PunjabJalandhar

ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਸੋਢਲ ਮੇਲੇ ਦੀ ਸੁਰੱਖਿਆ ਲਈ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ

ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਜਿਨ੍ਹਾਂ ਦਾ ਜਾਇਜ਼ਾ ਲੈਣ ਲਈ ਅੱਜ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਪੁਲਿਸ ਅਧਿਕਾਰੀਆਂ ਨਾਲ ਬਾਬਾ ਸੋਢਲ ਮੇਲੇ ਪੁੱਜੇ। ਨਾਲ ਡੀਸੀਪੀ ਜਗਮੋਹਨ ਸਿੰਘ, ਏਸੀਪੀ ਦਮਨਬੀਰ ਸਿੰਘ ਤੇ ਥਾਣਾ ਮੁਖੀ ਮੌਜੂਦ ਸਨ। ਸੀਪੀ ਚਾਹਲ ਨੇ ਸਭ ਤੋਂ ਪਹਿਲਾਂ ਮੰਦਰ ਕਮੇਟੀ ਦੇ ਅਧਿਕਾਰੀਆਂ ਨਾਲ ਬਾਬਾ ਜੀ ਦੇ ਦਰਸ਼ਨ ਕਰ ਕੇ ਅਸ਼ੀਰਵਾਦ ਪ੍ਰਰਾਪਤ ਕੀਤਾ। ਕਮੇਟੀ ਦੇ ਮੈਂਬਰਾਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਮੰਦਰ ਕਮੇਟੀ ਦੇ ਮੈਂਬਰਾਂ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਤੇ ਉਨ੍ਹਾਂ ਨੂੰ ਮੇਲੇ ਦੌਰਾਨ ਹਰੇਕ ਤਰ੍ਹਾਂ ਦੀ ਸੁਰੱਖਿਆ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਮੇਲੇ ਲਈ ਖ਼ਾਸ ਤੌਰ ‘ਤੇ ਬਣਾਏ ਗਏ ਕੰਟਰੋਲ ਰੂਮ ਦਾ ਜਾਇਜ਼ਾ ਲੈ ਕੇ ਉੱਥੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ।

ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਮੇਲੇ ਦੀ ਸੁਰੱਖਿਆ ਲਈ ਅਧਿਕਾਰੀਆਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੇਲੇ ਦੀ ਸੁਰੱਖਿਆ ਲਈ 1200 ਪੁਲਿਸ ਮੁਲਾਜ਼ਮਾਂ ਨੂੰ ਚੱਪੇ-ਚੱਪੇ ‘ਤੇ ਤਾਇਨਾਤ ਕੀਤਾ ਗਿਆ ਹੈ ਤੇ ਹਰੇਕ ਮੁਲਾਜ਼ਮ ਨੂੰ ਹਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਮੁਲਾਜ਼ਮ ਡਿਊਟੀ ‘ਚ ਅਣਗਹਿਲੀ ਨਾ ਵਰਤੇ। ਇਸ ਤੋਂ ਇਲਾਵਾ ਡੀਸੀਪੀ ਨੇ ਮੇਲੇ ‘ਚ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਪੁਲਿਸ ਵੱਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ ‘ਤੇ ਹੀ ਖੜ੍ਹੇ ਕਰਨ ਤੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਲੱਗੀਆਂ ਲਾਈਨਾਂ ਜ਼ਰੀਏ ਮੰਦਰ ਤੱਕ ਪੁੱਜਣ। ਮੇਲੇ ਦੌਰਾਨ ਜੇ ਕਿਸੇ ਵਿਅਕਤੀ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਸਾਮਾਨ ਦਿਖਾਈ ਦਿੰਦਾ ਹੈ ਤਾਂ ਇਸ ਦੀ ਸੂਚਨਾ ਮੰਦਰ ਦੇ ਗੇਟ ਦੇ ਬਾਹਰ ਬਣੇ ਪੁਲਿਸ ਕੰਟਰੋਲ ਰੂਮ ‘ਚ ਦਿੱਤੀ ਜਾਵੇ।

Leave a Reply

Your email address will not be published.

Back to top button