ਸਰਕਾਰ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਸੂਬੇ ਭਰ ਦੇ ਸਮੂਹ ਡੀਸੀ ਦਫ਼ਤਰਾਂ ਦੇ ਮੁਲਾਜ਼ਮ 10 ਤੋਂ 12 ਜੁਲਾਈ ਤਕ ਹੜਤਾਲ ’ਤੇ ਰਹਿਣਗੇ।
ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੂੰ ਪਿਛਲੇ ਦੋ ਸਾਲਾਂ ਤੋਂ ਸੁਪਰਡੈਂਟ ਗਰੇਡ-2 ‘ਚ ਤਰੱਕੀ ਨਾ ਦਿੱਤੀ ਜਾਣੀ ਤੇ ਸੀਨੀਅਰ ਸਹਾਇਕਾਂ ਨੂੰ ਸਿੱਧੀ ਭਰਤੀ ਦੀਆਂ ਅਸਾਮੀਆਂ ’ਤੇ ਤਰੱਕੀ ਦੇਣ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਤਕ 25 ਫੀਸਦ ਤਰੱਕੀ ਕੋਟਾ ਸ਼ਾਮਲ ਹਨ। ਦਫ਼ਤਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਮਾਲ ਮੰਤਰੀ ਪੰਜਾਬ ਅਤੇ ਵਿੱਤ ਕਮਿਸ਼ਨਰ (ਵਿੱਤ) ਪੰਜਾਬ ਨਾਲ 6 ਜੂਨ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਸਾਰੀਆਂ ਮੰਗਾਂ ਸਬੰਧੀ ਯੂਨੀਅਨ ਨਾਲ ਗੱਲਬਾਤ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਮੰਗਾਂ ਸਬੰਧੀ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਯੂਨੀਅਨ ਨੇ ਫੈਸਲਾ ਲਿਆ ਕਿ ਸੂਬੇ ਦੇ ਡੀਸੀ ਦਫਤਰਾਂ ਦੇ ਕਰਮਚਾਰੀ 10 ਤੋਂ 12 ਜੁਲਾਈ ਤਕ ਕਲਮ ਛੋੜ ਹੜਤਾਲ ‘ਤੇ ਜਾਣਗੇ ਤੇ ਕੰਪਿਊਟਰ ਬੰਦ ਰੱਖਣਗੇ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਦਿੱਤੀ ਹੈ।