ਮੋਗਾ ਦੇ ਪਿੰਡ ਡਗਰੂ ਦੀ ਪੰਚਾਇਤ ਨੇ ਅਹਿਮ ਫੈਸਲਾ ਲਿਆ ਹੈ। ਹੁਣ ਪਿੰਡ ‘ਚ ਨਸ਼ਾ ਵੇਚਣ ‘ਤੇ 10,000 ਰੁਪਏ ਦਾ ਜ਼ੁਰਮਾਨਾ ਲੱਗੇਗਾ। ਅਹਿਮ ਗੱਲ ਹੈ ਕਿ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਫੈਸਲੇ ‘ਤੇ ਪਿੰਡ ਦੇ ਧੜੇਬੰਦੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਪੰਚਾਇਤ ਦਾ ਸਾਥ ਦਿੱਤਾ।
ਪੰਚਾਇਤ ਦੇ ਫੈਸਲੇ ਮੁਤਾਬਕ ਪਿੰਡ ਵਿੱਚ ਕਿਸੇ ਵੀ ਦੁਕਾਨ ‘ਤੇ ਨਸ਼ੇ ਜਿਵੇਂ ਗੁਟਕਾ, ਬੀੜੀ, ਸਿਗਰਟ, ਤੰਬਾਕੂ ਨਹੀਂ ਵਿਕੇਗਾ ਤੇ ਨਾ ਹੀ ਪਿੰਡ ਵਿੱਚ ਸ਼ਰਾਬ ਦਾ ਠੇਕਾ ਖੁੱਲ੍ਹੇਗਾ। ਇਹ ਪੰਜਾਬ ਦਾ ਪਹਿਲਾ ਪਿੰਡ ਹੋਵੇਗਾ ਜਿਸ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਅਜਿਹਾ ਫੈਸਲਾ ਲਿਆ ਹੈ।
ਦੱਸ ਦਈਏ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਸਰਕਾਰ ਨੇ ਸਖਤ ਕਦਮ ਚੁੱਕੇ ਹਨ ਪਰ ਫਿਰ ਵੀ ਨਸ਼ੇ ਕਾਰਨ ਲੋਕਾਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਮੋਗਾ ਦੀ ਡਗਰੂ ਪੰਚਾਇਤ ਨੇ ਅਹਿਮ ਫੈਸਲਾ ਲੈਂਦਿਆਂ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਇੱਕ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਕਿਸੇ ਨੂੰ ਵੀ ਕਿਸੇ ਕਿਸਮ ਦਾ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪੰਚਾਇਤ ਨੇ ਐਲਾਨ ਕੀਤਾ ਹੈ ਕਿ ਪਿੰਡ ਵਿੱਚ ਬੀੜੀ, ਸਿਗਰਟ, ਗੁਟਕਾ ਵਰਗੇ ਨਸ਼ੇ ਤੋਂ ਇਲਾਵਾ ਚਿੱਟੇ ਦੀ ਵਿਕਰੀ ਨਹੀਂ ਹੋਣ ਦੇਵਾਂਗੇ। ਪਿੰਡ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ। ਜੇਕਰ ਕੋਈ ਵੀ ਦੁਕਾਨਦਾਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਨੂੰ 10,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਮਹੀਨੇ ਤੱਕ ਦੁਕਾਨ ਨਹੀਂ ਖੋਲ੍ਹਣ ਦਿੱਤੀ ਜਾਵੇਗੀ।
ਇਸ ਮੌਕੇ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੀ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਅਸੀਂ ਪਿੰਡ ਵਿੱਚ ਕੋਈ ਵੀ ਨਸ਼ਾ ਵਿਕਣ ਨਹੀਂ ਦੇਵਾਂਗੇ। ਇਸ ਸਬੰਧੀ ਪੰਚਾਇਤ ਤੇ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਪੱਤਰ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਜੇਕਰ ਕੋਈ ਵੀ ਨਸ਼ੀਲੀ ਵਸਤੂ ਵੇਚਦਾ ਪਾਇਆ ਗਿਆ ਤਾਂ ਉਸ ਨੂੰ 10,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਤੇ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇਗਾ।