
ਬਠਿੰਡਾ ਦੀ ਰਾਇਲ ਐਨਕਲੇਵ ਕਾਲੋਨੀ ਦੀ ਇਕ ਕੋਠੀ ਵਿਚ ਚੱਲ ਰਹੇ ਭਰੂਣ ਲਿੰਗ ਨਿਰਧਾਰਨ ਕੇਂਦਰ ਦਾ ਪਰਦਾਫਾਸ਼ ਹੋਇਆ। ਲੁਧਿਆਣਾ ਤੋਂ ਸਿਹਤ ਵਿਭਾਗ ਦੀ ਟੀਮ ਨੇ ਬਠਿੰਡਾ ਦੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੋਠੀ ਵਿਚ ਚੱਲ ਰਹੇ ਕਲੀਨਿਕ ’ਤੇ ਛਾਪਾ ਮਾਰਿਆ। ਇਥੋਂ ਆਰਐਮਪੀ, ਉਸ ਦੀ ਪਤਨੀ ਅਤੇ ਇਕ ਦਲਾਲ ਫੜਿਆ ਗਿਆ ਹੈ।

ਟੀਮ ਨੇ ਕੋਠੀ ਵਿਚ ਬਣੇ ਜ਼ਮੀਨਦੋਜ਼ ਕਮਰੇ ਵਿਚ ਤਿੰਨ ਘੰਟੇ ਦੀ ਤਲਾਸ਼ੀ ਦੌਰਾਨ 30 ਲੱਖ ਰੁਪਏ ਦੀ ਨਕਦੀ, ਗਰਭਪਾਤ ਦੀਆਂ ਦਵਾਈਆਂ, ਉਪਕਰਨ ਅਤੇ ਬੱਚਿਆਂ ਦੇ ਗੋਦ ਲੈਣ ਦੇ ਹਲਫ਼ਨਾਮੇ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮ ਆਰਐਮਪੀ ਗੁਰਮੇਲ ਸਿੰਘ, ਉਸ ਦੀ ਪਤਨੀ ਬਿੰਦਰ ਕੌਰ ਅਤੇ ਦਲਾਲ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਂਟ ਵਿਚ ਕੇਸ ਦਰਜ ਕਰ ਲਿਆ ਹੈ।
ਇਸ ਘਰ ‘ਚ ਛਾਪੇਮਾਰੀ ਕੀਤੀ ਗਈ। ਉਸ ਕੋਠੀ ਦੇ ਬਾਹਰ ਕਲੀਨਿਕ ਦਾ ਬੋਰਡ ਲਗਾਇਆ ਗਿਆ ਹੈ। ਆਪਣੇ ਆਪ ਨੂੰ ਆਰਐਮਪੀ ਦੱਸਣ ਵਾਲਾ ਗੁਰਮੇਲ ਸਿੰਘ ਲੰਬੇ ਸਮੇਂ ਤੋਂ ਜ਼ਮੀਨਦੋਜ਼ ਕਮਰਿਆਂ ਵਿਚ ਲਿੰਗ ਨਿਰਧਾਰਨ ਤੋਂ ਲੈ ਕੇ ਗਰਭਪਾਤ ਅਤੇ ਨਵਜੰਮੇ ਬੱਚਿਆਂ ਨੂੰ ਗੋਦ ਲੈਣ ਤੱਕ ਦੇ ਗੈਰ-ਕਾਨੂੰਨੀ ਕੰਮ ਕਰ ਰਿਹਾ ਸੀ।

ਜ਼ਿਲਾ ਪਰਿਵਾਰ ਭਲਾਈ ਅਫ਼ਸਰ, ਸਿਹਤ ਵਿਭਾਗ, ਲੁਧਿਆਣਾ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਕੁਝ ਮਰੀਜ਼ ਭੁੱਚੋ ਮੰਡੀ ਵਿਖੇ ਲਿੰਗ ਟੈਸਟ ਕਰਵਾਉਂਦੇ ਹਨ। ਟੀਮ ਗਰਭਵਤੀ ਔਰਤ ਨੂੰ ਲੈ ਕੇ ਰਾਇਲ ਐਨਕਲੇਵ ਪਹੁੰਚੀ। ਉਥੇ ਹੀ ਇਕ ਕੋਠੀ ਵਿੱਚ ਗਰਭਵਤੀ ਔਰਤ ਦੇ ਬੱਚੇ ਦਾ ਲਿੰਗ ਟੈਸਟ ਕਰਵਾਉਣ ਦਾ ਸੌਦਾ ਹੋਇਆ ਅਤੇ ਸੈਂਟਰ ਸੰਚਾਲਕ ਜੋੜੇ ਨੂੰ 50 ਹਜ਼ਾਰ ਰੁਪਏ ਦਿੱਤੇ ਗਏ। ਔਰਤ ਨੂੰ ਕੋਠੀ ਦੇ ਅੰਦਰ ਕਮਰੇ ਵਿਚ ਲੈ ਗਿਆ।