
ਲੜਕੀਆਂ ਮਾਪਿਆਂ ਦਾ ਲੜਕਿਆਂ ਨਾਲੋਂ ਵੱਧ ਨਾਮ ਰੌਸ਼ਨ ਕਰਦੀਆਂ ਹਨ। ਲੜਕੀਆਂ ਹਰ ਖੇਤਰ ‘ਚ ਅੱਗੇ ਜਾ ਰਹੀਆਂ ਹਨ ਅਤੇ ਕਈ ਲੜਕੀਆਂ ਨੇ ਭਾਰਤ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਵਰਲਡ ਰਿਕਾਰਡ ਬਣਾਇਆ ਹੈ।
ਬਰਨਾਲਾ ਦੇ ਕਸਬਾ ਮਹਿਲ ਕਲਾਂ ਦੀ ਆਂਗਣਵਾੜੀ ਵਰਕਰ ਦੀ ਲੜਕੀ ਕੁਲਵੀਰ ਕੌਰ ਪਾਇਲਟ ਬਣ ਗਈ ਹੈ। ਜਿਸ ਤੋਂ ਖੁਸ਼ ਹੋ ਕੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੁਲਵੀਰ ਕੌਰ ਦੀ ਹੌਸਲਾ ਅਫਜਾਈ ਲਈ 5 ਲੱਖ 80 ਹਜ਼ਾਰ ਰੁਪਏ ਦਾ ਚੈੱਕ ਵਜ਼ੀਫੇ ਵਜੋਂ ਭੇਟ ਕੀਤਾ। ਕੁਲਵੀਰ ਕੌਰ ਨੂੰ ਆਪਣਾ ਕੋਰਸ ਪੂਰਾ ਕਰਨ ਲਈ 5 ਲੱਖ 80 ਹਜ਼ਾਰ ਰੁਪਏ ਦੀ ਇਹ ਪਹਿਲੀ ਸਕਾਲਰਸ਼ਿਪ ਰਾਸ਼ੀ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਭੇਟ ਕੀਤੀ ਗਈ ਹੈ।
ਕੁਲਵੀਰ ਕੌਰ ਨੇ ਦੱਸਿਆ ਕਿ ਉਸ ਨੇ ਉਡਾਣ ਪੂਰੀ ਕਰ ਲਈ ਹੈ। ਉਡਾਣ ਪੂਰੀ ਕਰਨ ਤੋਂ ਬਾਅਦ ਉਹ ਕਮਰਸ਼ੀਅਲ ਪਾਇਲਟ ਬਣ ਜਾਵੇਗੀ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਛੋਟਾ ਕਿਸਾਨ ਹੈ ਅਤੇ ਮਾਂ ਆਂਗਣਵਾੜੀ ਵਰਕਰ ਹੈ, ਜਿਸ ਨੂੰ ਥੋੜ੍ਹੀ ਜਿਹੀ ਤਨਖਾਹ ਮਿਲਦੀ ਹੈ। ਉਨ੍ਹਾਂ ਨੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਇਲਟ ਬਣਨਾ ਉਨ੍ਹਾਂ ਦਾ ਸੁਪਨਾ ਸੀ, ਜੋ ਪੂਰਾ ਹੋ ਗਿਆ ਹੈ।