
ਚੰਡੀਗੜ੍ਹ ‘ਚ ਬਾਥਰੂਮ ‘ਚ ਕੈਮਰਾ ਲਾ ਕੇ ਸਾਥੀ ਲੜਕੀਆਂ ਦੀਆਂ ਫੋਟੋਆਂ ਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਲੜਕੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਦੇ ਫ਼ੋਨ ਸੀਲ ਕਰਕੇ ਸੀਐਫਐਸਐਲ ਲੈਬ ਵਿੱਚ ਭੇਜ ਦਿੱਤੇ ਹਨ।
ਪੀੜਤ ਲੜਕੀ ਜਦੋਂ ਪੀਜੀ ‘ਚ ਬਾਥਰੂਮ ਗਈ ਤਾਂ ਉਸ ਨੇ ਗੀਜ਼ਰ ਦੇ ਉੱਪਰ ਇੱਕ ਡਿਵਾਈਸ ਫਲੈਸ਼ ਹੁੰਦਾ ਦੇਖਿਆ। ਜਦੋਂ ਉਸ ਨੇ ਇਸ ਬਾਰੇ ਆਪਣੀਆਂ ਸਾਥੀ ਲੜਕੀਆਂ ਨੂੰ ਦੱਸਿਆ ਤਾਂ ਸਾਹਮਣੇ ਆਇਆ ਕਿ ਇੱਕ ਕੈਮਰਾ ਲਗਾਇਆ ਗਿਆ ਸੀ। ਇਸ ਦੀ ਸੂਚਨਾ ਮਕਾਨ ਮਾਲਕ ਨੂੰ ਦਿੱਤੀ ਗਈ। ਮਕਾਨ ਮਾਲਕ ਨੇ ਇਸ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿੱਚ ਕੀਤੀ। ਇਸ ‘ਤੇ ਪੁਲਿਸ ਨੇ ਯੰਤਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਜਿਸ ਪੀਜੀ ਵਿੱਚ ਇਹ ਕੈਮਰਾ ਲਗਾਇਆ ਗਿਆ ਸੀ, ਉਹ ਸੈਕਟਰ-22 ਦੀ ਉਪਰਲੀ ਮੰਜ਼ਲ ’ਤੇ ਸਥਿਤ ਹੈ। ਉਸ ਵਿੱਚ ਪੰਜ ਕੁੜੀਆਂ ਰਹਿੰਦੀਆਂ ਸਨ। ਸਾਰਿਆਂ ਦਾ ਇੱਕੋ ਬਾਥਰੂਮ ਸੀ। ਮੁਲਜ਼ਮ ਲੜਕੀ ਨੇ ਇਹ ਡਿਵਾਈਸ ਆਪਣੇ ਬੁਆਏਫ੍ਰੈਂਡ ਦੇ ਕਹਿਣ ‘ਤੇ ਲਗਾਇਆ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਸੀ, 509 ਤੇ 66 ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।