ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ। ਇਸੇ ਨੂੰ ਲੈ ਕੇ ਪਟਿਆਲਾ ਮਿਨੀ ਸਕੱਤਰ ਸਾਹਮਣੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਕੱਤਰ ਦੇ ਅੰਦਰ ਜਾਣ ਦੇ ਮੁੱਖ ਗੇਟ ਬੰਦ ਕੀਤੇ ਜਾ ਚੁੱਕੇ ਹਨ ਅਤੇ ਬਾਹਰ ਪੁਲਿਸ ਦਾ ਸਖਤ ਪਹਿਰਾ ਜਾਰੀ ਹੈ। ਵੱਖ-ਵੱਖ ਪਾਰਟੀਆਂ ਦੇ ਵੱਡੀ ਗਿਣਤੀ ‘ਚ ਉਮੀਦਵਾਰ ਅਤੇ ਸਮਰਥਕ ਗੇਟ ‘ਤੇ ਇਕੱਤਰ ਹੋ ਰਹੇ ਹਨ। ਇਸ ਦੌਰਾਨ ਭੀੜ ਭੜੱਕੇ ਵਿੱਚ ਪੁਲਿਸ ਵੱਲੋਂ ਡਾਂਗ ਵੀ ਚਲਾਈ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਵਾਰਡ 34 ਤੋਂ ਉਮੀਦਵਾਰ ਸੁਸ਼ੀਲ ਨਾਯਰ ਤੇ ਵਾਰਡ 46 ਉਮੀਦਵਾਰ ਵਰੁਣ ਜਿੰਦਲ ‘ਤੇ ਇਲਜ਼ਾਮ ਲਗਾਇਆ ਕਿ ਪੁਲਿਸ ਵੱਲੋਂ ਕਾਗਜ਼ ਦਾਖਲ ਕਰਨ ਤੋਂ ਰੋਕਣ ਲਈ ਜਾਣ ਬੁੱਝ ਕੇ ਦਰਵਾਜ਼ੇ ਬੰਦ ਕੀਤੇ ਗਏ ਹਨ ਅਤੇ ਸਿਰਫ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਜਦੋਂ ਕਿ ਬਾਕੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਉੱਪਰ ਡਾਂਗ ਵਰਾਈ ਜਾ ਰਹੀ ਹੈ। ਸੁਸ਼ੀਲ ਨਾਯਰ ਨੇ ਕਿਹਾ ਕਿ ਉਹ ਸਵੇਰ ਤੋਂ ਕਾਗਜ਼ ਦਾਖਲ ਕਰਵਾਉਣ ਲਈ ਗੇਟ ‘ਤੇ ਉਡੀਕ ਕਰ ਰਹੇ ਹਨ ਅਤੇ ਦਰਵਾਜ਼ੇ ‘ਤੇ ਹੀ ਖੜੇ ਹਨ। ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਨਾਲ ਧੱਕਾ ਮੁੱਕੀ ਕਰਦਿਆਂ ਹੱਥੋ ਪਾਈ ਵੀ ਕੀਤੀ ਗਈ ਹੈ। ਕਾਗਜ਼ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੱਸਿਆ ਕਿ ਭਾਜਪਾ ਦੇ ਇੱਕ ਹੋਰ ਉਮੀਦਵਾਰ ਨੂੰ ਪੁਲਿਸ ਗੇਟ ਤੋਂ ਹੀ ਚੁੱਕ ਕੇ ਲੈ ਗਈ ਹੈ ਅਤੇ ਧੱਕਾ ਲਗਾਤਾਰ ਜਾਰੀ ਹੈ