ। ਜਿਸ ਤੋਂ ਬਾਅਦ ਦੂਸਰੀ ਲੜਕੀ ਨੇ ਵੀ ਆਪਣੀ ਸਾਰੀ ਘਟਨਾ ਬਿਆਨ ਕੀਤੀ ਅਤੇ ਦੋਵਾਂ ਪਰਿਵਾਰਾਂ ਨੇ ਥਾਣੇ ‘ਚ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਲੜਕੀਆਂ ਦਾ ਮੈਡੀਕਲ ਕਰਵਾਇਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਇਸ ਘਟਨਾ ‘ਤੇ ਹਾਲੇ ਤੱਕ ਡੇਰਾ ਰਾਧਾ ਸਵਾਮੀ ਵੱਲੋਂ ਇਸ ‘ਤੇ ਕਿਸੇ ਪ੍ਰਕਾਰ ਦਾ ਕੋਈ ਪ੍ਰਤੀ ਕਰਮ ਨਹੀਂ ਆਇਆ।