
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਲੋਨੀ ਡਿਪੂ ਦੀ ਇੱਕ ਰੋਡਵੇਜ਼ ਬੱਸ ਮੀਡੀਆ ਦੀਆਂ ਸੁਰਖੀਆਂ ਵਿੱਚ ਹੈ। ਇਸ ਬੱਸ ਦਾ ਡਰਾਈਵਰ ਵੇਦਕੁਮਾਰੀ ਹੈ, ਜਦਕਿ ਕੰਡਕਟਰ ਉਸ ਦਾ ਪਤੀ ਮੁਕੇਸ਼ ਪ੍ਰਜਾਪਤੀ ਹੈ। ਇਹ ਪਤੀ-ਪਤਨੀ ਦੀ ਜੋੜੀ ਯਾਤਰੀਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸੰਸਕ੍ਰਿਤ ਭਾਸ਼ਾ ਵਿੱਚ ਪੋਸਟ ਗ੍ਰੈਜੂਏਟ ਵੇਦਕੁਮਾਰੀ ਦਾ ਕਹਿਣਾ ਹੈ ਕਿ ਉਹ ਦਿੱਲੀ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੀ ਸੀ।
ਇਸ ਸਬੰਧੀ ਉਹ ਤਿਆਰੀਆਂ ਵੀ ਕਰ ਰਹੀ ਸੀ ਪਰ ਜਦੋਂ ਉਸ ਨੂੰ ਰੋਡਵੇਜ਼ ਦੀਆਂ ਬੱਸਾਂ ਵਿੱਚ ਮਹਿਲਾ ਡਰਾਈਵਰਾਂ ਦੀ ਭਰਤੀ ਬਾਰੇ ਪਤਾ ਲੱਗਾ ਤਾਂ ਉਸ ਨੇ ਅਪਲਾਈ ਕਰ ਦਿੱਤਾ। ਵੇਦਕੁਮਾਰੀ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਡਰਾਈਵਿੰਗ ਦੀ ਸਿਖਲਾਈ ਲਈ।
ਵੇਦਕੁਮਾਰੀ ਨੇ ਉੱਤਰ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ (UPSRTC) ਦੇ ਸਹਿਯੋਗ ਨਾਲ ਸਾਲ 2021 ਵਿੱਚ ਮਾਡਲ ਡਰਾਈਵਿੰਗ ਸਿਖਲਾਈ ਅਤੇ ਖੋਜ ਸੰਸਥਾਨ, ਕਾਨਪੁਰ ਤੋਂ ਭਾਰੀ ਵਾਹਨ ਚਲਾਉਣ ਦੀ ਸਿਖਲਾਈ ਲਈ ਸੀ। ਫਿਰ ਲੋਨੀ ਡਿਪੂ ਦੀ ਵਰਕਸ਼ਾਪ ਵਿੱਚ 10 ਮਹੀਨੇ ਦੀ ਸਿਖਲਾਈ ਲਈ। ਅਪ੍ਰੈਲ 2023 ਵਿੱਚ, ਵੇਦਕੁਮਾਰੀ ਕੌਸ਼ਾਂਬੀ ਡਿਪੂ ਤੋਂ ਪਹਿਲੀ ਵਾਰ ਰੋਡਵੇਜ਼ ਦੀ ਬੱਸ ਦੀ ਡਰਾਈਵਿੰਗ ਸੀਟ ‘ਤੇ ਬੈਠੀ। ਵੇਦਕੁਮਾਰੀ ਦਾ ਪਤੀ ਮੁਕੇਸ਼ ਪ੍ਰਜਾਪਤੀ ਇਸ ਬੱਸ ਦਾ ਕੰਡਕਟਰ ਹੈ।
ਵੇਦਕੁਮਾਰੀ ਦਾ ਬੇਟਾ ਸੂਰਿਆਕਾਂਤ 10ਵੀਂ ਜਮਾਤ ‘ਚ ਪੜ੍ਹਦਾ ਹੈ, ਜਦਕਿ ਬੇਟੀ ਭਾਵਿਕਾ ਕੇਜੀ ‘ਚ ਹੈ। ਜਦੋਂ ਵੇਦਕੁਮਾਰੀ ਅਤੇ ਮੁਕੇਸ਼ ਕੰਮ ‘ਤੇ ਚਲੇ ਜਾਂਦੇ ਹਨ, ਤਾਂ ਭਰਾ ਆਪਣੀ ਛੋਟੀ ਭੈਣ ਦੀ ਦੇਖਭਾਲ ਕਰਦਾ ਹੈ। ਵੇਦਕੁਮਾਰੀ ਅਜੇ ਠੇਕੇ ‘ਤੇ ਹੈ। ਸੀਐਮ ਯੋਗੀ ਦੀ ਕਾਰਜਸ਼ੈਲੀ ਦੀ ਪ੍ਰਸ਼ੰਸਕ ਵੇਦ ਕੁਮਾਰੀ ਚਾਹੁੰਦੀ ਹੈ ਕਿ ਸਰਕਾਰ ਉਨ੍ਹਾਂ ਨੂੰ ਪੱਕੇ ਕਰੇ ਅਤੇ ਉਨ੍ਹਾਂ ਦੀ ਤਨਖਾਹ ਵੀ ਵਧਾਵੇ।
ਵੇਦਕੁਮਾਰੀ ਅਤੇ ਮੁਕੇਸ਼ ਦਾ ਵਿਆਹ 17 ਸਾਲ ਪਹਿਲਾਂ ਹੋਇਆ ਸੀ। ਮੁਕੇਸ਼ ਨੇ ਆਪਣੀ ਪਤਨੀ ਨੂੰ ਡਰਾਈਵਿੰਗ ਸਿੱਖਣ ਲਈ ਪੂਰੀ ਤਰ੍ਹਾਂ ਉਤਸ਼ਾਹਿਤ ਕੀਤਾ। ਵੇਦਕੁਮਾਰੀ ਦਾ ਕਹਿਣਾ ਹੈ ਕਿ ਉਸ ਲਈ ਡਰਾਈਵਿੰਗ ਸਿੱਖਣਾ ਆਸਾਨ ਨਹੀਂ ਸੀ, ਪਰ ਉਸ ਦੇ ਪਤੀ ਅਤੇ ਸਹੁਰੇ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ। ਵੇਦਕੁਮਾਰੀ ਨੇ ਸਿਖਲਾਈ ਕੇਂਦਰ ਦੇ ਟ੍ਰੇਨਰਾਂ ਦੀ ਵੀ ਸ਼ਲਾਘਾ ਕੀਤੀ