ਦਿਨ ਦਿਹਾੜੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁੱਠਭੇੜ ਹੋ ਗਈ। ਜਿਸ ਵਿੱਚ ਦੋ ਗੈਂਗਸਟਰਾਂ ਨੂੰ ਪੁਲਿਸ ਨੇ ਫੜ ਲਿਆ ਸੀ। ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਹ ਮੁਕਾਬਲਾ ਛੇਹਰਟਾ ਵਿੱਚ ਹੋਇਆ। ਦਰਅਸਲ ਪੁਲਿਸ ਨੂੰ ਇੱਥੇ ਕੁੱਝ ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਦਾ ਪਿੱਛਾ ਕੀਤਾ। ਭੀੜ-ਭੜੱਕੇ ਵਾਲੇ ਬਾਜ਼ਾਰ ‘ਚ ਜਦੋਂ ਗੈਂਗਸਟਰ ਅਤੇ ਪੁਲਸ ਦੀ ਕਾਰ ਆਹਮੋ-ਸਾਹਮਣੇ ਹੋ ਗਈ ਤਾਂ ਗੈਂਗਸਟਰ ਕਾਰ ਛੱਡ ਕੇ ਭੱਜ ਗਏ, ਜਿਸ ਦਾ ਪਿੱਛਾ ਕਰਦੇ ਹੋਏ ਪੁਲਸ ਵੀ ਪਿੱਛੇ ਭੱਜੀ ।
ਸੜਕ ‘ਤੇ ਸ਼ਰੇਆਮ ਗੋਲੀਆਂ ਚੱਲਣ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਪੁਲਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਇਸ ਦਾ ਫਾਇਦਾ ਉਠਾਉਂਦੇ ਹੋਏ ਗੈਂਗਸਟਰ ਗੱਡੀ ‘ਚ ਬੈਠ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਦੇ ਹੋਏ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਜਦੋਂ ਪੁਲਿਸ ਨੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਗੈਂਗਸਟਰਾਂ ਵੱਲੋਂ ਗੋਲੀਬਾਰੀ ਕੀਤੀ ਗਈ, ਕੁਝ ਦੇਰ ਤੱਕ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਦੋਵਾਂ ਗੈਂਗਸਟਰਾਂ ਕੋਲੋਂ ਕੁਝ ਹਥਿਆਰ ਵੀ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਵੀ ਸ਼ੱਕ ਹੈ ਕਿ ਕੁਝ ਹੋਰ ਗੈਂਗਸਟਰ ਲੁਕੇ ਹੋਏ ਹਨ। ਫਿਲਹਾਲ ਪੁਲਸ ਵਲੋਂ ਪੂਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।