
ਜਲੰਧਰ ਬਸਤੀ ਗੁਜ਼ਾਂ ਦੇ ਮੇਨ ਬਾਜ਼ਾਰ ਵਿਚ ਸੋਮਵਾਰ ਸਵੇਰੇ ਹੋਏ ਦੁਕਾਨਦਾਰ ਦੇ ਕਤਲ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ ।ਮੁਲਜ਼ਮ ਵੱਲੋਂ ਨਸ਼ੇ ਦੀ ਪੂਰਤੀ ਲਈ ਲੁੱਟ ਕੀਤੀ ਸੀ ਪਰ ਆਪਣੀ ਪਹਿਚਾਣ ਹੋਣ ਕਾਰਨ ਉਸ ਨੇ ਦੁਕਾਨਦਾਰ ਦਾ ਕਤਲ ਕਰ ਦਿੱਤਾ ਕਿਉਂਕਿ ਮੁਲਜ਼ਮ ਪਿਛਲੇ ਸੱਤ ਸਾਲ ਤੋਂ ਇਲਾਕੇ ਵਿਚ ਰਹਿ ਰਿਹਾ ਸੀ।ਡੀ ਸੀ ਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੋਮਵਾਰ ਸਵੇਰੇ ਬਸਤੀ ਗੁਜ਼ਾਂ ਦੇ ਮੇਨ ਬਜਾਰ ਵਿੱਚ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਵਿਅਕਤੀ ਪਰਮਜੀਤ ਅਰੋੜਾ ਦਾ ਕਤਲ ਕਰਕੇ ਉਥੋਂ 8 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਇੱਕ ਨੌਜਵਾਨ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਤੇ ਏਸੀਪੀ ਪਰਮਜੀਤ ਸਿੰਘ, ਏਸੀਪੀ ਗਗਨਦੀਪ ਸਿੰਘ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ,ਐਂਟੀਨਾਰਕੋਟਿਕ ਸੈੱਲ ਦੇ ਇੰਚਾਰਜ ਰਾਜੇਸ਼ ਸ਼ਰਮਾ ਅਤੇ ਥਾਣਾ ਬਸਤੀ ਬਾਵਾ ਦੇ ਇੰਚਾਰਜ ਕਮਲਜੀਤ ਸਿੰਘ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕੀਤਾ ਗਿਆ।
ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਹ ਪਿਛਲੇ 7 ਸਾਲ ਤੇ ਬਸਤੀ-ਗੁਜ਼ਾਂ ਵਿੱਚ ਇੱਕ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ ਜਿਸ ਕਾਰਨ ਉਸ ਨੂੰ ਇਸ ਦੁਕਾਨਦਾਰ ਬਾਰੇ ਸਭ ਕੁਝ ਪਤਾ ਸੀ। ਉਸ ਨੇ ਇਸ ਦੁਕਾਨ ਤੇ ਸਿਰਫ ਨਸ਼ੇ ਦੀ ਪੂਰਤੀ ਵਾਸਤੇ ਲੁੱਟ ਕੀਤੀ ਸੀ। ਦੁਕਾਨਦਾਰ ਨੇ ਉਸ ਨੂੰ ਪਛਾਣ ਨਾ ਲਿਆ ਹੋਵੇ ਇਸ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ।