PoliticsPunjab

ਜਲੰਧਰ ਡਿਪੂ ਦੀ ਵਾਲਵੋ ਬੱਸ ‘ਚ ਟਿਕਟਾਂ ਦੀ ਚੋਰੀ, ਮੰਤਰੀ ਭੁੱਲਰ ਵੱਲੋਂ ਕੰਡਕਟਰ ਨੌਕਰੀ ਤੋਂ ਫ਼ਾਰਗ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਨਸ਼ੇ ਨਾਲ ਗਠਤ ਕੀਤੇ “ਮਨਿਸਟਰ ਫ਼ਲਾਇੰਗ ਸਕੁਐਡ” ਨੇ ਬੀਤੀ ਰਾਤ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਲੁਧਿਆਣਾ ਆ ਰਹੀ ਵਾਲਵੋ ਬੱਸ ਦੀ ਚੈਕਿੰਗ ਦੌਰਾਨ ਟਿਕਟਾਂ ਦੀ ਚੋਰੀ ਫੜੀ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 6 ਮੈਂਬਰੀ ਉੱਡਣ ਦਸਤੇ ਨੇ ਪਾਣੀਪਤ ਵਿਖੇ ਰਾਤ 11.20 ਵਜੇ ਦਿੱਲੀ ਏਅਰਪੋਰਟ ਤੋਂ ਲੁਧਿਆਣਾ ਆ ਰਹੀ ਜਲੰਧਰ ਡਿਪੂ ਦੀ ਵਾਲਵੋ ਬੱਸ ਨੰਬਰ ਪੀ.ਬੀ.08-ਸੀ.ਐਕਸ-9053 ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੰਡਕਟਰ ਨੇ ਸਵਾਰੀਆਂ ਤੋਂ 3,555 ਰੁਪਏ ਲੈ ਕੇ ਉਨ੍ਹਾਂ ਨੂੰ ਟਿਕਟਾਂ ਜਾਰੀ ਨਹੀਂ ਸਨ ਕੀਤੀਆਂ।

ਕੈਬਨਿਟ ਮੰਤਰੀ ਨੇ ਬੱਸ ਦੇ ਕੰਡਕਟਰ ਜਗਦੀਸ਼ ਸਿੰਘ ਨੂੰ 3,555 ਗ਼ਬਨ ਕਰਨ ਦੇ ਦੋਸ਼ ਵਿੱਚ ਤੁਰੰਤ ਡਿਊਟੀ ਤੋਂ ਫ਼ਾਰਗ ਕਰਨ ਸਬੰਧੀ ਟਰਾਂਸਪੋਰਟ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਤੇ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Back to top button