
ਜਲੰਧਰ ਥਾਣਾ ਬਾਰਾਦਰੀ ਦੀ ਪੁਲਿਸ ਨੇ ਭੋਲੇ-ਭਾਲੇ ਲੋਕਾਂ ਨੂੰ ਡੌਂਕੀ ਰਾਹੀਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗਣ ਵਾਲੇ ਦੋ ਠੱਗ ਟ੍ਰੈਵਲ ਏਜੰਟਾਂ ਨੂੰ ਇਕ ਹੋਟਲ ਦੇ ਕਮਰੇ ‘ਚੋਂ ਕਾਬੂ ਕਰ ਕੇ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਏਡੀਸੀਪੀ ਅਦਿੱਤਿਆ ਕੁਮਾਰ ਨੇ ਦੱਸਿਆ ਕਿ ਥਾਣਾ ਬਾਰਾਦਰੀ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਇਤਲਾਹ ਮਿਲੀ ਸੀ ਕਿ ਥਾਣੇ ਦੀ ਹੱਦ ‘ਚ ਪੈਂਦੇ ਇਕ ਹੋਟਲ ਦੇ ਕਮਰੇ ‘ਚ ਬੈਠ ਕੇ ਕੁਝ ਟ੍ਰੈਵਲ ਏਜੰਟ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰ ਰਹੇ ਹਨ। ਕਾਰਵਾਈ ਕਰਦਿਆਂ ਏਸੀਪੀ ਸੈਂਟਰਲ ਨਿਰਮਲ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਰਵਿੰਦਰ ਕੁਮਾਰ ਨੇ ਪੁਲਿਸ ਸਮੇਤ ਪੁਲਿਸ ਲਾਈਨ ਦੇ ਸਾਹਮਣੇ ਸਥਿਤ ਇਕ ਹੋਟਲ ਦੇ ਕਮਰੇ ‘ਚ ਛਾਪੇਮਾਰੀ ਕਰਕੇ ਦੋ ਠੱਗ ਟ੍ਰੈਵਲ ਏਜੰਟਾਂ ਵਿਸ਼ਾਲ ਵਾਸੀ ਪਿੰਡ ਜਗੁੜਾ ਟਾਂਡਾ ਹੁਸ਼ਿਆਰਪੁਰ ਤੇ ਕਰਨਬੀਰ ਸਿੰਘ ਬਾਬਾ ਦੀਪ ਸਿੰਘ ਨਗਰ ਜਲੰਧਰ ਨੂੰ ਕਾਬੂ ਕਰ ਕੇ 38 ਲੱਖ 86 ਹਜ਼ਾਰ 400 ਰੁਪਏ ਦੀ ਨਕਦੀ ਬਰਾਮਦ ਕਰ ਲਈ।