

ਆਮ ਆਦਮੀ ਪਾਰਟੀ ਦੇ ਨੌਜਵਾਨ ਸਰਪੰਚ ਜਸ਼ਨ ਬਾਵਾ ਦੀ ਮੌਤ ਦੇ ਮਾਮਲੇ ਨੇ ਹੁਣ ਹੋਰ ਤੀਬਰ ਰੂਪ ਧਾਰ ਲਿਆ ਹੈ। ਪਿੰਡ ਤਰਿਡਾ ਨਿਵਾਸੀ ਜਸ਼ਨ ਦੀ ਮੌਤ ਤੋਂ ਬਾਅਦ ਲੋਕਾਂ ਵਿਚ ਪਾਰਟੀ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀਏ ਬਚਿੱਤਰ ਸਿੰਘ ਲਾਡੀ ਖ਼ਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਥਾਣਾ ਲੱਖੋ ਕੇ ਬਹਿਰਾਮ ਦਾ ਘਿਰਾਓ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਖ਼ਿਲਾਫ ਲੋਕਾਂ ’ਚ ਗੁੱਸਾ ਇੰਨਾ ਵਧ ਗਿਆ ਹੈ ਕਿ ਪਿੰਡ ਜੁਆਏ ਸਿੰਘ ਵਾਲਾ ਦੀ ਪੰਚਾਇਤ ਅਤੇ ਭਾਰਤ ਨੌਜਵਾਨ ਸਭਾ ਵੱਲੋਂ ਪਿੰਡ ਦੇ ਚਾਰੇ ਪਾਸੇ ਨੋ ਐਂਟਰੀ ਵਾਲੇ ਫਲੈਕਸ ਬੋਰਡ ਲਗਾਏ ਗਏ ਹਨ।

ਇਨ੍ਹਾਂ ਬੋਰਡਾਂ ‘ਤੇ ਸਾਫ਼ ਲਿਖਿਆ ਹੋਇਆ ਹੈ ਕਿ “ਜਦ ਤੱਕ ਨੌਜਵਾਨ ਸਰਪੰਚ ਜਸ਼ਨ ਬਾਵਾ ਦੀ ਮੌਤ ਦਾ ਇਨਸਾਫ ਨਹੀਂ ਮਿਲਦਾ, ਤਦ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਦਾ ਪਿੰਡ ਵਿਚ ਪ੍ਰਵੇਸ਼ ਮਨਾ ਹੈ। ਜੇਕਰ ਕੋਈ ਆਉਂਦਾ ਹੈ, ਤਾਂ ਉਹ ਆਪਣੀ ਕੀਤੀ ਦਾ ਆਪ ਜਿੰਮੇਵਾਰ ਹੋਵੇਗਾ।” ਭਾਰਤ ਨੌਜਵਾਨ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਅਤੇ ਪਿੰਡ ਦੀ ਸਰਪੰਚ ਦੇ ਪਤੀ ਜਸਵੰਤ ਸਿੰਘ ਨੇ ਦੱਸਿਆ ਕਿ ਜਸ਼ਨ, ਜੋ ਕਿ ਆਪ ਪਾਰਟੀ ਦਾ ਵਫਾਦਾਰ ਵਰਕਰ ਸੀ, ਲੰਬੇ ਸਮੇਂ ਤੋਂ ਵਿਧਾਇਕ ਅਤੇ ਉਸ ਦੇ ਪੀਏ ਵੱਲੋਂ ਹੋ ਰਹੀ ਲੁੱਟ ਅਤੇ ਦਬਾਅ ਦਾ ਸ਼ਿਕਾਰ ਸੀ। ਜਸ਼ਨ ਉੱਤੇ ਲੱਖਾਂ ਰੁਪਏ ਦੀ ਲੁੱਟ ਸਹਿਣ ਦਾ ਦਬਾਅ ਬਣਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸੇ ਤਣਾਅ ਕਰਕੇ ਜਸ਼ਨ ਨੇ ਆਖ਼ਰਕਾਰ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਵੱਲੋਂ ਐਸ.ਐਸ.ਪੀ. ਨੂੰ ਲਿਖਤੀ ਸ਼ਿਕਾਇਤ ਦੇਣ ਬਾਵਜੂਦ ਵੀ, ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ
