‘ਡੰਕੀ’ ਲਗਾ ਕੇ ਲੋਕਾਂ ਨੂੰ ਅਮਰੀਕਾ ਭੇਜਣ ਵਾਲਾ ਜਲੰਧਰ ਦਾ ਪੰਜਾਬੀ ਸਿੰਗਰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ
Punjabi singer from Jalandhar, who sent people to America by using 'Dunky', arrested from Delhi Airport

ਫਰਜੀ ਵੀਜ਼ਿਆਂ ‘ਤੇ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਰੈਕੇਟ ‘ਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ ‘ਚ 42 ਸਾਲਾ ਪੰਜਾਬੀ ਗਾਇਕ ਫਤਿਹਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਜਿਸ ਦੇ ਅਨੁਸਾਰ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਫਤਿਹਜੀਤ ਸਿੰਘ ਨੂੰ ਬੁੱਧਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ (ਆਈਜੀਆਈ) ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇੱਥੋਂ ਫਤਿਹਜੀਤ ਸਿੰਘ ਡੰਕੀ ਰੂਟ ਰਾਹੀਂ ਕਿਸੇ ਯਾਤਰੀ ਨੂੰ ਅਮਰੀਕਾ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੁਲਿਸ ਦੀ ਡਿਪਟੀ ਕਮਿਸ਼ਨਰ (ਆਈਜੀਆਈ) ਊਸ਼ਾ ਰੰਗਨਾਨੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਪੇਸ਼ੇ ਤੋਂ ਗਾਇਕ ਹੈ। ਉਸਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਦੁਨੀਆ ਭਰ ਦੇ ਸ਼ੋਅ ਵਿੱਚ ਹਿੱਸਾ ਲੈ ਚੁੱਕਾ ਹੈ। ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਸੁਲਤਾਨ ਸਿੰਘ ਨਾਮਕ ਏਜੰਟ ਦੇ ਸੰਪਰਕ ਵਿੱਚ ਆਇਆ ਸੀ। ਇਹ ਏਜੰਟ ਲੋਕਾਂ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ ਠੱਗੀ ਮਾਰਦਾ ਸੀ ਅਤੇ ਜਲਦੀ ਪੈਸੇ ਕਮਾਉਣ ਲਈ ਉਸ ਨਾਲ ਕੰਮ ਕਰਨ ਲੱਗਾ।
ਮੁਲਜ਼ਮ ਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਅਮਰੀਕਾ ਜਾਣ ਲਈ ਸੁਲਤਾਨ ਸਿੰਘ ਨਾਲ ਸੰਪਰਕ ਕੀਤਾ ਸੀ। ਆਰੋਪੀ ਨੇ 50 ਲੱਖ ਰੁਪਏ ਦੇ ਬਦਲੇ ਉਸ ਦੀ ਯਾਤਰਾ ਦਾ ਪ੍ਰਬੰਧ ਕਰਨ ਅਤੇ ਦਸਤਾਵੇਜ਼ੀ ਦਾ ਸਾਰਾ ਕੰਮ ਸੰਭਾਲਣ ਦਾ ਵਾਅਦਾ ਕੀਤਾ ਸੀ। ਯਾਤਰਾ ਤੋਂ ਪਹਿਲਾਂ 10 ਲੱਖ ਰੁਪਏ ਦੀ ਐਡਵਾਂਸ ਰਕਮ ਅਦਾ ਕੀਤੀ ਗਈ ਸੀ ਅਤੇ ਸੁਲਤਾਨ ਸਿੰਘ ਨੇ ਮੁਲਜ਼ਮ ਨੂੰ ਕਮਿਸ਼ਨ ਵਜੋਂ 4 ਲੱਖ ਰੁਪਏ ਦਿੱਤੇ ਸਨ। ਇਹ ਵੀ ਫੈਸਲਾ ਕੀਤਾ ਗਿਆ ਕਿ ਯਾਤਰੀ ਦੇ ਮੰਜ਼ਿਲ ‘ਤੇ ਪਹੁੰਚਣ ਤੋਂ ਬਾਅਦ ਬਾਕੀ ਰਕਮ ਅਦਾ ਕੀਤੀ ਜਾਵੇਗੀ।