canada, usa ukWorld

ਨਿਊਜ਼ੀਲੈਂਡ ਦੀ ਜੰਮਪਲ ਇਕ ਅੰਗਰੇਜ ਬੀਬੀ ਮਾਣ ਨਾਲ ਕਹਾਉਂਦੀ ਹੈ ਜਸਨੂਰ ਕੌਰ ਖਾਲਸਾ, ਪੜ੍ਹੋ ਰੋਂਗਟੇ ਖੜ੍ਹੇ ਕਰਨ ਵਾਲੀ ਕਹਾਣੀ

ਨਿਊਜ਼ੀਲੈਂਡ ਦੀ ਜੰਮਪਲ ਅਤੇ ਪੱਛਮੀ ਸਭਿਆਚਾਰ ਵਾਲੀ ਜੀਵਨ ਸ਼ੈਲੀ ਦੀ ਮੈਰੇਡਿਥ ਸਟੀਵਰਟ ਨਾਂਅ ਦੀ ਇਹ ਮਹਿਲਾ ਆਪਣੇ ਸਿੱਖੀ ਜੀਵਨ ਦੀ ਆਰੰਭਤਾ ਦਾ ਇਸ ਤਰ੍ਹਾਂ ਬਿਆਨ ਕਰਦੀ ਹੈ ਕਿ ਕਿਵੇਂ ਰਾਜ ਪੰਛੀ ਬਾਜ਼ ਨੇ ਝਲਕਾਰਾ ਵਿਖਾਇਆ ਅਤੇ ਕਿਸੇ ਸਰੋਵਰ ਦੇ ਕੰਢੇ ਸੰਗਮਰ ਉਤੇ ਤੁਰਦੇ ਉਸਦੇ ਪੈਰ ਕਿਸੀ ਜਹਾਨੋਂ ਵੱਖਰੇ ਅਸਥਾਨ ਦਾ ਖਾਕਾ ਚਿਤਰ ਗਏ ਅਤੇ ਜੀਵਨ ਬਦਲ ਗਿਆ। ਮੈਰੇਡਿਥ ਮਾਣ ਨਾਲ ਹੁਣ ਆਪਣਾ ਜਸਨੂਰ ਕੌਰ ਖਾਲਸਾ ਦੱਸਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਮੌਕੇ ਉਸਨੇ ਅੰਮ੍ਰਿਤਪਾਨ ਕੀਤਾ। ਜਸਨੂਰ ਕੌਰ ਆਪਣੀ ਕਹਾਣੀ ਇੰਝ ਲਿਖਦੀ ਹੈ:-

”ਨਿਊਜ਼ੀਲੈਂਡ ਵਿਚ ਪਲਦਿਆਂ ਤੇ ਵੱਡੇ ਹੁੰਦਿਆ ਪੰਛੀ (ਫਾਲਕਨ) ਬਾਜ਼ ਮੇਰੇ ਲਈ ਹਮੇਸ਼ਾ ਮਹੱਤਵਪੂਰਨ ਰਿਹਾ ਹੈ। 2012 ਵਿੱਚ ਮੈਂ ਘਰ ਦੇ ਵਿਹੜੇ ਵਿਚ ਧਿਆਨ ਚਿੱਤ (ਮੈਡੀਟੇਸ਼ਨ) ਪ੍ਰਾਰਥਨਾ ਕਰ ਰਹੀ ਸੀ। ਇੱਕ ਬਾਜ਼ ਮੇਰੇ ਘਰ ਦੇ ਬਾਗ ਵਿੱਚ ਉੱਡ ਕੇ ਆਇਆ ਜੋ ਕਿ ਇੱਕ ਆਮ ਘਟਨਾ ਨਹੀਂ ਸੀ, ਕਿਉਂਕਿ ਮੈਂ ਸ਼ਹਿਰ ਵਿੱਚ ਰਹਿੰਦੀ ਹਾਂ। ਮੈਂ ਉਸ ਪਲ ਵਿੱਚ ਸਥਿਰ ਹੋ ਗਈ ਸੀ ਕਿਉਂਕਿ ਉਹ ਕਾਫੀ ਲੰਬਾ ਸਮਾਂ ਮੇਰੇ ਉੱਪਰ ਚੱਕਰ ਲਗਾਉਂਦਾ ਰਿਹਾ। ਮੈਂ ਉਸ ਦੀਆਂ ਸੁੰਦਰ ਅੱਖਾਂ ਵਿੱਚ ਦੇਖ ਸਕਦੀ ਸੀ, ਕਿਉਂਕਿ ਉਹ ਬਹੁਤ ਨੇੜੇ ਉੱਡ ਰਿਹਾ ਸੀ। ਮੈਂ ਮਹਿਸੂਸ ਕੀਤਾ ਕਿ ਜਿਵੇਂ ਮੇਰਾ ਸਾਰਾ ਤਣਾਅ ਤੇ ਚਿੰਤਾ ਮੁੱਕ ਜਿਹੀ ਗਈ ਹੋਵੇ ਅਤੇ ਮੇਰੇ ਕਿਸੇ ਮਨ ਦੇ ਕੋਨੇ ਵਿਚ ਸੀ ਕਿ ਇੱਕ ਬਾਜ਼ ਮੇਰੀ ਜ਼ਿੰਦਗੀ ਦੇ ਸਫ਼ਰ ਵਿੱਚ ਹੋਰ ਵੀ ਢੁਕਵਾਂ ਬਣ ਸਕਦਾ ਹੈ। ਇੱਕ ਸਾਲ ਬਾਅਦ ਮੈਨੂੰ ਅਚਨਚੇਤ ਸੁਪਨੇ ਦੇ ਵਿਚ ਬਾਜ਼ ਦੇ ਦਰਸ਼ਨਾਂ ਦੀ ਬਖਸ਼ਿਸ਼ ਹੋਈ ਅਤੇ ਫਿਰ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਾਜ਼ ਦੀ ਮਹੱਤਤਾ ਦਾ ਕਿਤਿਉਂ ਪਤਾ ਲੱਗਾ। ਮੈਂ ਨਿਊਜ਼ੀਲੈਂਡ ਦੀ ਇੱਕ ਪੱਛਮੀ ਔਰਤ ਹਾਂ। 2013 ਵਿੱਚ ਗੁਰੂ ਜੀ ਨੇ ਮੇਰੇ ਜੀਵਨ ਵਿੱਚ ਪ੍ਰਵੇਸ਼ ਕਰਨ ਦੀ ਬਖਸ਼ਿਸ਼ ਕੀਤੀ ਸੀ। ਮੇਰੀ ਕਹਾਣੀ ਬਹੁਤ ਨਿੱਜੀ ਹੈ, ਮੈਂ ਇਸਨੂੰ ਸਾਂਝਾ ਨਾ ਕਰਨ ਦੀ ਚੋਣ ਕੀਤੀ ਸੀ, (ਕਿਉਂਕਿ ਮੈਨੂੰ ਡਰ ਸੀ ਕਿ ਇਸ ਨੂੰ ਹਉਮੈ ਵਜੋਂ ਦੇਖਿਆ ਜਾ ਸਕਦਾ ਹੈ) ਜਦੋਂ ਮੈਂ 2018 ਵਿੱਚ ਅਨੰਦਪੁਰ ਸਾਹਿਬ ਵਿਖੇ ਇੱਕ ਨਿਹੰਗ ਸਿੰਘ ਨੂੰ ਮਿਲੀ ਤਾਂ ਉਸਨੇ ਮੈਨੂੰ ਸਮਝਾਇਆ ਕਿ ਮੇਰੀ ਸਿੱਖੀ ਜੀਵਨ ਦੀ ਯਾਤਰਾ ਇੱਕ ਤੋਹਫ਼ਾ ਹੈ ਜੋ ਕਿ ਗੁਰੂ ਦੀ ਬਖਸ਼ਿਸ਼ ਨਾਲ ਹੋ ਰਹੀ ਹੈ।

2013 ਤੋਂ ਪਹਿਲਾਂ ਮੈਂ ਕਦੇ ਸਿੱਖ ਧਰਮ, ਗੁਰੂਆਂ ਬਾਰੇ, ਸ੍ਰੀ ਹਰਿਮੰਦਰ ਸਾਹਿਬ ਜਾਂ ਅਸਲ ਵਿੱਚ ਪੰਜਾਬ ਬਾਰੇ ਵੀ ਨਹੀਂ ਸੁਣਿਆ ਸੀ। ਮੈਂ ਐਂਗਲੀਕਨ (ਈਸਾਈ ਧਰਮ ਦਾ ਇਕ ਵਰਗ) ਵਿੱਚ ਵੱਡੀ ਹੋਈ, ਹਾਲਾਂਕਿ ਮੇਰਾ ਪਰਿਵਾਰ ਇੰਨਾ ਧਾਰਮਿਕ ਨਹੀਂ ਸੀ, ਪਰ ਰੱਬ ਵਿੱਚ ਮੇਰਾ ਨਿੱਜੀ ਵਿਸ਼ਵਾਸ ਕੁਝ ਅਜਿਹਾ ਹੈ ਜੋ ਮੇਰੇ ਲਈ ਮਹੱਤਵਪੂਰਨ ਹੋ ਗਿਆ। ਮੈਨੂੰ ਸਮਾਂ ਕੱਢ ਕੇ ਪ੍ਰਮਾਤਮਾ ਨਾਲ ਇੱਕ-ਮਿੱਕ ਹੋਣ, ਤਾਰਿਆਂ ਦੇ ਹੇਠਾਂ ਪ੍ਰਾਰਥਨਾ ਅਤੇ ਸਿਮਰਨ ਕਰਨਾ ਪਸੰਦ ਹੈ। 2013 ਵਿੱਚ ਮੈਡੀਟੇਸ਼ਨ (ਧਿਆਨਚਿੱਤ ਕਰਦਿਆਂ) ਕਰਦਿਆਂ ਮੈਂ ਆਪਣੇ ਪੈਰਾਂ ਨੂੰ ਚਿੱਟੇ ਸੰਗਮਰਮਰ ‘ਤੇ ਤੁਰਦੇ ਹੋਏ ਮਹਿਸੂਸ ਕੀਤਾ, ਜਿਥੇ ਵੱਖ-ਵੱਖ ਥਾਵਾਂ ‘ਤੇ ਇੱਕ ਪੈਟਰਨ (ਇਕੋ ਜਿਹੇ ਨਮੂਨੇ) ਸੀ, ਮੇਰੇ ਲਾਗੇ ਇੱਕ ਵਿਸ਼ਾਲ ਸਰੋਵਰ ਸੀ। ਮੈਂ ਮਨਮੋਹਕ ਸਾਜ਼ਾਂ ਉਤੇ ਗਾਇਆ ਜਾ ਰਿਹਾ ਸੰਗੀਤ ਸੁਣ ਸਕਦੀ ਸੀ, ਇਸ ਨੇ ਮੇਰਾ ਦਿਲ ਪਿਆਰ ਨਾਲ ਭਰ ਦਿੱਤਾ। ਉਥੇ ਦਸਤਾਰਧਾਰੀ ਲੋਕ ਮੈਨੂੰ ਸਤਿਕਾਰਤ ਤਰੀਕੇ ਨਾਲ ਉਤਸ਼ਾਹਿਤ ਕਰ ਰਹੇ ਸਨ। ਅਜਿਹੇ ਦ੍ਰਿਸ਼ ਵੇਖ ਸ਼ੁਰੂ ਵਿਚ ਮੈਂ ਡਰ ਗਈ ਸੀ ਅਤੇ ਧਿਆਨਚਿੱਤ ਬੰਦ ਕਰਨ ਦਾ ਸੋਚਿਆ ਸੀ। ਫਿਰ ਹਰ ਵਾਰ ਜਦੋਂ ਮੈਂ ਸਿਮਰਨ ਕੀਤਾ ਤਾਂ ਅਜਿਹਾ ਹੀ ਦ੍ਰਿਸ਼ ਆਉਂਦਾ ਰਿਹਾ। ਇੱਕ ਦਿਨ ਮੈਂ ਸਥਾਨਕ ਸੁਪਰਮਾਰਕੀਟ ਵਿੱਚ ਗਈ ਸੀ ਅਤੇ ਇੱਕ ਸਟਾਫ ਮੈਂਬਰ ਨਾਲ ਗੱਲ ਕਰਨ ਲੱਗੀ ਜਿਸਨੇ ਮੈਨੂੰ ਦੱਸਿਆ ਕਿ ਉਹ ਪੰਜਾਬ, ਅੰਮ੍ਰਿਤਸਰ ਤੋਂ ਹੈ, ਉਸਨੇ ਮੈਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਇੱਕ ਫੋਟੋ ਦਿਖਾਈ। ਮੈਨੂੰ ਯਾਦ ਹੈ ਕਿ ਮੈਂ ਫੋਟੋ ਨੂੰ ਦੇਖ ਰਹੀ ਸੀ ਅਤੇ ਭਾਵਨਾਵਾਂ ਨਾਲ ਭਰੀ ਹੋਈ ਸੀ ਜੋ ਸ਼ਬਦਾਂ ਨਾਲ ਬਿਆਨ ਨਹੀਂ ਹੋ ਸਕਦੀਆਂ, ਸਾਰਾ ਸੰਸਾਰ ਰੁਕ ਗਿਆ, ਕੋਈ ਆਵਾਜ਼ ਨਹੀਂ ਸੀ ਅਤੇ ਮੇਰੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰ ਗਈਆਂ ਸਨ, ਖੁਸ਼ੀ ਇਵੇਂ ਸੀ ਜਿਵੇਂ ਮੈਨੂੰ ਘਰ ਦਾ ਪਤਾ ਮਿਲ ਗਿਆ ਹੋਵੇ।
ਮੇਰੀ ਜ਼ਿੰਦਗੀ ਬਦਲਣ ਦਾ ਸਫ਼ਰ ਸ਼ੁਰੂ ਹੋ ਗਿਆ ਸੀ। ਇਸ ਯਾਤਰਾ ਵਿਚ ਬਹੁਚ ਚੁਣੌਤੀਆਂ ਆਈਆਂ, ਕਈ ਵਾਰ ਅਲੱਗ-ਥਲੱਗ ਮਹਿਸੂਸ ਕਰਦੀ ਰਹੀ, ਹੁਣ ਮੈਂ ਦੋ ਸੰਸਾਰਾਂ ਵਿੱਚ ਚੱਲ ਰਹੀ ਸੀ – ਮੇਰੀ ਸਿੱਖ ਧਰਮ ਪ੍ਰਤੀ ਯਾਤਰਾ ਵਿੱਚ ਵਧ ਰਹੀ ਸੀ ਅਤੇ ਨਾਲ ਹੀ ਪੱਛਮੀ ਸਭਿਆਚਾਰ ਦੀੇ ਸੰਸਾਰ ਵਿੱਚ ਸਮਾਈ ਰਹਿਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰੇ ਜੱਦੀ ਸ਼ਹਿਰ ਗਿਸਬੌਰਨ ਵਿੱਚ ਕੋਈ ਗੁਰਦੁਆਰਾ ਨਹੀਂ ਹੈ, ਹਾਲਾਂਕਿ ਮੈਨੂੰ ਹਮੇਸ਼ਾ ਲੋਕਾਂ ਦੀ ਬਖਸ਼ਿਸ਼ ਮਿਲੀ ਹੈ ਜੋ ਮੈਨੂੰ ਸਿੱਖਣ ਵਿੱਚ ਮਦਦ ਕਰਦੇ ਹਨ ਅਤੇ ਮੈਨੂੰ ਮਾਰਗ ਦਰਸ਼ਨ ਦਿੰਦੇ ਹਨ। ਮੈਨੂੰ 2014 ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਭੇਟ ਕੀਤਾ ਗਿਆ ਸੀ ਅਤੇ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਬੈਠ ਕੇ ਪੜ੍ਹਨਾ ਸ਼ੁਰੂ ਕੀਤਾ ਸੀ ਤਾਂ ਮੈਂ ਇਸ ਦੀ ਰੂਹਾਨੀ ਸੁੰਦਰਤਾ ਤੋਂ ਪ੍ਰਭਾਵਿਤ ਹੋਈ ਸੀ ਅਤੇ ਇਹ ਮੇਰੇ ਅੰਦਰ ਕਿਵੇਂ ਗੂੰਜਿਆ ਸੀ। ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥ ਪ੍ਰਭੂ ਦਇਆ ਤੇ ਕਮਲ ਬਿਗਾਸੁ ॥ ਅਰਥ ਕਿ ਵਾਹਿਗੁਰੂ ਦੀ ਕਿਰਪਾ ਨਾਲ ਬ੍ਰਹਮ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਵਾਹਿਗੁਰੂ ਦੀ ਕਿਰਪਾ ਨਾਲ ਹਿਰਦੇ ਦਾ ਕਮਲ ਖਿੜਦਾ ਹੈ।


ਮੇਰੀ ਭਾਰਤ ਦੀ ਪਹਿਲੀ ਯਾਤਰਾ 2016 ਵਿੱਚ ਹੋਈ ਸੀ। ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵੇਖਿਆ ਜਿਥੇ ਮੈਂ ਮੱਥਾ ਟੇਕਣ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਭਾਰਤ ਆਉਣ ਤੋਂ ਪਹਿਲਾਂ, ਮੈਂ ਬਹੁਤ ਸਾਰਾ ਇਤਿਹਾਸ ਪੜਿ੍ਹ੍ਹਆ ਸੀ, ਮੇਰੇ ਲਈ ਇੱਥੇ ਪਹਿਲਾਂ ਮੱਥਾ ਟੇਕਣਾ ਮੇਰੀ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਸੀ। 2018 ਦੀ ਯਾਤਰਾ ਦੌਰਾਨ ਮੈਂ ਗੁਰਦੁਆਰਾ ਸ੍ਰੀ ਨਾਨਕ ਦੇਵ ਜੀ ਮੱਟਨ ਸਾਹਿਬ (ਸ੍ਰੀ ਨਗਰ) ਵਿਖੇ ਮੱਥਾ ਟੇਕਦੇ ਹੋਏ ਕਸ਼ਮੀਰ ਦੀ ਯਾਤਰਾ ਕੀਤੀ। ਮੈਂ ਆਪਣੇ ਪਿਆਰੇ ਗੁਰੂ ਦੇ ਇਤਿਹਾਸ ਨੂੰ ਆਪਣੀਆਂ ਅੱਖਾਂ ਨਾਲ ਅਨੁਭਵ ਕਰਨ ਅਤੇ ਮਹਿਸੂਸ ਕਰਨ ਲਈ, ਆਪਣੇ ਪੈਰਾਂ ਨੂੰ ਤੁਰਨ ਲਈ, ਉਹਨਾਂ ਦੀ ਊਰਜਾ ਨੂੰ ਮਹਿਸੂਸ ਕਰਨ ਲਈ, ਮਾਤ ਭੂਮੀ ਉਤੇ ਸਥਿੱਤ ਗੁਰਦੁਆਰਾ ਸਾਹਿਬਾਨ ਵਿਖੇ ਜਾਣ ਨੂੰ ਆਪਣੀ ਸਿੱਖਿਆ ਦਾ ਇੱਕ ਅਹਿਮ ਹਿੱਸਾ ਮੰਨ ਲਿਆ। ਮਨ ਵਿਚ ਉਤਸ਼ਾਹ ਕਿ ਸੇਵਾ ਕਰੋ ਅਤੇ ਉਹਨਾਂ ਦੀਆਂ ਕੁਰਬਾਨੀਆਂ ਲਈ ਸ਼ੁਕਰਗੁਜ਼ਾਰ ਹੋ ਕੇ ਮੱਥਾ ਟੇਕੋ। ਇਸ ਦੌਰਾਨ ਮੈਂ ਕੋਲਕਾਤਾ, ਉੜੀਸਾ, ਰਾਜਸਥਾਨ, ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦਾ ਦੌਰਾ ਵੀ ਕੀਤਾ।
ਮੈਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੀ। ਬੈਰਾਗ (ਭਗਤੀ) ਅਤੇ ਸ਼ੁਕਰਾਨਾ ਕਰਨ ਦੇ ਅਹਿਸਾਸ ਨੇ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਹੁਣ ਕਾਬੂ ਕਰ ਲਿਆ ਸੀ ਕਿਉਂਕਿ ਮੇਰੇ ਪੈਰ ਉਸ ਸੰਗਮਰਮਰ ‘ਤੇ ਚੱਲ ਰਹੇ ਸਨ ਜੋ ਮੈਂ 3 ਸਾਲ ਪਹਿਲਾਂ ਆਪਣੇ ਅਨੁਭਵੀ ਦਰਸ਼ਨ ਵਿੱਚ ਵੇਖੇ ਸਨ। ਕੀਰਤਨ ਸੁਣ ਕੇ ਮੇਰੀਆਂ ਅੱਖਾਂ ਵਿਚ ਹੰਝੂ ਵਹਿ ਤੁਰੇ (ਅੱਜ ਵੀ ਵਹਿੰਦੇ ਹਨ)। ਮੈਂ ਆਖਰਕਾਰ ਉਸ ਘਰ ਆ ਗਈ ਸੀ, ਜਿਸ ਦੇ ਦਰਸ਼ਨ ਮੈਨੂੰ ਪ੍ਰਮਾਤਮਾ ਨੇ ਫੁਰਨਾ ਸਿਰਜ ਕੇ ਕਰਵਾਏ ਸਨ। ਜਦੋਂ ਨਿਊਜ਼ੀਲੈਂਡ ਪਰਤਣ ਦਾ ਸਮਾਂ ਆਇਆ ਤਾਂ ਮੈਂ ਭਾਰੀ ਦਿਲ ਨਾਲ ਉਥੋਂ ਆ ਤਾਂ ਗਈ ਪਰ ਹਰ ਰੋਜ਼ ਰੂਹ ਨੂੰ ਵਾਪਸ ਉਥੇ ਲਿਜਾਣਾ ਪਿਆ।
ਮੈਂ 2018 ਵਿੱਚ ਕਸ਼ਮੀਰ, ਅਨੰਦਪੁਰ ਸਾਹਿਬ ਦੀ ਯਾਤਰਾ ਕਰਕੇ, ਬਹੁਤ ਸਾਰੇ ਗੁਰਦੁਆਰਿਆਂ ਵਿੱਚ ਜਾ ਕੇ ਅਤੇ ਸੇਵਾ ਕੀਤੀ। ਸ੍ਰੀ ਅਨੰਦਪੁਰ ਸਾਹਿਬ ਵਿਖੇ ਪੇਂਡੂ ਖੇਤਰਾਂ ‘ਚ ਸਕੂਲਾਂ ਲਈ ਮਾਤ ਭੂਮੀ ਨਿਊਜ਼ੀਲੈਂਡ ਤੋਂ ਪੈਸਾ ਇਕੱਠਾ ਕਰ ਕੇ ਵਾਪਸ ਪਰਤਣ ਦਾ ਸੁਭਾਗ ਪ੍ਰਾਪਤ ਹੋਇਆ। ਹਰ ਵਾਰ ਜਦੋਂ ਮੈਂ ਭਾਰਤ ਜਾਂਦੀ ਹਾਂ ਤਾਂ ਮੈਂ ਸੇਵਾ ਕਰਨਾ, ਸਕੂਲਾਂ ਦਾ ਦੌਰਾ ਕਰਨਾ ਅਤੇ ਦਾਨ ਕਰਨਾ ਚੁਣਦੀ ਹਾਂ। ਮੈਂ ਭਾਰਤ ਵਿਚ ਵੱਡੀ ਨਹੀਂ ਹੋਈ ਪਰ ਮੈਂ ਬੱਚਿਆਂ, ਪਰਿਵਾਰਾਂ, ਉਹਨਾਂ ਦੇ ਸਮਾਜ ਅਤੇ ਸਮਾਜ ਦੀਆਂ ਲੋੜਾਂ ਬਾਰੇ ਸਿੱਖਣ ਦੀ ਮਹੱਤਤਾ ਦੀ ਕਦਰ ਕਰਦੀ ਹਾਂ ਅਤੇ ਸਮਝਦੀ ਹਾਂ। ਇੱਕ ਪੇਸ਼ਾਕਾਰ ਛੋਟੇ ਬੱਚਿਆਂ ਦੀ ਸਕੂਲੀ ਅਧਿਆਪਕ ਦੇ ਰੂਪ ਵਿੱਚ, ਮੈਂ ਬੱਚਿਆਂ ਨੂੰ ਅਗਲੀ ਪੀੜ੍ਹੀ ਅਤੇ ਭਵਿੱਖ ਦੇ ਰੂਪ ਵਿੱਚ ਦੇਖਦੀ ਹਾਂ ਜਿਨ੍ਹਾਂ ਨੂੰ ਸਾਡੇ ਦੁਆਰਾ ਪਾਲਣ ਪੋਸ਼ਣ ਕਰਨ ਤੇ ਸਿਖਾਉਣ ਦੀ ਲੋੜ ਹੈ ਕਿਉਂਕਿ ਉਹ ਵੱਡੇ ਹੁੰਦੇ ਹਨ, ਸਿੱਖਦੇ ਹਨ ਅਤੇ ਖੋਜਦੇ ਹਨ ਕਿ ਉਹ ਕੌਣ ਹਨ। ਉਹਨਾਂ ਦੀ ਆਪਣੀ ਪਛਾਣ, ਬਦਲਦੀ ਦੁਨੀਆਂ ਵਿੱਚ ਉਹਨਾਂ ਦਾ ਸੱਭਿਆਚਾਰ, ਭਾਸ਼ਾ ਅਤੇ ਧਰਮ ਨੂੰ ਪ੍ਰਦਰਸ਼ਤਿ ਕਰਦੀ ਹੈ।
2019/2020 ਵਿੱਚ ਦੁਬਾਰਾ ਮੈਨੂੰ ਇਸ ਵਾਰ ਨਵੇਂ ਸਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਲਈ ਨਾਂਦੇੜ ਦੀ ਯਾਤਰਾ ਕਰਕੇ ਮਾਤ ਭੂਮੀ ਪਰਤਣ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਤੱਕ ਮੈਂ ਮਹਿਸੂਸ ਕਰਦੀ ਹਾਂ ਕਿ ਮੇਰਾ ਇੱਕ ਹਿੱਸਾ ਤਖ਼ਤ ਸੱਚਖੰਡ ਸਾਹਿਬ ਵਿਖੇ ਹੀ ਰਹਿ ਗਿਆ ਹੈ। ਮੈਨੂੰ ਹਜ਼ੂਰ ਅਬਚਲ ਨਗਰ ਸਾਹਿਬ ਛੱਡਣ ਦਾ ਸਮਾਂ ਆਇਆ ਤਾਂ ਮੈਂ ਉਦਾਸ ਹੋ ਗਈ।
ਹਰ ਵਾਰ ਜਦੋਂ ਮੈਂ ਭਾਰਤ ਜਾਂਦੀ ਸੀ ਤਾਂ ਮੈਂ ਅੰਮ੍ਰਿਤ ਛਕਣਾ ਚਾਹੁੰਦੀ ਸੀ। ਗੁਰੂ ਸਾਹਿਬ ਨੇ ਮੈਨੂੰ ਲੱਭ ਕੇ ਮੇਰੇ ਇਸ ਮੁਬਾਰਕ ਜੀਵਨ ਵਿਚ ਬਦਲਾਅ ਲਿਆਂਦਾ ਇਸ ਕਰਕੇ ਮੈਂ ਆਪਣੇ ਆਪ ਨੂੰ ਇਸ ਮਾਰਗ ‘ਤੇ ਰੱਖ ਕੇ ਗੁਰੂ ਸਾਹਿਬ ਨੂੰ ਆਪਣਾ ਜੀਵਨ ਵਾਪਸ ਦੇਣਾ ਚਾਹੁੰਦੀ ਸੀ। ‘ਗੁਰਾ ਇਕ ਦੇਹਿ ਬੁਝਾਈ’ ਦੇ ਕਥਨ ਅਨੁਸਾਰ ਮੇਰੀ ਸਮਝ ਕੁਝ ਪੈਣ ਲੱਗਾ ਤੇ ਮੇਰੇ ਗੁਰੂ ਨੇ ਮੈਨੂੰ ਪ੍ਰਕਾਸ਼ਮਾਨ ਕਰ ਦਿੱਤਾ। ਮੈਂ ਜਾਣਦੀ ਅਤੇ ਸਮਝਦੀ ਸੀ ਕਿ ਇਹ ਉਹ ਚੀਜ਼ ਨਹੀਂ ਹੈ ਜੋ ਤੁਸੀਂ ਆਪਣੇ ਜੀਵਨ ਵਿੱਚ ਤਬਦੀਲੀਆਂ ਤੋਂ ਬਿਨਾਂ ਕਰ ਸਕਦੇ ਹੋ ਅਤੇ ਇਹ ਵੀ ਸੀ ਕਿ ਗੁਰੂ ਹੀ ਫੈਸਲਾ ਕਰੇਗਾ ਕਿ ਮੈਂ ਕਦੋਂ ਇਸ ਲਈ ਤਿਆਰ ਹਾਂ-ਮੈਂ ਨਹੀਂ।
ਅੰਮ੍ਰਿਤ ਛਕਣ ਤੋਂ ਕੁਝ ਦਿਨ ਪਹਿਲਾਂ ਮੈਂ ਫਤਿਹਗੜ੍ਹ ਸਾਹਿਬ ਗੁਰਦੁਆਰੇ ਗਈ। ਇਹ ਜਨਵਰੀ 2020 ਵਿੱਚ ਇੱਕ ਠੰਡਾ ਦਿਨ ਸੀ ਜਦੋਂ ਮੈਂ ਠੰਡੇ ਬੁਰਜ਼ ਉਤੇ ਖੜੀ ਸੀ ਅਤੇ ਸੋਚ ਰਹੀ ਸੀ ਕਿ ਇੱਥੇ ਕੀ ਹੋਇਆ ਸੀ? ਉਸ ਵੇਲੇ ਇੱਕ ਤੂਫਾਨ ਜਿਹਾ ਆਇਆ। ਗਰਜ਼ ਅਤੇ ਆਕਾਸ਼ੀ ਬਿਜਲੀ ਦੇ ਨਾਲ ਜ਼ੋਰਦਾਰ ਮੀਂਹ ਪੈਣ ਲੱਗਾ। ਲੋਕ ਬੁਰਜ਼ ਤੋਂ ਵਾਪਿਸ ਆ ਕੇ ਸਿਰ ‘ਤੇ ਛੱਤ ਦਾ ਆਸਰਾ ਲੈਣ ਲਈ ਭੱਜੇ। ਮੈਂ ਇਹ ਸੋਚ ਰਹੀ ਸੀ ਕਿ ਸਾਲਾਂ ਪਹਿਲੀ ਸ਼ਹੀਦੀ ਸਾਕੇ ਵਾਲੇ ਸਮੇਂ ਕਿਹੋ ਜਿਹਾ ਹੋਇਆ ਹੋਵੇਗਾ। ਮੇਰੇ ਕੋਲ ਤਾਂ ਗਰਮ ਕੱਪੜੇ ਵੀ ਹਨ ਅਤੇ ਮੈਂ ਕਿਤੇ ਹੋਰ ਸ਼ਰਨ ਲੈਣ ਲਈ ਜਾ ਸਕਦੀ ਸੀ, ਪਰ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਇਹ ਨਹੀਂ ਕਰ ਸਕਦੇ ਸਨ ਅਤੇ ਕਿੰਨੀ ਬਹਾਦਰ ਤੇ ਵਿਸ਼ਵਾਸ ਨਾਲ ਉਹ ਉਥੇ ਰਹੇ ਹੋਣਗੇ, ਪ੍ਰਸੰਨ ਹਿਰਦੇ ਨਾਲ ਮਾਤਾ ਦੇ ਗਲੇ ਲੱਗ ਗਏ ਸਨ ਅਤੇ ਕਦੇ ਵੀ ਹਾਰ ਨਾ ਮੰਨਣ ਦੀ ਹਿੰਮਤ ਉਨ੍ਹਾਂ ਵਿਚ ਭਰੀ ਹੋਈ ਸੀ। ਮੈਂ ਪਲ ਭਰ ਲਈ ਗੁਰੂ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਅੱਖਾਂ ਖੋਲ੍ਹੀਆਂ। ਮੈਂ ਪ੍ਰਾਰਥਨਾ ਕੀਤੀ ਕਿ ਜੇਕਰ ਭਾਰਤ ਵਿੱਚ ਅੰਮ੍ਰਿਤ ਛਕਣ ਦਾ ਸਮਾਂ ਆਇਆ ਤਾਂ ਮੈਂ ਸਦਾ ਲਈ ਪੂਰੀ ਵਚਨਬੱਧਤਾ ਨਾਲ ਅੱਜ ਦੇ ਬੱਚਿਆਂ ਨੂੰ ਉਹਨਾਂ ਦੇ ਜੀਵਨ ਸਫ਼ਰ ਵਿੱਚ ਸਹਾਇਤਾ ਕਰਾਂਗੀ। 15 ਜਨਵਰੀ 2020 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੈਨੂੰ ਸਭ ਤੋਂ ਅਨਮੋਲ ਤੋਹਫ਼ਾ ਅੰਮ੍ਰਿਤ ਰੂਪ ਵਿਚ ਪ੍ਰਾਪਤ ਹੋਇਆ ਇਸੇ ਥਾਂ ਦੇ ਮੈਨੂੰ ਦਰਸ਼ਨ ਹੋਇਆ ਕਰਦੇ ਸਨ ਅਤੇ ਸਿੱਖੀ ਯਾਤਰਾ ਸ਼ੁਰੂ ਹੋਈ ਸੀ। ਸ਼ੁੱਕਰਾਨਾ ਵਰਣਨ ਕਰਨ ਲਈ ਮੇਰੇ ਕੋਲ ਸੰਪੂਰਨ ਸ਼ਬਦ ਨਹੀਂ ਹਨ ਕਿ ਮੈਂ ਇਸ ਜੀਵਨ ਪੰਧ ਉਤੇ ਚੱਲ ਕੇ ਹਰ ਦਿਨ ਕਿਵੇਂ ਮਹਿਸੂਸ ਕਰਦੀ ਹਾਂ। ਮੈਂ ਨਿਊਜ਼ੀਲੈਂਡ ਵਿੱਚ ਰਹਿ ਰਹੀ ਹਾਂ ਅਤੇ ਭਾਵੇਂ ਆਪਣੀ ਮਾਤ ਭੂਮੀ ਨੂੰ ਪਰਤਿਆਂ ਕਈ ਸਾਲ ਹੋ ਗਏ ਹਨ, ਪਰ ਮੈਂ ਹਰ ਰੋਜ਼ ਆਪਣੀ ਦਸਤਾਰ ਬੰਨ੍ਹਦੀ ਹਾਂ ਅਤੇ ਅੰਮ੍ਰਿਤ ਵੇਲੇ ਪ੍ਰਮਾਤਮਾ ਦੇ ਅਨੰਦਮਈ ਅਨੁਭਵ ਵਿੱਚ ਇਸ਼ਨਾਨ ਕਰਦੀ ਹਾਂ। ਮੈਂ ਕਦੇ ਵੀ ਇਕੱਲਤਾ ਮਹਿਸੂਸ ਨਹੀਂ ਕਰਦੀ ਅਤੇ ਜਾਣਦੀ ਹਾਂ ਕਿ ਗੁਰੂ ਹਰ ਪਲ ਮੇਰੇ ਨਾਲ ਹੈ, ਤੇ ਉਹ ਮੇਰੀ ਅਗਵਾਈ ਕਰਦੇ ਹਨ। ਮੈਨੂੰ ਅਜੇ ਵੀ ਬਹੁਤ ਕੁਝ ਸਿੱਖਣਾ ਬਾਕੀ ਹੈ ਜਿਵੇਂ ਪੰਜਾਬੀ ਬੋਲਣਾ, ਗੁਰਮੁਖੀ ਪੜ੍ਹਨਾ ਪਰ ਮੈਂ ਇਨ੍ਹਾਂ ਚੁਣੌਤੀਆਂ ਨੂੰ ਸਵੀਕਾਰ ਕਰਦੀ ਹਾਂ, ਕਿਉਂਕਿ ਇਹ ਇੱਕ ਅਨੰਦਮਈ ਜੀਵਨ ਲਈ ਪੌੜੀਆਂ ਹਨ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਗੁਰਬਾਣੀ ਪੜ੍ਹ ਸਕਦੇ ਹੋ ਪਰ ਇਹ ਤੁਹਾਡੇ ਦਿਲਾਂ ਵਿੱਚ ਉਤਰ ਜਾਵੇ ਤਾਂ ਤੁਸੀਂ ਸਮਝ ਵੀ ਸਕਦੇ ਹੋ। ਮੇਰੇ ਲਈ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਸਮਾਉਣਾ ਅਤੇ ਸਮਝਣਾ ਬਹੁਤ ਮਹੱਤਵਪੂਰਨ ਹੈ।
ਮੈਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹੋਣਗੀਆਂ ਅਤੇ ਗੁਰੂ ਸਾਹਿਬ ਤੋਂ ਖਿਮਾਂ ਮੰਗੀ ਹੈੈ, ਕਿਉਂਕਿ ਇਹ ਮੇਰੇ ਲਈ ਜੀਵਨ ਦੇ ਸਬਕ ਸਨ ਜਿਨ੍ਹਾਂ ਤੋਂ ਸਿੱਖਣਾ ਹੈ ਤੇ ਅੱਗੇ ਵਧਣਾ ਹੈ, ਇਹ ਨਿਰਣਾ ਨਹੀਂ ਕਰਨਾ ਕਿ ਮੈਂ ਅੱਜ ਕੌਣ ਹਾਂ। ਮੈਂ ਹਰ ਸਕਿੰਟ ਨੂੰ ਗਲੇ ਲਗਾਉਣ, ਪਰਮਾਤਮਾ ਅਤੇ ਇਸ ਜੀਵਨ ਮਾਰਗ ‘ਤੇ ਭਰੋਸਾ ਕਰਦੇ ਹੋਏ ਪਲ ਪਲ ਜੀਉਣ ‘ਤੇ ਧਿਆਨ ਕੇਂਦਰਤ ਕਰਦੀ ਹਾਂ।

Related Articles

Leave a Reply

Your email address will not be published.

Back to top button