
ਇੱਕ ਪਿੰਡ ਵਿੱਚ ਸੜਕ ‘ਤੇ ਮੋੜ ਮੁੜਦਿਆਂ ਸੰਤੁਲਨ ਵਿਗੜਨ ਕਾਰਨ ਇੱਕ ਟਰੈਕਟਰ-ਟਰਾਲੀ ਛੱਪੜ ਵਿੱਚ ਡਿੱਗ ਗਿਆ, ਜਿਸ ਕਾਰਨ ਦਸ ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦ ਕਿ 37 ਹੋਰ ਜ਼ਖ਼ਮੀ ਹੋ ਗਏ।
ਲਖਨਊ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੂਰਿਆ ਪਾਲ ਗੰਗਵਾਰ ਨੇ ਦੱਸਿਆ ਕਿ ਟਰੈਕਟਰ-ਟਰਾਲੀ ‘ਤੇ ਸਵਾਰ 47 ਜਣੇ ਪਿੰਡ ਉਨਾਈ ਸਥਿਤ ਦੁਰਗਾ ਦੇਵੀ ਮੰਦਰ ਵਿੱਚ ਮੁੰਡਨ ਸਮਾਰੋਹ ਲਈ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਅੱਠ ਮਹਿਲਾਵਾਂ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ।
ਹਾਦਸੇ ਦੌਰਾਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦ ਕਿ ਬਾਕੀ ਇਟੌਂਜਾ ਦੇ ਕਮਿਊਨਟੀ ਸਿਹਤ ਕੇਂਦਰ ਵਿੱਚ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਵਜ੍ਹਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। -ਪੀਟੀਆਈ