ਧਰਮ ਦੀ ਰਾਨਜੀਤੀ ਸਮਾਜਿਕ ਅਸਾਵਾਂਪਨ ਪੈਦਾ ਕਰਦੀ ਹੈ
ਜਸਬੀਰ ਸਿੰਘ ਪੱਟੀ 9356024684
ਭਾਰਤ ਵਿੱਚ ਧਾਰਮਿਕਤਾ ਦਾ ਕਾਫੀ ਬੋਲਬਾਲਾ ਹੈ ਤੇ ਇੰਜ ਲੱਗਦਾ ਹੈ ਕਿ ਜਿਵੇਂ ਰੱਬ ਭਾਰਤ ਵਿੱਚ ਹੀ ਵੱਸਦਾ ਹੋਵੇ।ਰੱਬ ਨੂੰ ਕਿਸੇ ਨੇ ਅੱਲਾ , ਕਿਸੇ ਨੇ ਪ੍ਰਮਾਤਮਾ, ਕਿਸੇ ਨੇ ਪ੍ਰਭੂ, ਕਿਸੇ ਨੇ ਈਸ਼ਵਰ ਤੇ ਕਿਸੇ ਨੇ ਦੇਵੀ ਦੇਵਤਿਆ ਦਾ ਰੂਪ ਹੀ ਮੰਨ ਲਿਆ ਹੈ। ਸਿਆਸੀ ਪਾਰਟੀਆਂ ਦਾ ਨੈਤਿਕ ਫਰਜ਼ ਹੁੰਦਾ ਹੈ ਕਿ ਉਹ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਲੈ ਕੇ ਆਉਣ ਪਰ ਇਥੇ ਤਾਂ ਜਿਹੜੇ ਵਿਿਗਆਨ ਦੀ ਗੱਲ ਕਰਦੇ ਸਨ ਅੱਜ ਉਹ ਵੀ ਧਰਮ ਦੇ ਨਾਮ ‘ਤੇ ਸਿਆਸਤ ਕਰਨ ਲੱਗ ਪਏ ਹਨ।ਰਾਜਨੀਤੀ ਵਿੱਚ ਰੱਬ,ਈਸ਼ਵਰ ਤੇ ਦੇਵੀ ਦੇਵਤਿਆ ਦੇ ਵੱਧਦੇ ਪ੍ਰਭਾਵ ਤੋਂ ਇੰਜ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿਆਸਤ ਪੂਰੀ ਤਰ੍ਹਾਂ ਧਰਮ ਆਧਾਰਤ ਹੋ ਜਾਵੇਗੀ ਜਦ ਕਿ ਭਾਰਤ ਦੇ ਸੰਵਿਧਾਨ ਦੀ ਆਤਮਾ ਧਰਮ ਨਿਰਪੱਖ ਦੀ ਨਿਸ਼ਾਨਦੇਹੀ ਕਰਦੀ ਹੈ।
ਰਾਜਨੀਤੀ ਵਿੱਚ ਦੇਵੀ ਦੇਵਤਿਆਂ ਦਾ ਜ਼ਿਕਰ ਜਿਸ ਤਰ੍ਹਾਂ ਲਗਾਤਾਰ ਵੱਧਦਾ ਜਾ ਰਿਹਾ ਉਹ ਧਰਮ ਨਿਰਪੱਖਤਾ ਤੇ ਪ੍ਰਸ਼ਨ ਚਿੰਨ੍ਹ ਜ਼ਰੂਰ ਲਗਾਉਦਾ ਹੈ।ਭਾਰਤ ਦੇ ਚੋਣ ਕਮਿਸ਼ਨ ਨੇ ਭਾਂਵੇ ਸਾਰੀਆਂ ਸਿਆਸੀ ਪਾਰਟੀਆਂ ਕੋਲੋ ਧਰਮ ਨਿਰਪੱਖ ਹੋਣ ਦਾ ਹਲਫੀਆਂ ਬਿਆਨ ਲਿਆ ਹੋਇਆ ਪਰ ਸੱਚਾਈ ਇਹ ਹੈ ਕਿ ਸਿਆਸੀ ਪਾਰਟੀਆ ਧਰਮ ਦੀ ਛੱਤਰੀ ਹੇਠ ਹੀ ਚੋਣਾਂ ਲੜਦੀਆਂ ਹਨ ਤੇ ਚੋਣ ਕਮਿਸ਼ਨ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ। ਮੇਘਾਲਿਆ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਭਾਜਪਾ ਦੇ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ਸਿਆਸੀ ਸਟੇਜ ਤੋਂ ਧਰਮ ਦੀ ਗੱਲ ਨਾ ਕੀਤੀ ਜਾਵੇ ਜਦ ਕਿ ਭਾਜਪਾ ਚੋਣ ਲੜਦੀ ਤੇ ਜਿੱਤਦੀ ਹੀ ਧਰਮ ਦਾ ਨਾਮ’ਤੇ ਹਨ।
ਭਾਜਪਾ ਨੇ ਰਾਮ ਮੰਦਰ ਦੇ ਨਾਮ ‘ਤੇ ਦੇਸ਼ ਦੇ ਬਹੁ ਗਿਣਤੀ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਕਿਹਾ ਕਿ ਜੇਕਰ ਭਾਜਪਾ ਸੱਤਾ ਵਿੱਚ ਆਉਦੀ ਹੈ ਤਾਂ ਰਾਮ ਮੰਦਰ ਦੀ ਉਸਾਰੀ ਕੀਤੀ ਜਾਵੇਗੀ। ਲੋਕ ਗੁੰਮਰਾਹ ਹੋਏ ਤੇ ਉਹਨਾਂ ਨੇ ਘੱਟ ਗਿਣਤੀ ਦਾ ਧਾਰਮਿਕ ਅਸਥਾਨ ਢਾਹ ਕੇ ਉਥੇ ਮੰਦਰ ਦੀ ਉਸਾਰੀ ਦਾ ਕਾਰਜ ਆਰੰਭ ਕਰ ਦਿੱਤਾ ਜੋ ਕਿ ਭਾਰਤੀ ਸੰਵਿਧਾਨ ਦੀ ਸਿੱਧੇ ਤੌਰ ‘ਤੇ ਉਲੰਘਣਾ ਹੈ।
ਦੇਸ਼ ਵਿੱਚ ਵਿਿਗਆਨਕ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਤੇ ਗੁਜਰਾਤ ਦੀ ਵਿਧਾਨ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੋ ਕਿ ਆਈ ਟੀ ਖੇਤਰ ਵਿੱਚੋਂ ਆਏ ਨੇ ਆਮ ਆਦਮੀ ਪਾਰਟੀ ਦੀ ਰੂਹ ਨਾਲ ਉਸ ਵੇਲੇ ਖਿਲਵਾੜ ਕੀਤਾ ਜਦੋਂ ਇਹ ਕਹਿ ਦਿੱਤਾ ਕਿ ਭਾਰਤ ਦਾ ਕਰਜ਼ਾ ਬਹੁਤ ਜ਼ਿਆਦਾ ਚੜ੍ਹ ਗਿਆ ਹੈ ਜਿਸ ਨੂੰ ਉਤਾਰਨ ਦਾ ਇੱਕੋ ਹੀ ਰਸਤ ਬਚਿਆ ਹੈ ਕਿ ਭਾਰਤੀ ਕਰੰਸੀ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਦੇ ਨਾਲ ਨਾਲ ਗਣੇਸ਼ ਤੇ ਮਾਂ ਲਕਸ਼ਮੀ ਦੀ ਤਸਵੀਰ ਲਗਾਈ ਜਾਵੇ।ਬਹੁਤ ਸਾਰੇ ਲੋਕਾਂ ਨੇ ਕੇਜਰੀਵਾਲ ਦੇ ਇਸ ਬਿਆਨ ਦਾ ਕੜਾ ਨੋਟਿਸ ਲੈਦਿਆਂ ਸ਼ੋਸ਼ਲ ਮੀਡੀਆਂ ‘ਤੇ ਕਾਫੀ ਟਰੋਲੰਿਗ ਕੀਤੀ ਜਿਸ ਦਾ ਕੇਜਰੀਵਾਲ ਕੋਲ ਕੋਈ ਜਵਾਬ ਨਹੀ ਸੀ ਤੇ ਨਾ ਹੀ ਉਸ ਨੇ ਕਿਸੇ ਦਾ ਜਵਾਬ ਦਿੱਤਾ। ਕੇਜਰੀਵਾਲ ਵੱਲੋਂ ਵੀ ਧਰਮ ਦਾ ਪੱਤਾ ਖੇਡਣਾ ਭਾਂਵੇ ਕੋਈ ਬੁਰਾਈ ਨਹੀ ਹੈ ਪਰ ਉਹਨਾਂ ਦੀ ਛਵੀ ਨੂੰ ਨੁਕਸਾਨ ਜ਼ਰੂਰ ਪੁੱਜਾ ਰਿਹਾ ਹੈ।ਜਿਸ ਤਰੀਕੇ ਨਾਲ ਸਿਆਸੀ ਪਾਰਟੀਆਂ ਨੇ ਧਾਰਮਿਕਤਾ ਦਾ ਬੁਰਕਾ ਪਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਉਸ ਨੇ ਭਾਰਤ ਦੀ ਧਰਮ ਨਿਰਪੱਖਤਾ ਤੇ ਲੋਕਤੰਤਰ ਨੂੰ ਨੁਕਸਾਨ ਹੀ ਨਹੀਂ ਪਹੁੰਚਾਇਆ ਸਗੋਂ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ।ਕੇਜਰੀਵਾਲ ਦਾ ਧਰਮ ਦਾ ਸਿੱਕਾ ਸ਼ਾਇਦ ਨਾ ਚੱਲ ਸਕੇ ਕਿਉਕਿ ਹਿੰਦੂ ਧਰਮ ਨੂੰ ਲੈ ਕੇ ਇਸ ਵੇਲੇ ਭਾਜਪਾ ਦਾ “ਏਕਾਧਿਕਾਰ” ਬਣਿਆ ਹੋਇਆ ਹੈ।
ਵੈਸੇ ਵੀ ਦੁਨੀਆਂ ਵਿੱਚ ਭਾਰਤ ਹੀ ਇੱਕ ਅਜਿਹਾ ਦੁਰਲੱਭ ਦੇਸ਼ ਹੈ ਜੋ ਕੰਮ ਕਿਸੇ ਵੀ ਦੇਸ਼ ਵਿੱਚ ਨਾ ਹੁੰਦਾ ਹੋਵੇ ਉਹ ਭਾਰਤ ਵਿੱਚ ਹੋ ਜਾਂਦਾ ਹੈ।ਇਥੇ ਰੱਬ ਦੇ ਵੱਖ ਵੱਖ ਸਰੂਪਾਂ ਦਾ ਸਹਾਰਾ ਲੈ ਕੇ ਲੋਕਾਂ ਨੂੰ ਆਪਣੇ ਨਾਲ ਜੋੜਣ ਦਾ ਚਲਨ ਆਮ ਜਿਹੀ ਗੱਲ ਹੈ।ਆਮ ਆਦਮੀ ਪਾਰਟੀ ਸ਼ਹੀਦਾਂ ਦਾ ਨਾਮ ਲੈ ਕੇ ਹੋਂਦ ਵਿੱਚ ਆਈ ਸੀ ਤੇ ਵਿਸ਼ੇਸ਼ ਕਰਕੇ ਸ਼ਹੀਦ ਭਗਤ ਸਿੰਘ ਦੇ ਕੇਸਰੀ ਰੰਗ ਵਾਲੀ ਦਸਤਾਰ ਬੰਨ ਕੇ ਜਾਂ ਟੋਪੀ ਪਾ ਕੇ ਆਈ ਤੇ ਹਰ ਰੈਲੀ ਵਿੱਚ “ਮੇਰਾ ਰੰਗ ਤੇ ਬਸੰਤੀ ਚੋਲਾ” ਦੇ ਗਾਣੇ ਵੱਜਦੇ ਅਕਸਰ ਹੀ ਸੁਣੇ ਜਾਂਦੇ ਸਨ। 16 ਮਾਰਚ 2022 ਨੂੰ ਜਦੋਂ ਭਗਵੰਤ ਮਾਨ ਨੇ ਬਤੌਰ ਮੁੱਖ ਮੰਤਰੀ ਸਹੁੰ ਚੁੱਕਣੀ ਸੀ ਤਾਂ ਇਥੋਂ ਤੱਕ ਧਰਮ ਨਿਰਪੱਖਤਾ ਦਾ ਡਰਾਮਾ ਕੀਤਾ ਗਿਆ ਸੀ ਕਿ ਤੇ ਬਸੰਤੀ ਰੰਗ ਦੀਆਂ ਪੱਗਾਂ ਬੰਨ ਕੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਵਿਖੇ ਸਹੁੰ ਚੁੱਕੀ ਗਈ ਸੀ।ਸਰਕਾਰੀ ਦਫਤਰਾਂ ਵਿੱਚੋ ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਉਤਾਰ ਕੇ ਇੱਕ ਪਾਸੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਉ ਅੰਬੇਦਕਾਰ ਤੇ ਦੂਸਰੇ ਪਾਸੇ ਉਸ ਭਗਤ ਸਿੰਘ ਦੀ ਤਸਵੀਰ ਲਗਾਈ ਸੀ ਜਿਸ ਨੇ ਆਪਣੀ ਸਵੈ ਜੀਵਨੀ ਵਿੱਚ ਲਿਿਖਆ ਸੀ ਕਿ “ਮੈਂ ਨਾਸਤਕ ਕਿਉ ਬਣਿਆ।”ਹੁਣ ਜਦੋਂ ਕੇਜਰੀਵਾਲ ਨੂੰ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਤੋਂ ਲਾਂਭੇ ਜਾ ਕੇ ਧਾਰਮਿਕ ਗਲਿਆਰਿਆ ਅੰਦਰ ਵੇਖਦੇ ਹਾਂ ਤਾਂ ਲੋਕਾਂ ਲਈ ਫੈਸਲਾ ਲੈਣਾ ਮੁਸ਼ਕਲ ਹੋ ਰਿਹਾ ਹੈ ਕਿ ਉਹੋ ਹੀ ਕੇਜਰੀਵਾਲ ਹੈ ਜਿਹੜਾ ਧਾਰਮਿਕਤਾ ਨੂੰ ਦਰ ਕਿਨਾਰ ਕਰਕੇ ਇਨਕਲਾਬੀ ਰਸਤਾ ਅਪਨਾਉਣ ਦੀਆਂ ਬਾਤਾਂ ਪਾਉਦਾ ਸੀ।ਗੁਜਰਾਤ ਦੀ ਚੋਣ ਤੋਂ ਬਾਅਦ ਕੇਜਰੀਵਾਲ ਨੇ ਇਨਕਲਾਬੀ ਪਹਿਰਾਵਾ ਉਤਾਰ ਕੇ ਗੁਰੂਆਂ ਵਾਲਾ ਚੋਲਾ ਪਹਿਨਣ ਦਾ ਫੈਸਲਾ ਕਰ ਲਿਆ ਹੈ।ਵੈਸੈ ਤਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਆਪਣੇ ਚਿਹਰਿਆਂ ਉਪਰ ਵੱਖ ਵੱਖ ਮਖੋਟੇ ਪਾ ਰੱਖੇ ਹਨ ਪਰ ਕੇਜਰੀਵਾਲ ਕੋਲੋ ਅਜਿਹੀ ਆਸ ਨਹੀਂ ਸੀ। ਪੰਜਾਬ ਵਿੱਚ ਉਸ ਦੀ ਜਿੱਤ ਦਾ ਕਾਰਨ ਵੀ ਇਹ ਹੀ ਸੀ ਕਿ ਉਹ ਬਾਕੀਆਂ ਤੋਂ ਹੱਟ ਕੇ ਇਨਕਲਾਬੀ ਗੱਲਾਂ ਕਰਦੇ ਸਨ।
ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਤੋ ਬਾਅਦ ਕੇਦਾਰ ਨਾਥ ਦੇ ਮੰਦਰ ਵਿੱਚ ਬੈਠ ਕੇ ਭਗਤੀ ਕੀਤੀ ਤੇ ਧਾਰਮਿਕ ਯਾਤਰਾਵਾਂ ਕੀਤੀਆਂ ਇਸ ਦਾ ਕਾਰਨ ਸਿਰਫ ਧਾਰਮਿਕ ਹੀ ਨਹੀਂ ਸਗੋਂ ਲੋਕਾਂ ਨੂੰ ਭਰਮਾਉਣ ਦਾ ਵੀ ਬੜਾ ਵੱਡਾ ਕਾਰਨ ਹੈ।ਮੋਦੀ ਸਾਹਿਬ ਲੋਕਾਂ ਦੀ ਨਬਜ਼ ਨੂੰ ਭਲੀਭਾਂਤ ਪਛਾਣਦੇ ਹਨ ਤੇ ਉਸ ਦਾ ਫਾਇਦਾ ਕਿਵੇਂ ਲੈਣਾ ਹੈ ਉਹ ਵੀ ਜਾਣਦੇ ਹਨ।
ਧਰਮ ਨਿਰਪੱਖਤਾਂ ਦੀ ਬਾਤ ਪਾਉਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਵੀ ਮੋਦੀ ਨਾਲੋ ਘੱਟ ਨਹੀ ਸਗੋਂ ਉਹਨਾਂ ਨੇ ਵੀ ਭਾਰਤ ਜੋੜੋ ਯਾਤਰਾ ਸਮੇਂ ਤੇ ਕਈ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦੇ ਨਾਲ ਨਾਲ ਜਨੇਉ ਪਾ ਕੇ ਅਪਣੇ ਆਪ ਨੂੰ ਹਿੰਦੂ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਵੀ ਕੀਤੀ।ਧਰਮ ਨਾਲ ਲੋਕ ਭਾਵਨਾਵਾਂ ਨਾਲ ਜੁੜਦੇ ਹਨ ਤੇ ਧਰਮ ਇੱਕ ਜੀਵਨ ਜਾਂਚ ਹੈ ਜਿਹੜਾ ਇਨਸਾਨੀਅਤ ਦੀ ਭਲਾਈ ਦਾ ਪਾਠ ਹੀ ਪੜਾਉਦਾ ਹੈ।
ਧਰਮ ਦਾ ਰੰਗ ਤਾਂ ਸਾਡੀਆਂ ਅਦਾਲਤਾਂ ‘ਤੇ ਵੀ ਬਾਖੂਬੀ ਚੜਿਆ ਹੋਇਆ ਹੈ।ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗਗੋਈ ਨੇ ਰਾਮ ਮੰਦਰ ਦਾ ਫੈਸਲਾ ਸਿਰਫ ਇਸ ਕਰਕੇ ਇੱਕ ਵਿਸ਼ੇਸ਼ ਧਿਰ ਦੇ ਹੱਕ ਵਿਚ ਸੁਣਾ ਦਿੱਤਾ ਕਿਉਕਿ ਉਸ ਨੇ ਰਾਤ ਸੁਫਨੇ ਵਿੱਚ ਕਾਲੇ ਬਾਂਦਰ ਦੇ ਦਰਸ਼ਨ ਕੀਤੇ ਸਨ ਤੇ ਕਾਲਾ ਬਾਂਦਰ ਹਿੰਦੂ ਧਰਮ ਵਿੱਚ ਪੂਜਾ ਦਾ ਪਾਤਰ ਹੈ। ਹਿੰਦੂ ਧਰਮ ਵਿੱਚ ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਦਾ ਪੁਜਾਰੀ ਹੈ ਤੇ ਲਾਰੈਂਸ ਬਿਸ਼ਨੋਈ ਇਸੇ ਕਰਕੇ ਸਲਮਾਨ ਦੇ ਪਿੱਛੇ ਪਿਆ ਸੀ ਕਿਉਕਿ ਉਸ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ।ਕੇਜਰੀਵਾਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਭਾਜਪਾ ਸੁਪਰੀਮ ਕੋਰਟ ਕੋਲੋ ਆਪਣੇ ਹੱਕ ਵਿੱਚ ਫੈਸਲੇ ਕਰਵਾ ਸਕਦੀ ਹੈ ਉਹ ਧਰਮ ਦੇ ਖੇਤਰ ਵਿੱਚ ਕੇਜਰੀਵਾਲ ਦੇ ਪੈਰ ਨਹੀਂ ਲੱਗਣ ਦੇਵੇਗੀ।ਹਾਂ! ਕੇਜਰੀਵਾਲ ਇਹ ਵੀ ਸਮਝਦੇ ਹਨ ਕਿ ਪੰਜਾਬ ਤੋਂ ਬਾਹਰ ਸ਼ਹੀਦ ਭਗਤ ਸਿੰਘ ਦਾ ਇਨਕਲਾਬੀ ਨਾਅਰਾ ਸੁਨਣ ਵਾਲੇ ਬਹੁਤ ਘੱਟ ਲੋਕ ਹਨ, ਇਸੇ ਲਈ ਉਹਨਾਂ ਨੇ ਗੁਜਰਾਤ ਚੋਣਾਂ ਵਿੱਚ ਭਾਜਪਾ ਨੂੰ ਉਸੇ ਹੀ ਭਾਸ਼ਾ ਵਿੱਚ ਜਵਾਬ ਦੇਣ ਦਾ ਫੈਸਲਾ ਕੀਤਾ ਸੀ ਪਰ ਫਿਰ ਵੀ ਵੋਟਰ ਮਹਾਰਾਜ ਕੋਲੋ ਖੈਰ ਨਾ ਪਈ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹਸ਼ਰ ਗੁਜਰਾਤ ਵਿੱਚ ਹੋਇਆ ਉਸ ਤੋਂ ਸਾਰੀ ਦੁਨੀਆਂ ਵਾਕਿਫ ਹੈ।
ਕੇਜਰੀਵਾਲ ਤੇ ਉਸਦੀ ਜਥੇਬੰਦੀ ਆਮ ਆਦਮੀ ਪਾਰਟੀ ਕੋਲੋ ਦੇਸ਼ ਵਾਸੀਆ ਨੂੰ ਬੜੀਆ ਆਸਾਂ ਬੱਝੀਆਂ ਸਨ ਕਿ ਉਹ ਦਿੱਲੀ ਐਸਟੇਟ ਵਰਗਾ ਹਰ ਜਗ੍ਹਾ ਰਾਜ ਸਥਾਪਤ ਕਰੇਗੀ ਤੇ ਲੋਕਾਂ ਦੇ ਦਿਲਾਂ ਦੀ ਧੜਕਣ ਬਣੇਗੀ ਪਰ ਅਫਸੋੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਮਾਜ ਸੈਵੀ ਅਖਵਾਉਦੇ ਅੰਨਾ ਹਜਾਰੇ ਦੇ ਅੰਦੋਲਨ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਜੇਕਰ ਵਫਾ ਦੀਆਂ ਕਸਮਾਂ ਖਾ ਕੇ ਆਪਣਾ ਵੱਖਰ ਮੰਚ ਸੱਤਾ ਦੀ ਪ੍ਰਾਪਤੀ ਦਾ ਹੀ ਸਥਾਪਤ ਕਰਦੀ ਹੈ ਤਾਂ ਫਿਰ ਉਸ ਦਾ ਮੁੱਖੀ ਹਿੰਦੂ ਧਰਮ ਹੀ ਨਹੀਂ ਸਗੋ ਸੱਤਾ ਦੀ ਪ੍ਰਾਪਤੀ ਲਈ ਦੁਨੀਆਂ ਦੇ ਕਿਸੇ ਵੀ ਧਰਮ ਦਾ ਲਿਬਾਸ ਪਹਿਨ ਸਕਦਾ ਹੈ।
ਕੇਜਰੀਵਾਲ ਦੀ ਇਸ ਬਹੂਰੂਪਰੀਏ ਵਾਲੀ ਨਵੀ ਸੋਚ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਿਆਸਤ ‘ਤੇ ਇਸ ਦਾ ਕੀ ਪ੍ਰਭਾਵ ਹੈਦਾ ਹੈ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁਪਿਆ ਹੈ ਪਰ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ‘ਆਕਾ’ ਦੇ ਪੂਰਣਿਆ ਤੇ ਚੱਲਦੇ ਹੋਏ ਆਪਣੀ ਧਾਰਮਿਕ ਕਾਰਜਸ਼ੈਲੀ ਵਿੱਚ ਤਬਦੀਲੀ ਲਿਆਉਦੇ ਹਨ ਜਾਂ ਫਿਰ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਸ਼ਹੀਦ ਭਗਤ ਸਿੰਘ ਦੁਆਰਾ ਇਨਕਲਾਬੀ ਧਾਰਣਾ ਨੂੰ ਅਪਨਾਉਦੇ ਹਨ। ਪੰਜਾਬ ਵਿੱਚ ਇਸ ਵੇਲੇ ਤਿੰਨ ਮੁੱਖ ਮੰਤਰੀ ਹਨ।ਦਿੱਲੀ ਤੋਂ ਮੁੱਖ ਚੀਫ ਮੰਤਰੀ, ਚੰਡੀਗੜ ਦੀ 50 ਨੰਬਰ ਕੋਠੀ ਤੋਂ ਸੁਪਰ ਮੁੱਖ ਮੰਤਰੀ ਤੇ ਤੀਜੇ ਹਨ ਪੰਜਾਬ ਦੇ ਨਾਮ ਧਰੀਕ ਮੁੱਖ ਮੰਤਰੀ ਸਰਕਾਰ ਚਲਾ ਰਹੇ ਹਨ।ਅਜਿਹੀ ਸਥਿਤੀ ਵਿੱਚ ਜਨਤਾ ਜਨਾਰਦਨ ਖੁਦ ਹੀ ਅੰਦਾਜਾ ਲਗਾ ਸਕਦੀ ਹੈ ਕਿ ਪੰਜਾਬ ਤੇ ਪੰਜਾਬ ਵਾਸੀਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ।
ਪੰਜਾਬ ਦੇ ਲੋਕ ਕੀ ਕੇਜਰੀਵਾਲ ਦੀ ਵਿਚਾਰਧਾਰਾ ਨਾਲ ਚੱਲਣਗੇ , ਜਾਂ ਫਿਰ ਗੁਰੂਆਂ, ਪੀਰਾਂ , ਪੈਗੰਬਰਾਂ, ਰਿਸ਼ੀਆਂ ਮੁਨੀਆ ਯੋਧਿਆ, ਜਰਨੈਲਾਂ ਤੇ ਭਗਤਾਂ ਦੁਆਰਾ ਪਾਏ ਪੂਰਣਿਆ ‘ਤੇ ਚੱਲ ਕੇ ਪੰਜਾਬ ਨੂੰ ਹੁਸੀਨ ਤੇ ਰੰਗਲਾ ਬਣਾਉਣਗੇ।ਵੈਸੈ ਸਿਆਸੀ ਲੀਡਰਾਂ ਨਾਲ ਤੁਰਨਾ ਬੜਾ ਮੁਸ਼ਕਲ ਹੁੰਦਾ ਹੈ ਕਿਉਕਿ ਉਹਨਾਂ ਬਾਰੇ ਕੋਈ ਪਤਾ ਨਹੀਂ ਹੁੰਦਾ ਕਿ ਆਪਣੇ ਫਾਇਦੇ ਲਈ ਕਦੋਂ ਕਿਸ ਪਾਸੇ ਵੱਲ ਕੂਹਣੀ ਮੋੜ ਕੱਟ ਜਾਣ।ਗੰਦਲੀ , ਗੈਰ ਵਿਚਾਰਧਾਰਕ ਤੇ ਗੈਰ ਮਿਆਰੀ ਸਿਆਸਤ ਵਿੱਚ ਲੀਡਰਾਂ ਦਾ ਪਤਾ ਨਹੀ ਕਿ ਜਿਸ ਲੀਡਰ ਨੂੰ ਸਵੇਰੇ ਸਿਆਸੀ ਗਾਲਾਂ ਕੱਢਦੇ ਹਨ ਸ਼ਾਮ ਨੂੰ ਉੁਸੇ ਨਾਲ ਹੀ ਜੋਟੋ ਪਾ ਲੈਣ। ਭਾਰਤੀ ਸਿਆਸਤ ਵਿੱਚ ਜਿਥੇ ਧਰਮ ਦੀ ਰਾਜਨੀਤੀ ਸਮਾਜ ਵਿੱਚ ਅਸਾਵਾਂਪਨ ਪੈਦਾ ਕਰਦੀ ਹੈ ਉਥੇ ਗੈਰ ਮਿਆਰੀ ਸਿਆਸਤ ਸਿਰਫ ਸੱਤਾ ਦੀ ਕੁਰਸੀ ਤੱਕ ਪੁੱਜਣ ਦਾ ਵਲ ਹੀ ਸਿਖਾਉਦੀ ਹੈ, ਲੋਕ ਸੇਵਾ ਤਾਂ ਹਰ ਜਗ੍ਹਾ ਤੋ ਪਰ ਲਗਾ ਕੇ ਉੱਡ ਚੁੱਕੀ ਹੈ। ਰੱਬ ਖੇਰ ਕਰੇ!