
ਪੰਜਾਬ ਨੂੰ ਇੱਕ ਸੂਝਵਾਨ, ਸਿਆਣੇ ਤੇ ਇਮਾਨਦਾਰ ਸਿਆਸੀ ਡਾਕਟਰ ਦੀ ਲੋੜ
ਜਸਬੀਰ ਸਿੰਘ ਪੱਟੀ 9356024684
ਪੰਜਾਬ ਦੇਸ਼ ਦੀ ਖੜਗ ਭੁਜਾ ਵਜੋਂ ਸੂਬਾ ਜਾਣਿਆ ਜਾਂਦਾ ਹੈ ਤੇ ਜਦੋਂ ਵੀ ਪੰਜਾਬ ਵਿੱਚ ਕੋਈ ਛੋਟੀ ਮੋਟੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਚਰਚਾ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਹੁੰਦੀ ਹੈ।ਜੇਕਰ ਸਿਆਸੀ ਤੌਰ ‘ਤੇ ਪੰਜਾਬ ਬਾਰੇ ਚਰਚਾ ਕੀਤੀ ਜਾਵੇ ਤਾਂ ਪੰਜਾਬ ਦੇ ਲੋਕ ਸਿਆਸੀ ਤੌਰ ‘ਤੇ ਬਾਕੀ ਰਾਜਾਂ ਦੇ ਲੋਕਾਂ ਨਾਲੋਂ ਵਧੇਰੇ ਜਾਗਰੂਕ ਹਨ ਪਰ ਜ਼ਜ਼ਬਾਤੀ ਵੀ ਬਹੁਤ ਹਨ ਜਿਸ ਕਰਕੇ ਹੀ 117 ਵਿੱਚੋ 92 ਸੀਟਾਂ ‘ਤੇ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਨਾਲ ਨਿਵਾਜਿਆ ਪਰ ਤਿੰਨ ਮਹੀਨੇ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਹੀ ਲੋਕ ਸਭਾ ਸੰਗਰੂਰ ਦੀ ਉਪ ਚੋਣ ਇਸ ਤਰ੍ਹਾ ਹਾਰ ਗਏ ਜਿਵੇਂ ਸਿਆਸੀ ਹੜ੍ਹ ਦਾ ਪਾਣੀ ਬਹੁਤ ਜਲਦੀ ਉੱਤਰ ਗਿਆ ਹੋਵੇ।ਇਸ ਹਾਰ ਦਾ ਕਾਰਨ ਪੰਜਾਬ ਦੀ ਅਮਨ ਕਨੂੰਨ ਦੀ ਹਾਲਤ ਸੀ ਕਿਉਕਿ ਆਲਮੀ ਪੱਧਰ ‘ਤੇ ਪ੍ਰਸਿੱਧ ਪ੍ਰਾਪਤ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਨੇ ਪੰਜਾਬ ਦੀ ਹਰ ਅੱਖ ਨੂੰ ਨਮ ਕੀਤਾ।ਕੱਟੜਵਾਦੀ ਸ੍ਰ੍ਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਾ ਕੇ ਸੰਗਰੂੂਰ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਦੀ ਅਮਨ ਸ਼ਾਂਤੀ ਨਾਲ ਖਿਲਵਾੜ ਕਰਨ ਵਾਲੀ ਸਰਕਾਰ ਨਾਲ ਕੋਈ ਸਮਝੌਤਾ ਨਹੀ ਕਰ ਸਕਦੇ।ਵੈਸੇ ਵੀ ਸੰਗਰੂਰ ਦੀ ਧਰਤੀ ਨੂੰ ਇਨਕਲਾਬੀਆਂ ਦੀ ਧਰਤ ਹੋਣ ਦਾ ਮਾਣ ਪ੍ਰਾਪਤ ਹੈ।
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਕਹਾਵਤ ਅਨੁਸਾਰ ਪੰਜਾਬ ਦੇ ਲੋਕਾਂ ਨੇ ਜਿਥੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ 90 ਫੀਸਦੀ ਹਿੱਸਾ ਪਾਇਆ ਉਥੇ ਹੀ ਦੇਸ਼ ਵਿੱਚੋਂ ਭੁੱਖਮਰੀ ਖਤਮ ਕਰਨ ਲਈ ਪੰਜਾਬ ਦੇ ਕਿਸਾਨ ਨੇ ਦਿਨ ਰਾਤ ਮਿਹਨਤ ਕਰਕੇ ਦੇਸ਼ ਦੇ ਅੰਨ ਭੰਡਾਰਾ ਨੂੰ ਨੱਕੋ ਨੱਕ ਭਰਿਆ ਤੇ ਅਮਰੀਕਾ ਤੋਂ ਰੱਦੀ ਆਂਉਣ ਵਾਲੀ ਲਾਲ ਕਣਕ ਤੋਂ ਦੇਸ਼ ਵਾਸੀਆ ਨੂੰ ਨਿਜ਼ਾਤ ਦਿਵਾਈ।ਇਸੇ ਤਰ੍ਹਾਂ ਜਦੋਂ ਵੀ ਦੇਸ਼ ਦੀਆਂ ਸਰਹੱਦਾਂ ‘ਤੇ ਕੋਈ ਭੀੜ ਬਣੀ ਤਾਂ ਪੰਜਾਬ ਤੇ ਵਿਸ਼ੇਸ਼ ਕਰਕੇ ਸਿੱਖਾਂ ਨੇ ਤਨ, ਮਨ ਤੇ ਧੰਨ ਨਾਲ ਹਰ ਪ੍ਰਕਾਰ ਦੀ ਮਦਦ ਕਰਕੇ ਦੇਸ਼ ਭਗਤੀ ਦਾ ਸਬੂਤ ਦਿੱਤਾ, ਭਾਵੇ 1962 ਦੀ ਜੰਗ ਚੀਨ ਨਾਲ ਹੋਈ ਜੰਗ ਹੋਵੇ, ਭਾਵੇਂ 1965 ਤੇ 1971 ਦੀਆਂ ਦੋ ਜੰਗਾਂ ਪਾਕਿਸਤਾਨ ਨਾਲ ਹੋਈਆਂ ਹੋਣ ਪਰ ਦੇਸ਼ ਦੀਆਂ ਸਰਕਾਰਾਂ ਵੱਲੋ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਪਰ ਫਿਰ ਵੀ ਸਿੱਖਾਂ ਵਿੱਚ ਦੇਸ਼ ਭਗਤੀ ਦੀ ਕੋਈ ਕਮੀ ਨਾ ਆਈ।
ਕਰੀਬ ਦੋ ਦਿਨ ਪਹਿਲਾਂ ਕੁਝ ਖਾਲਿਸਤਾਨੀ ਪੱਖੀ ਲੋਕਾਂ ਵੱਲੋਂ ਜਿਸ ਤਰੀਕੇ ਨਾਲ ਅਜਨਾਲੇ ਵਿੱਚ ਇੱਕ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਉਸ ਨੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਤੇ ਅਮਨ-ਕਾਨੂੰਨ ਦੇ ਨਾਜ਼ੁਕ ਹਾਲਾਤ ਨੂੰ ਉੱਭਰਵੇਂ ਰੂਪ ਵਿਚ ਪੇਸ਼ ਕੀਤਾ।ਇਹ ਘਟਨਾਕ੍ਰਮ ਵੱਡੇ ਸਵਾਲ ਉਠਾਉਂਦਾ ਹੈ ਕਿ ਅੱਜ ਸੂਬਾ ਕਿਸ ਸਥਿਤੀ ਵੱਲ ਵੱਧ ਰਿਹਾ ਹੈ,ਕਿਸ ਪਾਸੇ ਜਾ ਰਿਹਾ ਹੈ ਤੇ ਸੂਬੇ ਦਾ ਭਵਿੱਖ ਕੀ ਹੋਵੇਗਾ? ਵੈਸੈ ਤਾਂ ਦੇਸ਼ ਦੀ ਸਭ ਤੋਂ ਵੱਡੀ ਤੇ ਹਾਕਮ ਸਿਆਸੀ ਪਾਰਟੀ ਖ਼ੁਦ ਧਰਮ ਆਧਾਰਿਤ ਸਿਆਸਤ ਕਰਕੇ ਸਮਾਜ ਵਿੱਚ ਅਸਾਵਾਂਪਨ ਪੈਦਾ ਕਰ ਰਹੀ ਹੈ ਹੈ ਤਾਂ ਦੂਸਰੀਆਂ ਪਾਰਟੀਆਂ ਨੂੰ ਅਜਿਹੀ ਸਿਆਸਤ ਕਰਨ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ?
ਕਰੀਬ ਪੰਜ ਦਹਾਕੇ ਪਹਿਲਾਂ ਪੰਜਾਬ ਵਿੱਚ ਝੂਠੇ ਪੁਲੀਸ ਮੁਕਾਬਲਿਆ ਦਾ ਸਿਲਸਿਲਾ 1970 ਵਿੱਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਥੋੜੇ ਸਮੇਂ ਲਈ ਪੰਜਾਬ ਦੇ (ਅਕਾਲੀ ਦਲ) ਮੁੱਖ ਮੰਤਰੀ ਬਣੇ ਸ੍ਰ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਨਕਸਲਾਈਟ ਕਹਿ ਕੇ ਤਸ਼ੱਦਦ ਹੀ ਨਹੀਂ ਕੀਤਾ ਸਗੋਂ ਸੀ ਆਈ ਏ ਸਟਾਫ ਦੇ ਨਾਮ ‘ਤੇ ਤਸੀਹਾ ਕੇਂਦਰ ਬਣਾਏ । ਕਈ ਨੌਜਵਾਨਾਂ ਨੂੰ ਤਸ਼ੱਦਦ ਕਰਕੇ ਨਿਪੁੰਸਕ ਬਣਾਇਆ ਤੇ ਕਈਆਂ ਦੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਪੰਜਾਬ ਵਿੱਚ ਸਰਕਾਰੀ ਅੱਤਵਾਦ ਦੀ ਸ਼ੁਰੂ ਕੀਤੀ।1980 ਦੇ ਦਹਾਕੇ ਦੌਰਾਨ ਵੀ ਪੰਜਾਬੀਆਂ ਨੇ ਸਰਕਾਰੀ ਅੱਤਵਾਦ ਤੇ ਸਰਕਾਰੀ ਤਸ਼ੱਦਦ ਦਾ ਸੰਤਾਪ ਵੀ ਹੰਢਾਇਆ।
1975 ਵਿੱਚ ਜਦੋਂ ਨਿੱਕਰਧਾਰੀਆਂ (ਜਨ ਸੰਘੀਆ) ਨੂੰ ਸਬਕ ਸਿਖਾਉਣ ਲਈ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਸਾਡੇ ਅਕਾਲੀਆ ਭਰਾਵਾਂ ਨੇ ਆਪਣੇ ਸੌੜੇ ਸਿਆਸੀ ਤੇ ਨਿੱਜੀ ਹਿੱਤਾਂ ਲਈ ਪੰਜਾਬ ਨਾਲ ਧ੍ਰੋਹ ਕਮਾ ਕੇ ਇੰਦਰਾ ਗਾਂਧੀ ਵੱਲੋਂ ਸਾਰੀਆਂ ਮੰਗਾਂ ਮੰਨ ਲਏ ਜਾਣ ਦੇ ਭੇਜੇ ਸੁਨੇਹੇ ਦੇ ਬਾਵਜੂਦ ਵੀ ਇਸ ਅਣਸੱਦੀ ਲੜਾਈ ਵਿੱਚ ਛਲਾਂਗ ਮਾਰ ਕੇ ਇੰਦਰਾ ਗਾਂਧੀ ਨਾਲ ਸਿੱਧਾ ਪੰਗਾ ਲੈ ਲਿਆਂ ਜਿਸ ਕਾਰਨ ਸਿੱਖਾਂ ਤੋ ਬਦਲਾ ਲੈਣ ਲਈ 1984 ਵਿਚ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਵਿਚ ਦਾਖ਼ਲ ਹੋ ਕੇ ਸਾਕਾ ਨੀਲ਼ਾ ਤਾਰਾ ਨੂੰ ਅੰਜ਼ਾਮ ਦਿੱਤਾ।ਸਾਕਾ ਨੀਲਾ ਤਾਰਾ ਦਾ ਬਦਲਾ ਲੈਣ ਲਈ ਜਦੋਂ ਸਿੱਖ ਸਿਪਾਹੀਆਂ ਨੇ ਨਵੰਬਰ 1984 ਵਿੱਚ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਤਾਂ ਇਸ ਤੋਂ ਬਾਅਦ ਦਿੱਲੀ, ਕਾਨਪੁਰ ਤੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਪਰ ਅੱਜ ਤੱਕ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਹੋਈ ਅਤੇ ਕਤਲੇਆਮ ਕਰਵਾਉਣ ਵਾਲੇ ਆਗੂ ਸੱਤਾ ਭੋਗਦੇ ਰਹੇ।ਇਸ ਤੋਂ ਬਾਅਦ ਪੰਜਾਬ ਵਿੱਚ ਖਾੜਕੂਵਾਦ ਪਨਪਿਆ ਤੇ ਪੁਲੀਸ ਨੇ ਹਜ਼ਾਰਾਂ ਦੀ ਗਿਣਤੀ ਨਿਰਦੋਸ਼ ਨੌਜਵਾਨਾਂ ਦਾ ਸ਼ਿਕਾਰ ਕਰਕੇ ਲਾਸ਼ਾਂ ਨੂੰ ਦਰਿਆਵਾਂ ਵਿੱਚ ਰੌੜ ਕੇ ਮੱਛੀਆਂ ਦਾ ਆਹਾਰ ਬਣਾ ਦਿੱਤਾ।
1990ਵਿਆਂ ਦੇ ਦਹਾਕੇ ਵਿੱਚ ਪੰਜਾਬ ਨਸ਼ਿਆਂ ਦੇ ਜਾਲ ’ਚ ਫਸ ਗਿਆ ।ਪਹਿਲ਼ਾ ਨੌਜਵਾਨਾਂ ਨੂੰ ਬੰਦੂਕ ਦੀ ਗੋਲ਼ੀ ਨਾਲ ਖਤਮ ਕੀਤਾ ਤੇ ਫਿਰ ਨਸ਼ੇ ਦੀ ਗੋਲ਼ੀ ਨਾਲ ਖਤਮ ਕਰਨਾ ਸ਼ੁਰੂ ਕਰ ਦਿੱਤਾ।ਪੰਜਾਬ ਦੀ ਜਵਾਨੀ ਦਾ ਨਸ਼ਿਆਂ ਵਿਚ ਗ੍ਰਸੇ ਜਾਣਾ ਸੱਤਾਧਾਰੀਆਂ ਨੂੰ ਬਹੁਤ ਰਾਸ ਆਇਆ।ਪਹਿਲਾਂ ਨਿਰਦੋਸ਼ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਮੋਟੀਆ ਰਕਮਾਂ ਵਸੂਲੀਆ ਗਈਆਂ ਤੇ ਫਿਰ ਨਸ਼ਿਆਂ ਦੇ ਕਾਰੋਬਾਰ ਤੋਂ ਸਿਆਸੀ ਆਗੂਆਂ, ਪੁਲੀਸ ਅਧਿਕਾਰੀਆਂ ਅਤੇ ਸਮੱਗਲਰਾਂ ਨੇ ਕਰੋੜਾਂ ਰੁਪਏ ਕਮਾਏ।ਨੌਜਵਾਨਾਂ ਵਿੱਚ ਆਪਣੇ ਹੱਕਾਂ ਲਈ ਲੜਨ ਦੀ ਹਿੰਮਤ ਨਾ ਰਹੀ। ਘਬਰਾਏ ਹੋਏ ਮਾਪਿਆਂ ਕੋਲ ਆਪਣੇ ਬੱਚਿਆਂ ਨੂੰ ਪਰਵਾਸ ਕਰਨ ਲਈ ਪ੍ਰੇਰਿਤ ਕਰਕੇ ਕੈਨੇਡਾ, ਅਮਰੀਕਾ ਤੇ ਦੂਸਰੇ ਦੇਸ਼ਾਂ ਵਿਚ ਭੇਜਣ ਤੋ ਸਿਵਾਏ ਹੋਰ ਕੋਈ ਰਾਹ ਦਿਖਾਈ ਨਾ ਦਿੱਤਾ ਪਰ ਕਿੰਨੇ ਕੁ ਲੋਕ ਵਿਦੇਸ਼ਾਂ ਨੂੰ ਜਾ ਸਕਦੇ ਹਨ।ਜਿਸ ਤਰ੍ਹਾਂ ਅਮੀਰਾਂ ਨੇ ਤਾਂ ਅੱਤਵਾਦ ਦੇ ਕਾਲੇ ਦੌਰ ਦੌਰਾਨ ਵੀ ਆਪਣੇ ਪੁੱਤ ਨੋਟਾਂ ਨਾਲ ਤੋਲ ਕੇ ਬਚਾ ਲਏ ਇਸੇ ਤਰ੍ਹਾ ਹੀ ਹੁਣ ਵੀ ਅਮੀਰਾਂ ਦੇ ਬੱਚੇ ਤਾਂ ਪ੍ਰਵਾਸ ਕਰ ਰਹੇ ਹਨ ਪਰ ਗਰੀਬਾਂ ਦੇ ਬੱਚਿਆਂ ਨੇ ਤਾਂ ਇਥੇ ਹੀ ਰਹਿਣਾ ਤੇ ਇੱਥੋਂ ਦੇ ਹਾਲਾਤਾਂ ਨਾਲ ਹੀ ਜੂਝਣਾ ਹੈ।
ਸਿਆਸੀ ਤੇ ਪ੍ਰਸ਼ਾਸਕੀ ਜਮਾਤਾਂ ਨੇ ਪੰਜਾਬ ਨਾਲ ਕੋਈ ਪ੍ਰਤੀਬੱਧਤਾ ਤੇ ਦਿਲਚਸਪੀ ਨਹੀਂ ਦਿਖਾਈ ਤੇ ਉਹਨਾਂ ਦਾ ਫੰਡਾ ਤਾਂ ਸਿਰਫ ਕੁਰਸੀ ਪ੍ਰਾਪਤ ਕਰਕੇ ਲੁੱਟਣ ਤੱਕ ਹੀ ਸੀਮਤ ਹੈ। ਪਿਛਲੇ ਕਰੀਬ ਤਿੰਨ ਦਹਾਕਿਆਂ ਦਾ ਇਤਿਹਾਸ ਗਵਾਹ ਹੈ ਕਿ ਸਿਆਸੀ ਆਗੂਆਂ, ਅਧਿਕਾਰੀਆਂ ਅਤੇ ਕੁਝ ਕਾਰੋਬਾਰੀਆਂ ਨੇ ਦੌਲਤ ਦੇ ਅੰਬਾਰਾਂ ਦੇ ਅੰਬਾਰ ਇਕੱਠੇ ਕੀਤੇ ਹਨ ਜਦੋਂ ਕਿ ਆਮ ਪੰਜਾਬੀ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਹੇ ਹਨ।ਵਿੱਦਿਅਕ ਢਾਂਚਾ ਕਮਜ਼ੋਰ ਤੇ ਜਰਜਰਾ ਹੋ ਚੁੱਕਾ ਹੈ ਤੇ ਉੱਚ ਵਿਿਦਆ ਦੇਣ ਵਾਲੇ 150 ਦੇ ਕਰੀਬ ਕਾਲਜ ਬੰਦ ਹੋ ਗਏ ਹਨ।ਜਿਹੜਾ ਢਾਂਚਾ ਬਚਿਆ ਵੀ ਹੈ ਉਹ ਇਹੋ ਜਿਹੇ ਵਿਿਦਆਰਥੀ ਪੈਦਾ ਨਹੀਂ ਕਰ ਰਿਹਾ ਜੋ ਆਪਣੇ ਹੁਨਰ ਅਤੇ ਕਾਬਲੀਅਤ ਦੇ ਆਧਾਰ ’ਤੇ ਰੁਜ਼ਗਾਰ ਹਾਸਲ ਕਰ ਸਕਣ। ਸਰਕਾਰਾਂ ਨੇ ਰੁਜ਼ਗਾਰ ਦੇਣ ਲਈ ਵੀ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ।ਪੰਜਾਬ ਵਿੱਚ ਇੱਕ ਦਹਾਕਾ ਪਹਿਲਾਂ ਸ਼ੁਰੂ ਹੋਇਆ ਧਰਮ ਆਧਾਰਿਤ ਸਿਆਸਤ ਕਰਨ ਦਾ ਪ੍ਰਚੱਲਣ ਇੱਕ ਵਾਰੀ ਫਿਰ ਸ਼ੁਰੂ ਹੋ ਗਿਆ ਹੈ।ਸ਼ਰਾਰਤੀ ਅਨਸਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਬੇਅਦਬੀ ਦਾ ਵਿਰੋਧ ਕਰ ਰਹੇ ਨਿਹੱਥੇ ਲੋਕਾਂ ’ਤੇ ਗੋਲੀ ਚਲਾਈ ਗਈ ਤੇ ਦੋ ਲੋਕ ਮਾਰੇ ਗਏ ਤੇ ਕਈ ਫੱਟੜ ਹੋਏ।ਸਰਕਾਰ ਇਨਸਾਫ ਦੇਣ ਦੀਆ ਟਾਹਰਾਂ ਮਾਰਦੀ ਰਹੀ ਪਰ ਇਨਸਾਫ ਦੇਣ ਦੀ ਕੋਈ ਦਿਲਚਸਪੀ ਨਾ ਵਿਖਾਈ।ਗੁਟਕੇ ਫੜ ਕੇ ਸਹੂੰਆਂ ਖਾਣ ਵਾਲੀ ਸਰਕਾਰ ਵੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਅਤੇ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਵਿਰੁੱਧ ਅਜਿਹੀ ਕਾਰਵਾਈ ਨਹੀਂ ਕਰ ਸਕੀ ਜਿਸ ਨਾਲ ਸੰਗਤਾਂ ਦੇ ਸੀਨਿਆਂ ਵਿੱਚ ਲੱਗੇ ਜ਼ਖ਼ਮਾਂ ਉੱਤੇ ਮਰਹਮ ਲੱਗਦੀ।
21 ਸਦੀ ਦੇ ਪਹਿਲੇ ਦਹਾਕੇ ਦੌਰਾਨ ਤੋ ਹੀ ਬਦਮਾਸ਼ਾਂ ਦੇ ਟੋਲੇ (ਗੈਂਗ) ਉੱਭਰੇ ਜਿਹਨਾਂ ਨੇ ਪੰਜਾਬ ਨੂੰ ਹਰ ਪੱਖ ਤੋਂ ਬਰਬਾਦ ਕੀਤਾ।ਸਿਆਸੀ ਜਮਾਤ ਨੂੰ ਧਰਮ ਆਧਾਰਿਤ ਸਿਆਸਤ ਵੀ ਰਾਸ ਆਉਂਦੀ ਹੈ ਕਿਉਂਕਿ ਇਸ ਕਾਰਨ ਲੋਕਾਂ ਦਾ ਧਿਆਨ ਲੋਕ ਮੁੱਦਿਆ ਬੇਰੁਜ਼ਗਾਰੀ, ਮਹਿੰਗਾਈ ਤੇ ਅਮਨ ਸ਼ਾਂਤੀ ਜਿਹੇ ਮੁੱਦਿਆਂ ਤੋਂ ਹੱਟਦਾ ਹੈ।ਹੁਣ ਬੀਤੇ ਦਿਨਾਂ ਤੋ ਇੱਕ ਹੋਰ ਨਵਾਂ ਤਰੀਕਾ ਪੰਜਾਬ ਨੂੰ ਬਰਬਾਦ ਕਰਨ ਦਾ ਅਪਨਾਇਆ ਜਾ ਰਿਹਾ ਹੈ ਤੇ ਧਰਮ ਦੀ ਆੜ ਹੇਠ ਅਜਨਾਲਾ ਵਿੱਚ ਵਾਪਰਿਆ ਉਸ ਘਟਨਾਕ੍ਰਮ ਨੇ ਪੁਲੀਸ, ਪ੍ਰਸ਼ਾਸਨ ਅਤੇ ਖ਼ੁਫ਼ੀਆ ਢਾਂਚੇ ਨੂੰ ਲਾਚਾਰ ਤੇ ਬੇਬਸ ਬਣਾ ਕੇ ਰੱਖ ਦਿੱਤਾ ਹੈ।ਡੀ ਜੀ ਪੀ ਪੰਜਾਬ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਆੜ ਹੇਠ ਜੋ ਕੁਝ ਕੀਤਾ ਗਿਆ ਉਹ ਸਿਰਫ ਪੁਲੀਸ ਪ੍ਰਸ਼ਾਸ਼ਨ ਦੀ ਲਾਚਾਰੀ ਨਹੀਂ ਸਗੌ ਮਜ਼ਬੂਰੀ ਬਣ ਗਈ ਸੀ ਕਿਉਕਿ ਕੁਝ ਸ਼ਰਾਰਤੀ ਅਨਸਰ ਇੱਕ ਹੋਰ ਬਰਗਾੜੀ ਕਾਂਡ ਨੂੰ ਜਨਮ ਦੇਣ ਦੀ ਫਿਰਾਕ ਵਿੱਚ ਸਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਧਰਮ ਆਧਾਰਿਤ ਸਿਆਸਤ ਲਈ ਦੁਬਾਰਾ ਸਫ਼ਬੰਦੀ ਹੋ ਰਹੀ ਹੈ? ਕੇਂਦਰ ਤੇ ਸੂਬਾ ਸਰਕਾਰਾਂ ਪੰਜਾਬ ਦੇ ਮਸਲੇ ਸੁਲਝਾਉਣ ਦੀ ਬਜਾਇ ਆਪਸੀ ਟਕਰਾਅ ਦੀ ਰਾਹ ‘ਤੇ ਚੱਲ ਰਹੀਆਂ ਹਨ ਤੇ ਜਾਣ ਬੁੱਝ ਕੇ ਮਾਮਲਿਆਂ ਨੂੰ ਉਲਝਾਇਆ ਜਾ ਰਿਹਾ ਹੈ।ਕਦੇ ਪਾਣੀਆਂ ਦਾ ਮਸਲਾ ਉਭਾਰਿਆ ਜਾਂਦਾ ਹੈ, ਕਦੇ ਚੰਡੀਗੜ੍ਹ ਦਾ ਤੇ ਕਦੇ ਪੰਜਾਬ ਯੂਨੀਵਰਸਿਟੀ ਦਾ ਤੇ ਕਦੇ ਚੰਡੀਗੜ ਵਿੱਚ ਨਵੀਂ ਵਿਧਾਨ ਸਭਾ ਬਣਾਉਣ ਦਾ ਹਾਸੋਹੀਣਾ ਮਸਲਾ ਉਠਾਇਆ ਜਾ ਰਿਹਾ ਹੈ।ਪੰਜਾਬ ਨੂੰ ਬਰਬਾਦ ਕਰਨ ਲਈ ਇਕ-ਦੂਸਰੇ ਦੇ ਸਿਰ ਦੋਸ਼ ਮੜ੍ਹੇ ਜਾਂਦੇ ਹਨ ਜਿਸ ਕਾਰਨ ਨੁਕਸਾਨ ਪੰਜਾਬ ਤੇ ਪੰਜਾਬੀਆਂ ਦਾ ਹੋਣਾ ਹੈ।ਪੰਜਾਬ ਨੇ 1947 ਦੀ ਵੰਡ ਅਤੇ 1980ਵਿਆਂ ਵਿੱਚ ਅਥਾਹ ਦੁੱਖ ਭੋਗਿਆ ਹੈ।ਪੰਜਾਬ ਦੀ ਸਿਆਸੀ ਜਮਾਤ, ਨੌਜਵਾਨਾਂ, ਵਿਿਦਆਰਥੀਆਂ, ਕਿਸਾਨਾਂ ਨੂੰ ਬਰਬਾਦ ਕਰਨ ਲਈ ਹਰ ਸਮੇਂ ਆਹਰ ਵਿੱਚ ਲੱਗੀ ਰਹਿੰਦੀ ਹੈ।ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਸਿਆਸੀ ਜਮਾਤ, ਪ੍ਰਸ਼ਾਸਨ ਤੇ ਪੁਲੀਸ ਵਿਭਾਗ ਨੂੰ ਪੰਜਾਬ ਦੇ ਅਮਨ-ਕਾਨੂੰਨ ਦੇ ਹਾਲਾਤ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਇਸ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਲਈ ਅਰਥ ਭਰਪੂਰ ਕਦਮ ਚੁੱਕਣ ਦੀ ਜ਼ਰੂਰਤ ਹੈ।
ਅਜਨਾਲਾ ਵਿੱਚ ਵਾਪਰੀ ਘਟਨਾ ਬਾਰੇ ਹਾਲੇ ਤੱਕ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਸਪੱਸ਼ਟ ਬਿਆਨਬਾਜ਼ੀ ਨਹੀਂ ਕੀਤੀ ਜਿਸ ਕਾਰਨ ਸੰਗਤਾਂ ਵਿੱਚ ਰੋਸ ਹੈ।10 ਨਵੰਬਰ 2015 ਨੂੰ ਹੋਏ ਸਰਬੱਤ ਖਾਲਸਾ ਦੌਰਾਨ ਨਾਮਜ਼ਦ ਕੀਤੇ ਗਏ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਘਟਨਾ ਮੰਦਭਾਗੀ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਭਾਵੇਂ ਸਰਕਾਰ ਨੂੰ ਕੋਸਦਿਆ ਕਿਹਾ ਕਿ ਪੰਜਾਬ ਦੀ ਅਮਨ ਕਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸਰਕਾਰ ਅਸਫਲ ਰਹੀ ਹੈ ਤੇ ਮੁੱਖ ਮੰਤਰੀ ਤੇ ਡੀ ਜੀ ਪੀ ਕੋਲੋ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਮੰਗਿਆ ਜਾ ਰਿਹਾ ਹੈ।ਇਸ ਤੋਂ ਬਾਅਦ ਹੀ ਡੀ ਜੀ ਪੀ ਪੰਜਾਬ ਨੂੰ ਕਹਿਣਾ ਪਿਆ ਕਿ ਸੀ ਸੀ ਟੀ ਵੀ ਕੈੇਮਰਿਆ ਦੀ ਕਵਰੇਜ਼ ਵੇਖ ਕੇ ਕਾਰਵਾਈ ਅਵੱਸ਼ ਕੀਤੀ ਜਾਵੇਗੀ।ਸਰਕਾਰ ਕੀ ਕਾਰਵਾਈ ਕਰਦੀ ਹੈ ਇਹ ਤਾਂ ਭਵਿੱਖ ਦੀ ਬੁੱਕਲ ਵਿੱਚ ਛੁਪਿਆ ਹੈ ਪਰ ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰੀ ਫਿਰ ਚੁਨੌਤੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਤੇ ਪੁਲ਼ੀਸ ਨੇ ਕਿਸੇ ਵੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਤੇ ਇੱਕ ਵਾਰੀ ਫਿਰ ਇਸੇ ਤਰ੍ਹਾਂ ਹੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਜਾਵੇਗਾ।ਇਸ ਉਹ ਚਾਹੁੰਦੇ ਹਨ ਕਿ ਸਰਕਾਰ ਮਾਮਲੇ ਨੂੰ ਇਥੇ ਹੀ ਖਤਮ ਕਰ ਦੇਵੇ।
ਪੰਜਾਬ ਅੱਜ ਧਰਨਿਆਂ ਮੁਜ਼ਾਹਰਿਆਂ ਤੇ ਰੋਸ ਮਾਰਚਾਂ ਦੀ ਧਰਤੀ ਬਣੀ ਹੋਈ ਹੈ।ਇੱਕ ਮੋਰਚਾ ਬੇਅਦਬੀ ਦਾ ਇਨਸਾਫ ਲੈਣ ਲਈ ਬਹਿਬਲ ਕਲਾਂ, ਇੱਕ ਮੋਹਾਲੀ- ਚੰਡੀਗੜ੍ਹ ਬਾਰਡਰ ‘ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਅਜਨਾਲਾ ਵਿਖੇ ਜਿਸ ਤਰੀਕੇ ਨਾਲ ਇੱਕ ਨਿੱਜੀ ਲੜਾਈ ਨੂੰ ਪੰਥਕ ਮੋਰਚਾ ਲਗਾ ਕੇ ਨਜਿੱਠਿਆ ਗਿਆ ਹੈ ਉਸ ਨੇ ਕਈ ਪ੍ਰਕਾਰ ਦੇ ਸਵਾਲ ਛੱਡ ਦਿੱਤੇ ਹਨ।
ਇਹਨਾਂ ਤੋਂ ਇਲਾਵਾ ਪੰਜਾਬ ਦੀ ਹਰ ਸੜਕ ਤੇ ਕਿਸੇ ਨਾ ਕਿਸੇ ਜਥੇਬੰਦੀ ਨੇ ਧਰਨਾ ਲਗਾਇਆ ਹੋਇਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਤੋਂ ਬਾਹਰ ਸੈਰਾਂ ਕਰ ਰਹੇ ਹਨ।ਪੰਜਾਬ ਅੱਜ ਹਰ ਪਾਸੇ ਤੋਂ ਬੀਮਾਰ ਹੈ ਇਸ ਨੂੰ ਇਲਾਜ ਦੀ ਲੋੜ ਹੈ ਪਰ ਹੋਸ਼ੇ ਤੇ ਬੇਹੋਸ਼ੇ ਬਿਆਨ ਦੇ ਕੇ ਪੰਜਾਬ ਦਾ ਇਲਾਜ ਨਹੀਂ ਕੀਤਾ ਜਾ ਸਕਦਾ ਹੈ ਸਗੋਂ ਇਸ ਨੂੰ ਇੱਕ ਚੰਗੇ, ਸਿਆਣੇ ਤੇ ਇਮਾਨਦਾਰ ਸਿਆਸੀ ਡਾਕਟਰ ਦੀ ਲੋੜ ਹੈ ਪਰ ਅਜਿਹਾ ਕੋਈ ਸਿਆਸੀ ਡਾਕਟਰ ਦੂਰਬੀਨ ਨਾਲ ਵੀ ਦੂਰ ਦੂਰ ਦਿਖਾਈ ਨਹੀ ਦੇ ਰਿਹਾ।ਕਿਸਾਨੀ ਮੋਰਚੇ ਨੂੰ ਲੈ ਕੇ ਜਿਹੜੀ ਧਾਰਨਾ ਸਿੱਖਾਂ ਪ੍ਰਤੀ ਉਸਾਰੂ ਸੋਚ ਦੀ ਦੁਨੀਆ ਭਰ ਵਿੱਚ ਬਣੀ ਸੀ ਉਸ ਨੂੰ ਖੋਰਾ ਲਗਾਉਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਹਰ ਪ੍ਰਕਾਰ ਦੇ ਯਤਨ ਕਰ ਰਹੀਆਂ ਹਨ ਤੇ ਅਜਨਾਲੇ ਵਾਲੀ ਘਟਨਾ ਨੂੰ ਵੀ ਇਸੇ ਸੰਦਰਭ ਬੁੱਧੀਜੀਵੀ ਵਰਗ ਵੱਲੋ ਵੇਖਿਆ ਜਾ ਰਿਹਾ ਹੈ।ਰੱਬ ਖੈਰ ਕਰੇ!