
ਤਰਨਤਾਰਨ ਦੇ ਪਿੰਡ ਸੁਰਸਿੰਘ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਅੰਤਿਮ ਸਸਕਾਰ ਦੌਰਾਨ ਲਾਸ਼ ਨੂੰ ਬਲਦੀ ਚਿਖਾ ‘ਚੋਂ ਬਾਹਰ ਕੱਢਿਆ। ਮ੍ਰਿਤਕ ਦੀ ਮਾਂ ਨੇ ਜ਼ਮੀਨ ਨੂੰ ਲੈ ਕੇ ਅਪਣੇ ਸਹੁਰਿਆਂ ‘ਤੇ ਪੁੱਤਰ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ।
ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੀ ਮਾਂ ਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ 21 ਸਾਲਾ ਲੜਕਾ ਹਰਦੀਪ ਸਿੰਘ ਪੁੱਤਰ ਬਗੀਚਾ ਸਿੰਘ, ਜਿਸ ਦਾ 25 ਫਰਵਰੀ ਨੂੰ ਵਿਆਹ ਹੋਣਾ ਸੀ। ਨੌਜਵਾਨ ਦੇ ਚਾਚੇ ਅਤੇ ਤਾਏ ਨੇ ਰਾਤ ਨੂੰ ਜ਼ਮੀਨ ਲਈ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਦੇ ਪਤੀ ਬਗੀਚਾ ਸਿੰਘ ਦੀ ਸਾਲ 2004 ਵਿੱਚ ਮੌਤ ਹੋ ਗਈ ਸੀ। 4 ਸਾਲ ਬਾਅਦ 2008 ਵਿੱਚ ਉਸ ਦਾ ਵਿਆਹ ਦੂਜੀ ਜਗ੍ਹਾ ਦਿਲਬਾਗ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਕਲੇਰ ਨਾਲ ਹੋਇਆ। ਰਵਿੰਦਰ ਕੌਰ ਨੇ ਦੱਸਿਆ ਕਿ ਹਰਦੀਪ ਸਿੰਘ ਦੇ ਚਾਚਾ ਅਵਤਾਰ ਸਿੰਘ ਅਤੇ ਤਾਇਆ ਜਗਤਾਰ ਸਿੰਘ ਨੇ 7 ਏਕੜ ਜ਼ਮੀਨ ਅਪਣੇ ਹੱਥ ਤੋਂ ਜਾਂਦੀ ਦੇਖ ਸਾਲ 2012 ਵਿਚ ਉਸ ਦੇ ਪੁੱਤਰ ਨੂੰ ਵਾਪਸ ਸੁਰਸਿੰਘ ਅਪਣੇ ਕੋਲ ਲੈ ਆਏ। ਬਾਅਦ ‘ਚ ਚਾਚਾ ਅਤੇ ਤਾਇਆ ਜ਼ਮੀਨ ਲਈ ਅਕਸਰ ਹਰਦੀਪ ਸਿੰਘ ਨਾਲ ਝਗੜਾ ਕਰਦੇ ਸੀ।