ਇੱਥੇ ਨਸ਼ਾ ਤਸਕਰ ਬੇਖੌਫ਼ ਹੋ ਕੇ ਨਸ਼ਾ ਤਸਕਰੀ ਕਰ ਰਹੇ ਹਨ ਅਤੇ ਇਸ ਲਈ ਬਾਕਾਇਦਾ ਤੌਰ ‘ਤੇ ਸਰਕਾਰੀ ਇਮਾਰਤਾਂ ਉੱਪਰ ਨਸ਼ੇ ਮਿਲਣ ਵਾਲੀਆਂ ਥਾਵਾਂ ਬਾਰੇ ਲਿਖਿਆ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪਿਛਲੇ ਪਾਸੇ ਬਣੀ ਕਲੋਨੀ ਦੇ ਪਾਰਕ ਅਤੇ ਆਂਗਣਵਾੜੀ ਸੈਂਟਰ ਦੀਆਂ ਕੰਧਾਂ ‘ਤੇ ਨਸ਼ਾ ਮਿਲਣ ਵਾਲੀਆਂ ਥਾਵਾਂ ਬਾਰੇ ਲਿਖਿਆ ਗਿਆ ਹੈ।
ਬਾਜ਼ੀਗਰ ਬਸਤੀ ਵਿੱਚ ਨਸ਼ੇ ਦਾ ਸਭ ਤੋਂ ਵੱਧ ਪ੍ਰਭਾਵ ਹੈ ਅਤੇ ਇਸ ਕਲੋਨੀ ਦੇ ਲੋਕ ਕਈ ਵਾਰੀ ਰੋਸ ਮੁਜ਼ਾਹਰੇ ਵੀ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਇੱਥੇ ਨਸ਼ੇ ਦੀ ਵਿਕਰੀ ਘਟ ਨਹੀਂ ਰਹੀ। ਐੱਸਐੱਸਪੀ ਹਰਜੀਤ ਸਿੰਘ ਨੇ ਕਿਹਾ ਕਿ ਪਾਰਕ ਅਤੇ ਆਂਗਣਵਾੜੀ ਸੈਂਟਰ ਦੀ ਕੰਧ ‘ਤੇ ਕਿਸੇ ਸ਼ਰਾਰਤੀ ਨੇ ਚਿੱਟਾ ਮਿਲਣ ਵਾਲੀਆਂ ਥਾਵਾਂ ਦੇ ਵੇਰਵੇ ਲਿਖੇ ਹੋਏ ਸਨ ਅਤੇ ਉੱਥੋਂ ਨਸ਼ਾ ਖਰੀਦਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਮਗਰੋਂ ਇਹ ਸ਼ਰਾਰਤ ਜਾਪਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਸਰਕਾਰੀ ਇਮਾਰਤਾਂ ਦੀਆਂ ਕੰਧਾਂ ‘ਤੇ ਨਸ਼ਿਆਂ ਦੀ ਕੀਤੀ ਇਸ਼ਤਿਹਾਰਬਾਜ਼ੀ ਨੂੰ ਮਿਟਾ ਦਿੱਤਾ ਹੈ। ਕੰਧਾਂ ‘ਤੇ ਇਸ਼ਤਿਹਾਰਬਾਜ਼ੀ ਪੱਕੇ ਲਾਲ ਰੰਗ ਨਾਲ ਕੀਤੀ ਗਈ ਸੀ।