
ਮੰਡੀਆਂ ਵਿੱਚ ਟਮਾਟਰ 200 ਰੁਪਏ ਤੇ ਉਸ ਤੋਂ ਵੀ ਵੱਧ ਕੀਮਤ ‘ਤੇ ਵਿਕ ਰਿਹਾ ਹੈ, ਇਸੇ ਵਿਚਾਲੇ ਬਟਾਲਾ ਵਿੱਚ ਇੱਕ ਦੁਕਾਨਦਾਰ ਨੇ ਇੱਕ ਅਨੋਖੀ ਸੇਲ ਲਾਈ ਹੈ। ਦੁਕਾਨ ਤੋਂ ਜੁੱਤੀ ਖਰੀਦਣ ਵਾਲੇ ਗਾਹਕਾਂ ਨੂੰ ਟਮਾਟਰ ਮੁਫ਼ਤ ਦਿੱਤੇ ਜਾਣਗੇ।
ਦੁਕਾਨਦਾਰ ਦਾ ਕਹਿਣਾ ਹੈ ਕਿ ਜਿੱਥੇ ਇੱਕ ਹਜ਼ਾਰ ਤੋਂ ਲੈ ਕੇ 15 ਸੌ ਰੁਪਏ ਦੀ ਜੁੱਤੀ ਖਰੀਦਣ ‘ਤੇ ਛੋਟ ਦਿੱਤੀ ਜਾਵੇਗੀ, ਉੱਥੇ 2 ਕਿਲੋ ਟਮਾਟਰ ਵੀ ਮੁਫ਼ਤ ਦਿੱਤੇ ਜਾਣਗੇ। ਦੁਕਾਨਦਾਰ ਦੀ ਇਹ ਅਨੋਖੀ ਸੇਲ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਪਿਛਲੇ ਕੁਝ ਦਿਨਾਂ ‘ਚ ਹਰ ਘਰ ਦੀ ਰਸੋਈ ‘ਚੋਂ ਟਮਾਟਰ ਲਗਭਗ ਗਾਇਬ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਟਮਾਟਰ ਦੇ ਭਾਅ ਇੰਨੇ ਵਧ ਗਏ ਹਨ ਕਿ ਟਮਾਟਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਇਸ ਨੂੰ ਦੇਖਦੇ ਹੋਏ ਜੁੱਤੀ ਵੇਚਣ ਵਾਲੇ ਦੁਕਾਨਦਾਰ ਨੇ ਵਿਰੋਧ ਕਰਨ ਦਾ ਵੱਖਰਾ ਰਸਤਾ ਅਖਤਿਆਰ ਕੀਤਾ ਹੈ।

ਦੁਕਾਨ ਦੇ ਬਾਹਰ ਇੱਕ ਵੱਡਾ ਪੋਸਟਰ ਲੱਗਿਆ ਹੋਇਆ ਹੈ, ਜਿਸ ਵਿੱਚ ਲਿਖਿਆ ਹੈ ਕਿ ਟਮਾਟਰ ਮੁਫ਼ਤ ਵਿੱਚ ਪਾਓ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਇਹ ਆਫਰ ਦੇਣ ਦਾ ਮਕਸਦ ਇਹ ਹੈ ਕਿ ਬਾਜ਼ਾਰ ‘ਚ ਟਮਾਟਰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਆਫਰ ਦੇਣ ਨਾਲ ਉਨ੍ਹਾਂ ਦੀ ਦੁਕਾਨ ‘ਤੇ ਆਉਣ ਵਾਲੇ ਗਾਹਕ ਇਸ ਤੋਂ ਖੁਸ਼ ਹੋਣਗੇ।