ਥਾਣੇਦਾਰ ਦੇ ਪੁੱਤ ਨੇ ਸਰਪੰਚ ਨੂੰ ਤੇਜ਼ਧਾਰ ਹਥਿਆਰ ਨਾਲ ਕੀਤਾ ਲਹੂ-ਲੁਹਾਨ, CCTV ਚ ਕੈਦ
ਦੇਰ ਸ਼ਾਮ ਸੁਲਤਾਨਪੁਰ ਲੋਧੀ ਇਲਾਕੇ ‘ਚ ਥਾਰ ਵਾਹਨਾਂ ‘ਤੇ ਸਵਾਰ ਨੌਜਵਾਨਾਂ ਨੇ ਪਿੰਡ ਅੱਲੂਵਾਲ ਦੇ ਸਰਪੰਚ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਰਸਤਾ ਨਾ ਦੇਣ ‘ਤੇ ਸਰਪੰਚ ਦੀ ਨੌਜਵਾਨਾਂ ਨਾਲ ਬਹਿਸ ਹੋ ਗਈ। ਜ਼ਖਮੀ ਸਰਪੰਚ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਪੁਲਿਸ ਮੁਲਾਜ਼ਮ ਦੇ ਬੇਟੇ ‘ਤੇ ਲਗਾਇਆ ਗਿਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਇਲਾਜ ਅਧੀਨ ਪਿੰਡ ਅੱਲੂਵਾਲ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਆਪਣੇ ਸਾਈਕਲ ’ਤੇ ਗੁਰਦੁਆਰਾ ਗੁਰੂ ਕਾ ਬਾਗ ਵੱਲ ਜਾ ਰਿਹਾ ਸੀ। ਜਦੋਂ ਉਹ ਗੁਰਦੁਆਰਾ ਸਹਿਰਾ ਸਾਹਿਬ ਦੇ ਮੋੜ ‘ਤੇ ਪਹੁੰਚਿਆ ਤਾਂ ਰਸਤਾ ਨਾ ਦੇਣ ਕਾਰਨ ਉਸ ਦੀ ਥਾਰ ਕਾਰ ਸਵਾਰ ਕੁਝ ਨੌਜਵਾਨਾਂ ਨਾਲ ਮਾਮੂਲੀ ਤਕਰਾਰ ਹੋ ਗਈ। ਇਸ ਦੌਰਾਨ ਕਾਰ ਚਾਲਕ ਨੇ ਗਾਲ੍ਹਾਂ ਕੱਢਦੇ ਹੋਏ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਜਿਸ ਕਾਰਨ ਉਸ ਦਾ ਖੂਨ ਵਹਿ ਗਿਆ। ਕਾਰ ਚਾਲਕ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਪਾਸੇ ਜ਼ਖ਼ਮੀ ਸਰਪੰਚ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਹਮਲਾਵਰ ਪੰਜਾਬ ਪੁਲੀਸ ਵਿੱਚ ਤਾਇਨਾਤ ਹੌਲਦਾਰ ਦਾ ਪੁੱਤਰ ਹੈ। ਉਸ ਦੀ ਸ਼ਹਿ ’ਤੇ ਉਹ ਨਿੱਤ ਦਿਨ ਇਲਾਕੇ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਹਿੰਦਾ ਹੈ। ਦੂਜੇ ਪਾਸੇ ਗੈਂਗਵਾਰ ਦੀ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸਰਪੰਚ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ ’ਤੇ ਹੀ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।