Punjab

ਆੜ੍ਹਤੀ ਐਸੋਸੀਏਸ਼ਨ ਵਲੋਂ ਝੋਨੇ ਦੀ ਖ੍ਰੀਦ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਇਸ ਵਾਰ ਖਰੀਦ ਪ੍ਰਬੰਧਾਂ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਦਿਕਤ ਨਾਂ ਆਉਣ ਦੇਣ ਦਾ ਵਾਅਦਾ ਕੀਤਾ ਗਿਆ ਸੀ, ਸਰਕਾਰ ਦਾ ਇਹ ਵਾਅਦਾ ਇਸ ਵਾਰ ਕਾਫੀ ਹੱਦ ਤੱਕ ਜਾਇਜ਼ ਵੀ ਲੱਗ ਰਿਹਾ ਸੀ ਪਰ ਅਚਾਨਕ ਪੰਜਾਬ ਭਰ ਦੇ ਸ਼ੈਲਰ ਮਾਲਕਾਂ ਵੱਲੋਂ ਹੜਤਾਲ (Strike by sheller owners) ਉੱਤੇ ਚਲੇ ਜਾਣ ਕਾਰਨ ਪੂਰੇ ਪੰਜਾਬ ਦੀਆਂ ਅਨਾਜ ਮੰਡੀਆ ਵਿੱਚ ਖਰੀਦ ਕੀਤੇ ਹੋਏ ਝੋਨੇ ਦੀਆਂ ਕਰੋੜਾਂ ਬੋਰੀਆਂ ਸਟੈਕ ਹੋ ਗਈਆਂ ਹਨ। ਜਿਸ ਦੇ ਚਲਦੇ ਇਕੱਲੇ ਫਰੀਦਕੋਟ ਦੀ ਅਨਾਜ ਮੰਡੀ (Grain market of Faridkot) ਵਿੱਚ ਕਰੀਬ 5 ਲੱਖ ਬੋਰੀ ਸਟੈਕ ਹੋ ਗਈ ਹੈ ਅਤੇ ਹੁਣ ਮੰਡੀ ਵਿੱਚ ਕਿਤੇ ਵੀ ਝੋਨਾਂ ਸੁੱਟਣ ਦੀ ਥਾਂ ਨਹੀਂ ਬਚੀ, ਇਹੀ ਨਹੀਂ ਬੀਤੇ ਦਿਨੀ ਹੋਈਆ ਬਰਸਾਤਾਂ ਕਾਰਨ ਸਟੈਕ ਕੀਤੇ ਹੋਏ ਝੋਨੇ ਦੀਆਂ ਬੋਰੀਆ ਵਿੱਚ ਹੀ ਝੋਨਾਂ ਉਗਾਉਣਾ ਸ਼ੁਰੂ ਹੋ ਗਿਆ ਹੈ ਅਤੇ ਜੇਕਰ ਕੁੱਝ ਦਿਨ ਹੋਰ ਇਸੇ ਤਰ੍ਹਾਂ ਇੱਥੇ ਹੀ ਇਹ ਝੋਨਾ ਪਿਆ ਰਿਹਾ ਤਾਂ ਇਹ ਪੂਰੀ ਤਰਾਂ ਨਸ਼ਟ ਹੋ ਜਾਵੇਗਾ, ਜਿਸ ਨਾਲ ਸਭ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ।

ਆੜਤੀਆਂ ਨੇ ਕਿਹਾ ਕਿ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ (Sheller Association strike) ਕਾਰਨ ਮੰਡੀਆਂ ਵਿੱਚੋਂ ਝੋਨੇ ਦੀ ਲੋਡਿੰਗ ਨਹੀਂ ਹੋ ਰਹੀ। ਜਿਸ ਕਾਰਨ ਮੰਡੀਆਂ ਵਿੱਚ ਹੀ ਝੋਨਾਂ ਢੇਰੀ ਕਰਵਾਉਣਾਂ ਪੈ ਰਿਹਾ ਜਿਸ ਦਾ ਖਰਚਾ ਆੜ੍ਹਤੀ ਅਤੇ ਲੇਬਰ ਨੂੰ ਪੈ ਰਿਹਾ। ਉਹਨਾਂ ਦੱਸਿਆ ਕਿ ਇਕੱਲੇ ਫਰੀਦਕੋਟ ਦੀ ਅਨਾਜ ਮੰਡੀ ਵਿਚ ਹੀ 5 ਲੱਖ ਦੇ ਕਰੀਬ ਬੋਰੀ ਢੇਰੀ ਹੋਈ ਪਈ ਹੈ ਜੋ ਬਰਸਾਤ ਕਾਰਨ ਖਰਾਬ ਹੋ ਰਹੀ ਹੈ। ਆੜ੍ਹਤੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਹੋਣ ਨਾਲ ਝੋਨੇ ਦੀ ਆਮਦ ਹੋਰ ਵਧੇਗੀ ਪਰ ਮੰਡੀਆ ਵਿੱਚ ਥਾਂ ਨਾਂ ਹੋਣ ਕਾਰਨ ਵੱਡੀ ਸਮੱਸਿਆ ਆਵੇਗੀ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਸ਼ੇਲਰ ਮਾਲਕਾਂ ਦੀਆਂ ਮੰਗਾਂ ਜੋ ਜਾਇਜ਼ ਹਨ ਮੰਨ ਕੇ ਕੰਮ ਚਾਲੂ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਖਰੀਦ ਪ੍ਰਬੰਧਾਂ ਵਿੱਚ ਕੋਈ ਸਮੱਸਿਆ ਨਾਂ ਆਵੇ।

ਖਰੀਦ ਦਾ ਬਾਈਕਾਟ: ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਸ਼ੈਲਰ ਐਸੋਸੀਏਸ਼ਨ ਨਾਲ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਹੈ ਕਿ ਹੁਣ ਸਿਰਫ ਬਾਸਮਤੀ ਦੀ ਖਰੀਦ ਹੀ ਕੀਤੀ ਜਾਵੇਗੀ ਬਾਕੀ ਝੋਨੇ ਦੀ ਖਰੀਦ ਦਾ ਮੁਕੰਮਲ ਬਾਈਕਾਟ ਰੱਖਿਆ ਜਾਵੇਗਾ ਅਤੇ ਨਾਂ ਤਾਂ ਝੋਨੇ ਦੀ ਤੁਲਾਈ ਕੀਤੀ ਜਾਵੇਗੀ ਅਤੇ ਨਾਂ ਹੀ ਭਰਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਸ਼ੈਲਰ ਐਸੋਸੀਏਸ਼ਨ ਦੀਆ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ।

Leave a Reply

Your email address will not be published.

Back to top button