ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ‘ਚ ਮੰਗਲਵਾਰ ਨੂੰ ਬੰਬ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਬੰਬ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੀ ਰਿਹਾਇਸ਼ ਦੇ ਬਾਹਰ ਖੜ੍ਹੀ ਸਬ-ਇੰਸਪੈਕਟਰ ਦੀ ਕਾਰ ਦੇ ਹੇਠੋਂ ਮਿਲਿਆ ਹੈ। ਸਵੇਰੇ ਕਾਰ ਧੋਣ ਆਏ ਨੌਜਵਾਨਾਂ ਨੇ ਕਾਰ ਦੇ ਟਾਇਰ ਨੇੜੇ ਤਾਰ ਦੇਖ ਕੇ ਸਬ-ਇੰਸਪੈਕਟਰ ਨੂੰ ਸੂਚਨਾ ਦਿੱਤੀ।
ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਰਣਜੀਤ ਐਵੇਨਿਊ ਸੀ-ਬਲਾਕ ਦਾ ਹੈ, ਜਿਸ ਨੂੰ ਅੰਮ੍ਰਿਤਸਰ ਦੀ ਸਭ ਤੋਂ ਪੌਸ਼ ਕਲੋਨੀ ਕਿਹਾ ਜਾਂਦਾ ਹੈ।
ਇੱਥੇ ਪੰਜਾਬ ਪੁਲਿਸ ਦੇ ਸੀਆਈਏ ਸਟਾਫ਼ ਵਿਚ ਤਾਇਨਾਤ ਸਬ-ਇੰਸਪੈਕਟਰ (ਐਸ.ਆਈ.) ਦਿਲਬਾਗ ਸਿੰਘ ਦੇ ਘਰ ਦੇ ਬਾਹਰ ਬੰਬ ਮਿਲਿਆ ਹੈ। ਹਰ ਰੋਜ਼ ਦੋ ਨੌਜਵਾਨ ਦਿਲਬਾਗ ਸਿੰਘ ਦੀ ਕਾਰ ਧੋਣ ਲਈ ਆਉਂਦੇ ਹਨ। ਮੰਗਲਵਾਰ ਸਵੇਰੇ ਵੀ ਮੰਗਾ ਅਤੇ ਉਸ ਦਾ ਸਾਥੀ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜ੍ਹੇ ਆਪਣੇ ਵਾਹਨਾਂ ਦੀ ਸਫਾਈ ਕਰ ਰਹੇ ਸਨ। ਇਸ ਦੌਰਾਨ ਦੋਹਾਂ ਨੇ ਗੱਡੀ ਦੇ ਪਿਛਲੇ ਪਹੀਏ ਹੇਠ ਡੱਬੇ ਵਰਗੀ ਚੀਜ਼ ਪਈ ਦੇਖ ਕੇ ਦਿਲਬਾਗ ਸਿੰਘ ਨੂੰ ਸੂਚਨਾ ਦਿੱਤੀ। ਜਦੋਂ ਦਿਲਬਾਗ ਸਿੰਘ ਕਾਰ ਦੇ ਨੇੜੇ ਪਹੁੰਚਿਆ ਤਾਂ ਉਥੇ ਲੱਗੇ ਡੈਟੋਨੇਟਰ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਵਿਭਾਗੀ ਅਧਿਕਾਰੀਆਂ ਨੂੰ ਦਿੱਤੀ।