Punjab Police busted a gang formed by Delhi Police, arrested 2 head constables
ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ ਦੋ ਹੈੱਡ ਕਾਂਸਟੇਬਲਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਤਿੰਨ ਭੱਜਣ ਵਿੱਚ ਕਾਮਯਾਬ ਹੋ ਗਏ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਮਿਲ ਕੇ ਇੱਕ ਗਰੋਹ ਬਣਾਇਆ ਹੋਇਆ ਸੀ। ਇਹ ਗੈਂਗ ਦਿੱਲੀ ਪੁਲਿਸ ਦੇ ਰਿਕਾਰਡ ਵਿੱਚ ਭਗੌੜੇ ਕਰਾਰ ਦਿੱਤੇ ਮੁਲਜ਼ਮਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਪਰਿਵਾਰਾਂ ਤੋਂ ਪੈਸੇ ਵਸੂਲਦਾ ਸੀ।
ਇਨ੍ਹਾਂ ਦੀ ਪੋਲ ਹੁਸ਼ਿਆਰਪੁਰ ਦੇ ਦਸੂਹਾ ‘ਚ ਖੁੱਲ੍ਹ ਗਈ। ਇੱਥੇ ਉਹ ਭਗੌੜਾ ਕਰਾਰ ਮੁਲਜ਼ਮ ਨੂੰ ਲੈ ਕੇ ਜਾਣ ਲੱਗੇ ਤਾਂ ਕਿਸੇ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਬਿਨਾਂ ਨੰਬਰੀ ਸਕਾਰਪੀਓ ਗੱਡੀ ਸਮੇਤ ਦੋ ਜਣਿਆਂ ਨੂੰ ਕਾਬੂ ਕਰ ਲਿਆ। ਹੁਸ਼ਿਆਰਪੁਰ ਪੁਲਿਸ ਮੁਤਾਬਕ ਦਿੱਲੀ ਪੁਲਸ ਦੇ ਪੰਜ ਹੈੱਡ ਕਾਂਸਟੇਬਲ ਮਨੋਜ, ਰਾਜਾ, ਜੋਗਿੰਦਰ ਸਿੰਘ, ਦਸਬੀਰ ਸਿੰਘ ਤੇ ਸ਼੍ਰੀ ਪਾਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਮਨੋਜ ਤੇ ਰਾਜਾ ਫੜੇ ਗਏ ਹਨ। ਮੁਲਜ਼ਮਾਂ ਕੋਲੋਂ 1.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ।
ਐਸਐਚਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਜਿਸ ਦਾ ਨੰਬਰ ਨਹੀਂ ਸੀ, ਆਉਣ ਦੀ ਸੂਚਨਾ ਮਿਲੀ ਸੀ। ਦੱਸਿਆ ਗਿਆ ਸੀ ਕਿ ਇਸ ਕਾਰ ਵਿੱਚ ਬੈਠੇ 5 ਵਿਅਕਤੀ ਇੱਕ ਵਿਅਕਤੀ ਨੂੰ ਅਗਵਾ ਕਰਕੇ ਮੁਕੇਰੀਆਂ ਤੋਂ ਫ਼ਰਾਰ ਹੋ ਗਏ ਹਨ। ਇਸ ਮਗਰੋਂ ਪੁਲਿਸ ਨੇ ਦਸੂਹਾ ਵਿਖੇ ਨਾਕਾਬੰਦੀ ਕਰ ਦਿੱਤੀ। ਪੁਲਿਸ ਨੇ ਸਕਾਰਪੀਓ ਨੂੰ ਰੋਕਿਆ ਤਾਂ ਜੋਗਿੰਦਰ, ਦਸਬੀਰ ਤੇ ਸ੍ਰੀ ਪਾਲ ਭੱਜਣ ਵਿੱਚ ਕਾਮਯਾਬ ਹੋ ਗਏ, ਜਦੋਂਕਿ ਮਨੋਜ ਤੇ ਰਾਜਾ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਮਨੋਜ ਤੇ ਰਾਜਾ ਨੇ ਦੱਸਿਆ ਕਿ ਦੋਵੇਂ ਦਿੱਲੀ ਪੁਲਿਸ ‘ਚ ਹੈੱਡ ਕਾਂਸਟੇਬਲ ਹਨ। ਬਾਕੀ ਤਿੰਨ ਵੀ ਇਸੇ ਅਹੁਦੇ ’ਤੇ ਹਨ, ਪਰ ਇਨ੍ਹਾਂ ਵਿੱਚੋਂ ਦੋ ਬਰਖ਼ਾਸਤ ਹਨ। ਇਨ੍ਹਾਂ ਪੰਜਾਂ ਨੇ ਮਿਲ ਕੇ ਇੱਕ ਗਰੋਹ ਬਣਾਇਆ ਹੈ, ਜੋ ਦਿੱਲੀ ਦੇ ਪੀਓ ਐਲਾਨੇ ਗਏ ਮੁਲਜ਼ਮਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਪੈਸੇ ਵਸੂਲਦਾ ਸੀ। ਮੁਕੇਰੀਆਂ ਵਿੱਚ ਵੀ ਇਹ ਪੰਜੇ ਜਣੇ ਹਰਪ੍ਰੀਤ ਸਿੰਘ ਨਾਂ ਦੇ ਪੀਓ ਦੇ ਘਰ ਆਏ ਸਨ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 384 (ਜਬਰਦਸਤੀ) ਤੇ 120ਬੀ (ਸਾਜ਼ਿਸ਼) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਸਤਾਵੇਜ਼ਾਂ ਅਨੁਸਾਰ ਮੁਲਜ਼ਮਾਂ ਨੇ ਪਰਿਵਾਰ ਨੂੰ ਡਰਾ ਧਮਕਾ ਕੇ 1.50 ਲੱਖ ਰੁਪਏ ਹੜੱਪੇ ਸਨ।