ਸੰਦੀਪ ਕੌਰ ਨੂੰ ਉਸ ਦੇ ਭਰਾ ਨੇ ਪ੍ਰੇਮ ਵਿਆਹ ਕਰਵਾਉਣ ਉਤੇ ਬੇਰਹਿਮੀ ਨਾਲ ਮਾਰ ਦਿੱਤਾ ਸੀ। ਰੈਪਿਡ ਫਾਇਰ ਵਿੱਚ ਸੰਦੀਪ ਕੌਰ ਨੂੰ ਚਾਰ ਗੋਲ਼ੀਆਂ ਲੱਗੀਆਂ। ਇਨ੍ਹਾਂ ਵਿੱਚੋਂ ਦੋ ਗੋਲ਼ੀਆਂ ਉਸ ਦੇ ਸਿਰ ਅਤੇ ਦੋ ਉਸ ਦੇ ਚਿਹਰੇ ’ਤੇ ਲੱਗੀਆਂ। ਚਾਰੇ ਗੋਲ਼ੀਆਂ ਆਰ-ਪਾਰ ਲੰਘ ਗਈਆਂ ਸਨ, ਜਿਸ ਕਾਰਨ ਸੰਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਸੀ ਪੂਰਾ ਮਾਮਲਾ
ਲੁਧਿਆਣਾ ਦੇ ਪੰਜਪੀਰ ਰੋਡ ਸਥਿਤ ਨਿਗਮ ਕਲੋਨੀ ਵਿੱਚ ਇੱਕ ਨੌਜਵਾਨ ਨੇ ਆਪਣੀ ਭੈਣ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਲੜਕੀ ਨੇ ਡੇਢ ਮਹੀਨਾ ਪਹਿਲਾਂ ਭੱਜ ਕੇ ਵਿਆਹ ਕਰਵਾ ਲਿਆ ਸੀ, ਜਿਸ ਕਾਰਨ ਉਸ ਦਾ ਭਰਾ ਨਾਰਾਜ਼ ਸੀ। ਇਸ ਦੇ ਨਾਲ ਹੀ ਮੁਲਜ਼ਮ ਨੇ ਆਪਣੇ ਜੀਜਾ ਰਵੀ ਕੁਮਾਰ ‘ਤੇ ਵੀ ਗੋਲ਼ੀ ਚਲਾ ਦਿੱਤੀ। ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਜਦੋਂ ਮੁਲਜ਼ਮ ਨਾਜਾਇਜ਼ ਹਥਿਆਰਾਂ ਸਮੇਤ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਰਿਹਾ ਸੀ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ।
ਪੋਸਟਮਾਰਟਮ ‘ਚ ਹੋਇਆ ਖੁਲਾਸਾ- ਗੋਲ਼ੀਆਂ ਬਹੁਤ ਨੇੜਿਓਂ ਚਲਾਈਆਂ ਗਈਆਂ ਸਨ
ਫੋਰੈਂਸਿਕ ਮਾਹਿਰ ਡਾ. ਚਰਨਕੰਵਲ, ਡਾ. ਹਰਪ੍ਰੀਤ ਅਤੇ ਡਾ. ਆਦਿਤਿਆ ‘ਤੇ ਆਧਾਰਿਤ ਬੋਰਡ ਨੇ ਸਿਵਲ ਹਸਪਤਾਲ ਵਿਖੇ ਸੰਦੀਪ ਕੌਰ ਦਾ ਪੋਸਟਮਾਰਟਮ ਕੀਤਾ | ਇਹ ਗੱਲ ਸਾਹਮਣੇ ਆਈ ਕਿ ਚਾਰ ਗੋਲ਼ੀਆਂ ਚਲਾਈਆਂ ਗਈਆਂ ਸਨ ਅਤੇ ਚਾਰੋਂ ਗੋਲ਼ੀਆਂ ਨੇੜਿਓਂ ਚਲਾਈਆਂ ਗਈਆਂ ਸਨ। ਇਸ ਕਾਰਨ ਚਾਰੇ ਗੋਲ਼ੀਆਂ ਆਰ-ਪਾਰ ਹੋ ਗਈਆਂ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਸੰਦੀਪ ਦੀ ਲਾਸ਼ ਦਾ ਰਵੀ ਦੇ ਪਰਿਵਾਰ ਵਾਲਿਆਂ ਨੇ ਸਖ਼ਤ ਸੁਰੱਖਿਆ ਵਿਚਕਾਰ ਸਸਕਾਰ ਕਰ ਦਿੱਤਾ।
ਮੁਲਜ਼ਮ ਤਿੰਨ ਦਿਨ ਦੇ ਰਿਮਾਂਡ ‘ਤੇ
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੂਰਜ ਨੂੰ ਸੋਮਵਾਰ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।