IndiaPoliticsPunjab

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਮੀਡੀਆ ਸਰਟੀਫਿਕੇਸ਼ਨ ਅਤੇ ਹੋਰ ਕਮੇਟੀਆਂ ਦਾ ਗਠਨ

Formation of Media Certification and Monitoring Committee and Certification of Advertisement Committees by Chief Electoral Officer of Punjab

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ (ਐਮਸੀਐਮਸੀ) ਅਤੇ ਸਰਟੀਫਿਕੇਸ਼ਨ ਆਫ ਐਡਵਰਟਾਈਜ਼ਮੈਂਟ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਐਮਸੀਐਮਸੀ ਲਈ 6 ਮੈਂਬਰੀ ਕਮੇਟੀ ਬਣਾਈ ਗਈ ਹੈ ਜਦਕਿ ਸਰਟੀਫਿਕੇਸ਼ਨ ਆਫ ਐਡਵਰਟਾਈਜ਼ਮੈਂਟ ਕਮੇਟੀ ਵਿਚ 4 ਮੈਂਬਰ ਹੋਣਗੇ। ਐਮਸੀਐਮਸੀ ਦੇ ਚੇਅਰਮੈਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਹੋਣਗੇ ਜਦਕਿ ਵਧੀਕ ਮੁੱਖ ਚੋਣ ਅਧਿਕਾਰੀ ਅਭਿਜੀਤ ਕਪਲਿਸ਼ ਮੈਂਬਰ ਸਕੱਤਰ ਹੋਣਗੇ। ਇਸ ਤੋਂ ਇਲਾਵਾ ਪ੍ਰੈੱਸ ਇਨਫਾਰਮੇਸ਼ਨ ਬਿਊਰੋ (ਪੀਆਈਬੀ) ਵੱਲੋਂ ਨਾਮਜਦ ਡੀ.ਜੀ./ਏ.ਡੀ.ਜੀ ਪੱਧਰ ਦੇ ਅਧਿਕਾਰੀ ਨੋਡਲ ਅਫਸਰ ਹੋਣਗੇ। 3 ਮੈਂਬਰਾਂ ਵਿਚ ਵਧੀਕ ਡਾਇਰੈਕਟਰ ਸੀਬੀਸੀ ਚੰਡੀਗੜ੍ਹ ਬਲਜੀਤ ਸਿੰਘ, ਭਾਰਤੀ ਚੋਣ ਕਮਿਸ਼ਨ ਵੱਲੋਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ਵਿਚ ਨਿਯੁਕਤ ਆਬਜ਼ਰਬਰ ਅਤੇ ਪ੍ਰੈੱਸ ਕੌਂਸਲ ਆਫ ਇੰਡੀਆ ਵੱਲੋਂ ਨਾਮਜ਼ਦ ਮੈਂਬਰ ਵਿਨੋਦ ਕੋਹਲੀ ਸ਼ਾਮਲ ਹਨ।

ਇਸੇ ਤਰ੍ਹਾਂ ਸਰਟੀਫਿਕੇਸ਼ਨ ਆਫ ਐਡਵਰਟਾਈਜ਼ਮੈਂਟ ਕਮੇਟੀ ਦੇ ਚੇਅਰਮੈਨ ਵਧੀਕ ਮੁੱਖ ਚੋਣ ਅਧਿਕਾਰੀ ਅਭਿਜੀਤ ਕਪਲਿਸ਼ ਹੋਣਗੇ। ਜਦਕਿ ਮੈਂਬਰਾਂ ਵਿਚ ਵਧੀਕ ਡਾਇਰੈਕਟਰ ਸੀਬੀਸੀ ਚੰਡੀਗੜ੍ਹ ਬਲਜੀਤ ਸਿੰਘ, ਪ੍ਰੈਸ ਇਨਫਰਮੇਸ਼ਨ ਬਿਊਰੋ ਵੱਲੋਂ ਨਾਮਜਦ ਡੀ.ਜੀ./ਏ.ਡੀ.ਜੀ ਪੱਧਰ ਦਾ ਅਧਿਕਾਰੀ ਅਤੇ ਫਤਿਹਗੜ੍ਹ ਸਾਹਿਬ ਪਾਰਲੀਮਾਨੀ ਹਲਕੇ ਦੇ ਰਿਟਰਨਿੰਗ ਅਧਿਕਾਰੀ ਸ਼ਾਮਲ ਹਨ।

ਸਿਬਿਨ ਸੀ ਨੇ ਦੱਸਿਆ ਕਿ  ਐਮਸੀਐਮਸੀ ਕਮੇਟੀ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਦੇ ਹੁਕਮਾਂ ਵਿਰੁੱਧ ਅਪੀਲਾਂ ਨਾਲ ਸਬੰਧਤ ਸਾਰੇ ਕੇਸਾਂ ਅਤੇ ਇਸ਼ਤਿਹਾਰਾਂ ਦੀ ਤਸਦੀਕ ਤੇ ਪੇਡ ਨਿਊਜ਼ ਦੀ ਜਾਂਚ ਬਾਰੇ ਬਣਾਈ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਦੇ ਫੈਸਲਿਆਂ ਵਿਰੁੱਧ ਅਪੀਲਾਂ ਨਾਲ ਸਬੰਧਤ ਸਾਰੇ ਕੇਸਾਂ ਦਾ ਨਿਪਟਾਰਾ ਕਰੇਗੀ। ਇਸ ਤੋਂ ਇਲਾਵਾ ਜਿਨ੍ਹਾਂ ਕੇਸਾਂ ਵਿੱਚ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਉਨ੍ਹਾਂ ਦਾ ਨਿਪਟਾਰਾ ਵੀ ਇਹ ਕਮੇਟੀ ਕਰੇਗੀ।

ਦੂਜੇ ਪਾਸੇ ਸਰਟੀਫਿਕੇਸ਼ਨ ਆਫ ਐਡਵਰਟਾਈਜ਼ਮੈਂਟ ਕਮੇਟੀ ਸਿਆਸੀ ਪਾਰਟੀਆਂ ਅਤੇ ਸੰਸਥਾਵਾਂ ਦੀਆਂ ਇਸ਼ਤਿਹਾਰਾਂ ਸਬੰਧੀ ਅਰਜ਼ੀਆਂ ਦਾ ਨਿਪਟਾਰਾ ਕਰੇਗੀ।

 

ਸਿਬਿਨ ਸੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜ ਪੱਧਰੀ ਮੀਡੀਆ ਮੋਨੀਟਰਿੰਗ ਸੈੱਲ ਦਾ ਗਠਨ ਵੀ ਕੀਤਾ ਜਾ ਚੁੱਕਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਇਹ ਸੈੱਲ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ-2024 ਸਬੰਧੀ ਇੱਥੋਂ ਟੀਵੀ ਨਿਊਜ਼ ਚੈਨਲਾਂ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਅਤੇ ਵੈੱਬ ਚੈਨਲਾਂ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਰਾਜ ਪੱਧਰੀ ਮੀਡੀਆ ਮੋਨੀਟਰਿੰਗ ਸੈੱਲ ਵਿੱਚ ਗਤੀਵਿਧੀਆਂ ਹੋਰ ਤੇਜ਼ ਹੋ ਜਾਣਗੀਆਂ।

ਕਾਬਿਲੇਗੌਰ ਹੈ ਕਿ ਰਾਜ ਪੱਧਰੀ ਮੀਡੀਆ ਮੋਨੀਟਰਿੰਗ ਸੈੱਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਅਤੇ ਪੇਸ਼ੇਵਰ ਸੋਸ਼ਲ ਮੀਡੀਆ ਮਾਹਿਰਾਂ ਰਾਹੀਂ ਸਾਰੇ ਅਖ਼ਬਾਰਾਂ, ਨਿਊਜ਼ ਚੈਨਲਾਂ, ਸੋਸ਼ਲ ਮੀਡੀਆ ਸਾਈਟਾਂ ਅਤੇ ਵੈੱਬ ਚੈਨਲਾਂ ਦੀ ਮੋਨੀਟਰਿੰਗ ਕਰ ਰਿਹਾ ਹੈ ਤਾਂ ਜੋ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।

Back to top button