JalandharPunjab

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫ਼ਾ, ਅਕਾਲ ਤਖ਼ਤ ਦੇ ਜਥੇਦਾਰ ਵਲੋਂ ਵੱਡਾ ਐਲਾਨ

Takht Sri Damdama Sahib Jathedar Giani Harpreet Singh resigned

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਵਾਲੀਆਂ ਧਮਕੀਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਟਹਿਰੇ ‘ਚ ਕੀਤਾ ਖੜ੍ਹਾ : ਬੀਬੀ ਕਿਰਨਜੋਤ ਕੌਰ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਭਰੇ ਮਨ ਨਾਲ ਅੱਜ ਅਸਤੀਫ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜ ਸਿੰਘ ਸਹਿਬਾਨਾਂ ਦੀ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਵਿਰਸਾ ਸਿੰਘ ਵਲਟੋਹਾ ਨੇ ਉਨ੍ਹਾਂ ਨੂੰ ਖ਼ਾਸ ਤੌਰ ਉੱਤੇ ਨਿਸ਼ਾਨਾ ਬਣਾਇਆ ਹੈ।

ਅਸਤੀਫਾ ਦੇਣ ਪਿੱਛੇ ਦਾ ਕਾਰਣ ਦੱਸਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਾਰੀਆਂ ਹੱਦਾ ਪਾਰ ਕਰਦਿਆਂ ਉਨ੍ਹਾਂ ਦੇ ਪਰਿਵਾਰ ਤੱਕ ਨੂੰ ਨਹੀਂ ਬਖ਼ਸ਼ਿਆ। ਗਿਆਨੀ ਹਰਪ੍ਰੀਤ ਸਿੰਘ ਮੁਤਾਬਿਕ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਤਾਰ ਉਨ੍ਹਾਂ ਦੀਆਂ ਧੀਆਂ ਤੱਕ ਨੂੰ ਚੁੱਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸ਼ਰਾਰਤੀ ਅਨਸਰਾਂ ਕੋਲੋਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ।

ਦੁਖੀ ਹਿਰਦੇ ਨਾਲ ਦਿੱਤਾ ਅਸਤੀਫ਼ਾ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਮਾਮ ਸਿੱਖ ਸੰਸਥਾਵਾਂ ਧੰਨਵਾਦ ਕਰਦਿਆਂ ਕਿਹਾ ਕਿ,ਸੰਸਥਾਵਾਂ ਨੇ ਉਨ੍ਹਾਂ ਨੂੰ ਆਪਣਾ ਬੱਚਾ ਸਮਝ ਕੇ ਬਹੁਤ ਵੱਡੇ ਮਾਣ ਬਖ਼ਸ਼ੇ ਹਨ ਪਰ ਹੁਣ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ ਕਿਉਂਕਿ ਉਹ ਕੌਮ ਦੇ ਆਗੂ ਹੋਣ ਦੇ ਨਾਲ ਧੀਆਂ ਦੇ ਪਿਓ ਵੀ ਹਨ ਅਤੇ ਧੀਆਂ ਵਿਰੁੱਧ ਕੋਝੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਜਾਤ ਨੂੰ ਅਧਾਰ ਬਣਾ ਕੇ ਵੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਰਾਹੀਂ ਮਿਲੀ ਜਾਣਕਾਰੀ ਕਾਰਨ ਮਨ ਬੇਹੱਦ ਦੁਖੀ ਹੋਇਆ ਹੈ।

ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਮਾੜੀ ਸ਼ਬਦਾਵਲੀ ਵਰਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ ਨੇ ਆਪਣਾ ਅਸਤੀਫ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭੇਜਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਕੱਲ੍ਹ ਦੀ ਪ੍ਰੈੱਸ ਕਾਨਫਰੰਸ ਵਿੱਚ ਵੀ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਮੇਰੇ ਬੱਚਿਆਂ ਦੀ ਵੀ ਰੇਕੀ ਕੀਤੀ ਗਈ ਕਿ ਉਹ ਕਿੱਥੇ ਰਹਿੰਦੇ ਹਨ, ਕੀ ਕਰਦੇ ਹਨ, ਉਨ੍ਹਾਂ ਕੋਲ ਕੀ-ਕੀ ਹੈ।”

“ਵਿਰਸਾ ਸਿੰਘ ਵਲਟੋਹਾ ਵੱਲੋਂ ਪੋਸਟਾਂ ਪਾ ਕੇ ਸਿੰਘ ਸਾਹਿਬਾਨ ਨੂੰ ਜ਼ਲੀਲ ਕਰਨ ਦਾ ਯਤਨ, ਬਾਦਸਤੂਰ ਜਾਰੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਦਾ ਅਸਤੀਫ਼ਾ ਨਾ ਮਨਜ਼ੂਰ ਕੀਤਾ ਜਾਵੇ।”

“ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਆਪਣੇ ਦਿੱਤੇ ਅਸਤੀਫ਼ੇ ʼਤੇ ਮੁੜ ਵਿਚਾਰ ਜ਼ਰੂਰ ਕਰਨ। ਜੇਕਰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਅਸੀਂ ਸਾਰੇ, ਮੈਂ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਅਸਤੀਫ਼ਾ ਦੇਣ ਲਈ ਮਜਬੂਰ ਹੋ ਜਾਵਾਂਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕੀਆਂ ਦੇਣ ਤੇ ਨੀਚਤਾ ਦੀ ਹੱਦਾਂ ਪਾਰ ਕਰਨ ਦੇ ਮਸਲੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਟਹਿਰੇ ਵਿਚ ਖੜਾ ਕਰ ਦਿੱਤਾ ਹੈ। ਕੀ ਐਡਵੋਕੇਟ ਧਾਮੀ ਤੇ ਉਸ ਦੀ ਅੰਤ੍ਰਿੰਗ ਕਮੇਟੀ ਵਿਚ ਜੁਰਅਤ ਹੈ ਕਿ ਜਥੇਦਾਰ ਦੇ ਨਾਲ ਖੜ੍ਹੇ ਹੋਣ ‘ਤੇ ਅਸਤੀਫਾ ਨਾ ਮਨਜ਼ੂਰ ਕਰਕੇ ਬਾਦਲ ਟ੍ਰੋਲ ਫੌਜ ਦੀ ਕਾਰਵਾਈ ਦਾ ਨੋਟਿਸ ਲੈਣ?

ਬੁਰਛਾਗਰਦੀ ਨੇ ਪਹਿਲੇ ਵੀ ਕੌਮ ਦਾ ਨੁਕਸਾਨ ਕੀਤਾ ਹੈ ਅਤੇ ਹੁਣ ਇਹ ਗੁੰਡਾਗਰਦੀ ਵੀ ਜ਼ਮਾਨਤ-ਜ਼ਬਤ ਪਾਰਟੀ ਨੂੰ ਦਫਨ ਕਰ ਦੇਵੇਗੀ। ਮੈਂ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ‘ਗਿਆਨੀ ਹਰਪ੍ਰੀਤ ਸਿੰਘ’ ਦਾ ਅਸਤੀਫਾ ਮਨਜ਼ੂਰ ਕਰਨ ਦਾ ਵਿਰੋਧ ਕਰਦੀ ਹਾਂ।

Back to top button