ਭਾਰਤੀ ਕਿਸਾਨ ਯੂਨੀਅਨ ਚੜੂਨੀ ਤੋਂ ਵੱਖ ਹੋ ਕੇ ਬਣਾਈ ਨਵੀਂ ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਦਾ ਲੁਧਿਆਣਾ ਜਲੰਧਰ ਬਾਈਪਾਸ ਦਾਣਾ ਮੰਡੀ ਵਿੱਚ ਆਗਾਜ਼ ਹੋਇਆ। ਨਵੀਂ ਬਣੀ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣ, ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ।
ਨਵੀਂ ਯੂਨੀਅਨ ਦੇ ਆਗਾਜ਼ ਮੌਕੇ ਮਹਾਪੰਚਾਇਤ ਵੀ ਕੀਤੀ ਗਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀ ਜੱਥੇਬੰਦੀ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਹੋਰ ਕਈ ਯੂਨੀਅਨ ਦੇ ਮੈਬਰਾਂ ਨੇ ਸ਼ਿਰਕਤ ਕੀਤੀ। ਇਸ ਮਹਾਪੰਚਾਇਤ ਵਿੱਚ 13 ਫਰਵਰੀ ਨੂੰ ਦਿੱਲੀ ਜਾਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਦੇਸ਼ ਦੀ ਸਰਕਾਰ ਤੋਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ, ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮਾਫੀ, ਬੇਰੁਜ਼ਗਾਰੀ ਅਤੇ ਕੇਂਦਰ ਵੱਲੋਂ ਜਿਹੜਾ ਡਰਾਈਵਰਾਂ ਲਈ ਹਿੱਟ ਐਂਡ ਰਨ ਕਾਨੂੰਨ ਬਣਾਇਆ ਇਹ ਮੁੱਦੇ ਅਹਿਮ ਰਹਿਣਗੇ।
ਨਵੀਂ ਯੂਨੀਅਨ ਦੇ ਆਗਾਜ਼ ਤੇ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਵਈ ਪਹੁੰਚੇ ਐਸਕੇਐਮ ਨਾਲ ਜੁੜੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ 2020 ਦਿੱਲੀ ਵਿੱਚ ਜੋ ਕਿਸਾਨ ਮੋਰਚਾ ਲਗਾਇਆ ਗਿਆ ਸੀ।
ਉਸ ਸਮੇਂ ਅੰਦੋਲਨ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ ਸੀ ਪਰ ਮੰਗਾਂ ਨੂੰ ਅਜੇ ਤੱਕ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਹੈ। ਇਸ ਦੇ ਰੋਸ ਵਜੋਂ ਕਿਸਾਨਾਂ ਨੇ ਮੁੜ ਅੰਦੋਲਨ ਦਾ ਬਿਗੁਲ ਵਜਾ ਦਿੱਤਾ ਹੈ। ਉਨ੍ਹਾਂ ਨੂੰ ਲੈ ਕੇ ਹੁਣ ਵੱਡੇ ਪੱਧਰ ਉਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਪੰਚਾਇਤ ਕਰਕੇ ਸੱਦਾ ਗਿਆ ਸੀ। ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵੱਡਾ ਮੋਰਚਾ ਲਗਾਉਣਗੇ।