
ਸੋਮਵਾਰ ਨੂੰ ਗੰਜਮ ਵਿੱਚ ਇੱਕ OSRTC ਬੱਸ ਅਤੇ ਇੱਕ ਨਿੱਜੀ ਬੱਸ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਦੌਰਾਨ 11 ਯਾਤਰੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 20 ਹੋਰ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਦਰਦਨਾਕ ਸੜਕ ਹਾਦਸਾ ਗੰਜਮ ਜ਼ਿਲ੍ਹੇ ਦੇ ਦਿਗਾਪਹਾਂਡੀ ਨੇੜੇ ਵਾਪਰਿਆ ਹੈ। ਓਡੀਸ਼ਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬੱਸ ਅਤੇ ਪ੍ਰਾਈਵੇਟ ਬੱਸ ਦੇ ਸਾਰੇ ਯਾਤਰੀਆਂ ਨੂੰ ਬਰਹਮਪੁਰ ਦੇ ਐਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।
ਜ਼ਿਲ੍ਹਾ ਪੱਧਰੀ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਹਾਦਸੇ ਵਾਲੀ ਥਾਂ ‘ਤੇ ਐਂਬੂਲੈਂਸਾਂ ਪਹੁੰਚਾਈਆਂ ਗਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਦਿੱਤੀ ਗਈ। ਖੂਨ ਨਾਲ ਲੱਥਪੱਥ ਗੰਭੀਰ ਜ਼ਖਮੀ ਵਿਅਕਤੀਆਂ ਦੀਆਂ ਚੀਕਾਂ ਤੋਂ ਬਾਅਦ ਮੌਕੇ ‘ਤੇ ਦਰਦਨਾਕ ਦ੍ਰਿਸ਼ ਦੇਖਣ ਨੂੰ ਮਿਲਿਆ। ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅੱਜ ਤੜਕੇ ਯਾਤਰੀ ਸੁੱਤੇ ਹੋਏ ਸਨ।
ਜਾਣਕਾਰੀ ਮੁਤਾਬਕ OSRTC ਬੱਸ ਰਾਏਗੜਾ ਤੋਂ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਜਾ ਰਹੀ ਸੀ। ਰਾਜ ਦੇ ਬਰਹਮਪੁਰ ਖੇਤਰ ਦੇ ਖੰਡਦੇਉਲੀ ਪਿੰਡ ਤੋਂ ਵਾਪਸ ਆ ਰਹੀ ਪ੍ਰਾਈਵੇਟ ਬੱਸ ਵਿੱਚ ਇੱਕ ਵਿਆਹ ਪਾਰਟੀ ਸਵਾਰ ਸੀ। ਮ੍ਰਿਤਕ ਯਾਤਰੀ ਨਿੱਜੀ ਬੱਸ ‘ਚ ਸਫਰ ਕਰ ਰਹੇ ਸਨ, ਜੋ ਇਸ ਹਾਦਸੇ ‘ਚ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਹਨ।