
ਬਠਿੰਡਾ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਿੰਡ ਫੱਤਾ ਦੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਸਹਿਕਾਰਤਾ ਵਿਭਾਗ ਅਧੀਨ ਚਲ ਰਹੀਆਂ ਸੁਸਾਇਟੀਆਂ ਵਿੱਚ ਬਿਜ਼ਨਸ ਅਸਿਸਟੈਂਟ ਦੀਆਂ 19 ਪੋਸਟਾਂ ਕੱਢਿਆ ਸਨ। ਜਿਸ ਲਈ ਉਸ ਨੇ ਵੀ ਅਪਲਾਈ ਕੀਤਾ ਸੀ ਤੇ ਉਸ ਦੀ ਮੈਰਿਟ ਸਾਰੇ ਉਮੀਦਵਾਰਾਂ ਵਿਚੋਂ ਉਪਰ ਸੀ।
ਪ੍ਰੰਤੂ ਹਲਕਾ ਵਿਧਾਇਕ ਵੱਲੋਂ ਆਪਣੇ ਇੱਕ ਚਹੇਤੇ ਨੌਜਵਾਨ ਨੂੰ ਐਡਜਸਟ ਕਰਵਾਉਣ ਲਈ ਉਸ ਉਪਰ ਜੋਇਨ ਨਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਕਤ ਲੜਕੀ ਨੇ ਹਲਕਾ ਵਿਧਾਇਕ ਦੀ ਕਥਿਤ ਦਬਾਅ ਪਾਉਣ ਵਾਲੀ ਵੀਡੀਓ ਵੀ ਜਾਰੀ ਕਰਦਿਆਂ ਕਿਹਾ ਕਿ ਇਸ ਸਬੰਧ ਵਿੱਚ ਉਸਨੇ ਮੁੱਖ ਮੰਤਰੀ ਦਫ਼ਤਰ ਤੱਕ ਵੀ ਪਹੁੰਚ ਕੀਤੀ ਸੀ। ਉਸ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਅਤੇ ਭੈਣ ਦੇ ਵੀ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਹੈ। ਜਿਨ੍ਹਾਂ ਉਸ ਨੂੰ ਭਰੋਸਾ ਦਵਾਇਆ ਹੈ ਕਿ ਉਸਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
ਗੁਰਪ੍ਰੀਤ ਨੇ ਗਣਤੰਤਰਤਾ ਦਿਵਸ ਮੌਕੇ ਬਠਿੰਡਾ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਸਮੇਤ ਸਮੂਹ ਪੰਜਾਬੀਆਂ ਨੇ ਬਦਲਾਅ ਦੀ ਆਸ ਨਾਲ ਉਨ੍ਹਾਂ ਨੂੰ ਵੋਟਾਂ ਪਾਈਆਂ ਸਨ। ਪ੍ਰੰਤੂ ਹੁਣ ਉਹ ਆਪਣੇ ਵਿਧਾਇਕ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਨੱਥ ਪਾਉਣ। ਲੜਕੀ ਗੁਰਪ੍ਰੀਤ ਕੌਰ ਨੇ ਐਲਾਨ ਕੀਤਾ ਕੇ ਉਹ ਆਪਣਾ ਹੱਕ ਲੈ ਕੇ ਰਹੇਗੀ ਬੇਸ਼ਕ ਇਸ ਦੇ ਲਈ ਉਸਨੂੰ ਅਦਾਲਤ ਦਾ ਦਰਵਾਜ਼ਾ ਹੀ ਕਿਉਂ ਨਾ ਖੜਕਾਉਂਣਾ ਪਵੇ।
