ਪੰਜਾਬ ਪੁਲਿਸ ਦੇ ਸਾਬਕਾ ਐਸ ਐਸ ਪੀ ਰਾਜਿੰਦਰ ਸਿੰਘ ਅੱਜ ਰਸਮੀ ਤੌਰ ‘ਤੇ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਉਹ ਕੁੱਝ ਸਮੇਂ ਲਈ ਭਾਜਪਾ ‘ਚ ਸ਼ਾਮਿਲ ਹੋਏ ਸਨ ਅਤੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ‘ਚ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਸੀ, ਪਰ ਭਾਜਪਾ ਆਪਣੇ ਕੀਤੇ ਵਾਅਦੇ ‘ਤੇ ਖਰੀ ਨਹੀਂ ਉਤਰੀ।
ਕਾਂਗਰਸ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਕਿਸੇ ਤਕੜੇ ਉਮੀਦਵਾਰ ਦੀ ਭਾਲ ‘ਚ ਸੀ। ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਸਾਬਕਾ ਪੁਲਿਸ ਅਧਿਕਾਰੀ ਰਾਜਿੰਦਰ ਸਿੰਘ ਨੂੰ ਹੀ ਆਮ ਆਦਮੀ ਪਾਰਟੀ ਦੇ ਵਿਵਾਦਿਤ ਮੰਤਰੀ ਬਲਕਾਰ ਸਿੰਘ ਜੋ ਕਿ ਸਾਬਕਾ ਪੁਲਿਸ ਅਧਿਕਾਰੀ ਹਨ ਨੂੰ ਚੁਣੌਤੀ ਦੇਣ ਲਈ ਹੀ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਉਤਾਰਨ ਦਾ ਮਨ ਬਣਾਇਆ ਹੈ।
ਪਿਛਲੇ ਕਾਫੀ ਸਮੇਂ ਤੋਂ ਰਾਜਿੰਦਰ ਸਿੰਘ ਨੇ ਕਰਤਾਰਪੁਰ ਵਿਧਾਨ ਸਭਾ ਹਲਕੇ ‘ਚ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਸੀ। ਇੱਥੇ ਜ਼ਿਕਰਯੋਗ ਹੈ ਕਿ ਰਾਜਿੰਦਰ ਸਿੰਘ ਜਲੰਧਰ ਸ਼ਹਿਰ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਦਾ ਜਲੰਧਰ ਸ਼ਹਿਰ ਦੇ ਨਾਲ-ਨਾਲ ਕਰਤਾਰਪੁਰ ਹਲਕੇ ‘ਚ ਵੀ ਵੱਡਾ ਰਸੂਖ ਮੰਨਿਆ ਜਾ ਰਿਹਾ ਹੈ। ਰਾਜਿੰਦਰ ਸਿੰਘ ਨੇ ਦਾ ਐਡੀਟਰ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੁਲਿਸ ‘ਚ ਰਹਿੰਦਿਆਂ ਵੀ ਲੋਕਾਂ ਦੀ ਸੇਵਾ ਕੀਤੀ ਹੈ ਹੁਣ ਵੀ ਉਹ ਜਿੱਥੇ ਕਾਂਗਰਸ ਪਾਰਟੀ ਉਨ੍ਹਾਂ ਦੀ ਡਿਊਟੀ ਲਾਏਗੀ, ਉਹ ਉੱਥੇ ਬੜੀ ਤਨਦੇਹੀ ਨਾਲ ਡਿਊਟੀ ਨਿਭਾਉਣਗੇ