ਜੋੜ ਮੇਲੇ ‘ਚ 12 ਸ਼੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਰਾਗੀ-ਢਾਡੀ ਦਰਬਾਰ ‘ਚ ਦੇਸ਼ ਵਿਦੇਸ਼ ਤੋਂ ਆਈ ਸੰਗਤ ਨੇ ਗੁਰੂ ਜੱਸ ਸਰਵਣ ਕੀਤਾ
ਜਲੰਧਰ / ਐਸ ਐਸ ਚਾਹਲ
ਜਲੰਧਰ ਦੇ ਨੇੜਲੇ ਮਸ਼ਹੂਰ ਪਿੰਡ ਸੰਘਵਾਲ ਵਿਖੇ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ ਚਾਹਲ ਦੀ ਪਵਿੱਤਰ ਯਾਦ ਵਿਚ 16ਵਾਂ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਵਿਸ਼ਾਲ ਜੋੜ ਮੇਲੇ ‘ਚ ਦੇਸ਼ ਵਿਦੇਸ਼ ਤੋਂ ਪੁਜੀਆਂ ਹਜਾਰਾਂ ਸੰਗਤਾਂ ਨੇ ਗੁਰੂ ਜੱਸ ਸਰਵਣ ਕੀਤਾ
ਇਸ ਸਮੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜੋੜ ਮੇਲੇ ਦੇ ਮੁੱਖ ਸੇਵਾਦਾਰਾਂ ਨੇ ਦਸਿਆ ਕਿ ਬਾਬਾ ਰਾਮ ਜੋਗੀ ਪੀਰ ਜੀ ਚਾਹਲ ਦੀ ਯਾਦ ‘ਚ ਸ਼੍ਰੀ ਅਖੰਡ ਪਾਠਾਂ ਦੀ ਲੜੀ 27 ਸਤੰਬਰ 2023 ਤੋਂ ਸ਼ੁਰੂ ਹੋਈ ਅਤੇ 1 ਅਕਤੂਬਰ 2023 ਨੂੰ 12 ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਪੰਡਾਲ ਵਿਚ ਰਾਗੀ ਢਾਡੀ ਦਰਬਾਰ ਲਗਾਇਆ ਗਿਆ ਜਿਸ ਵਿਚ ਪੰਥਕ ਕਵੀਸ਼ਰ ਭਾਈ ਬਲਬੀਰ ਸਿੰਘ ਗੁਰਦਾਸਪੁਰੀ ਅਤੇ ਮਸ਼ਹੂਰ ਢਾਡੀ ਭਾਈ ਬਲਕਰਨ ਸਿੰਘ ਮੋਗੇ ਵਾਲਿਆਂ ਦੇ ਜਥੇ ਵਲੋਂ ਧੰਨ ਬਾਬਾ ਜੋਗੀਪੀਰ ਜੀ ਚਾਹਲ ਅਤੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਦੀਆਂ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ ਗਿਆ। ਇਸ ਜੋੜ ਮੇਲੇ ਦਾ ਸਿੱਧਾ ਪ੍ਰਸਾਰਣ ਜ਼ੀ ਇੰਡੀਆ ਨਿਉਜ਼ ਅਤੇ ਏਕਤਾ ਟੀ ਵੀ ਕੀਤਾ ਗਿਆ
ਉਨ੍ਹਾਂ ਦਸਿਆ ਕਿ ਮੇਲੇ ਦੌਰਾਨ ਬਾਬਾ ਸੂਰਤ ਸਿੰਘ ਚਾਹਲ ਸੋਹਲ ਖਾਲਸਾ ਵਾਲਿਆਂ ਵਲੋਂ ਆਪਣੀ ਦੇਖ ਰੇਖ ਹੇਠ ਸ਼੍ਰੀ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਕਰਵਾਈ ਗਈ ਅਤੇ ਭੋਗ ਪੈਣ ਉਪਰੰਤ ਸ਼੍ਰੀ ਅਖੰਡ ਪਾਠਾਂ ਦੀ ਸੇਵਾ ਕਰਵਾਉਣ ਵਾਲੇ ਸੇਵਾਦਾਰਾਂ ਅਤੇ ਦਾਨੀ ਸੱਜਣਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਸਿਆ ਕਿ ਜੋੜ ਮੇਲੇ ਦੌਰਾਨ 5 ਦਿਨ ਲਗਾਤਾਰ ਪਿੰਡ ਦੀਆ ਸੰਗਤਾਂ ਵਲੋਂ ਵੱਖ ਵੱਖ ਪਕਵਾਨਾਂ, ਚਾਹ ਪਕੌੜਿਆਂ , ਮਠਿਆਈਆ ਅਤੇ ਆਈਸ ਕਰੀਮ ਦੇ ਲੰਗਰ ਲਗਾਏ ਗਏ। ਇਸ ਮੌਕੇ ਮੇਲਾ ਪ੍ਰਬੰਧਕਾਂ ਵਲੋਂ ਜੋੜ ਮੇਲੇ ਲਈ ਮਾਲੀ ਸਹਿਯੋਗ ਕਰਨ ਵਾਲੀ ਦੇਸ਼ ਵਿਦੇਸ਼ ਅਤੇ ਇਲਾਕੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।