ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਫ਼ਾਜ਼ਿਲਕਾ ਦੇ ਸਦਰ ਥਾਣੇ ਅੰਦਰ ਬਣੇ ਵੂਮੈਨ ਸੈੱਲ ਦੀ ਇੰਚਾਰਜ ਪੰਜਾਬ ਪੁਲੀਸ ਦੀ ਇੰਸਪੈਕਟਰ ਬਖਸ਼ੀਸ਼ ਕੌਰ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਫ਼ਾਜ਼ਿਲਕਾ ਦੀ ਦਾਣਾ ਮੰਡੀ ਵਿਚ ਬਣੇ ਵਿਜੀਲੈਂਸ ਵਿਭਾਗ ਦੇ ਦਫਤਰ ਵਿਖੇ ਵਿਭਾਗ ਦੇ ਡੀਐੱਸਪੀ ਗੁਰਿੰਦਰਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਕਤ ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਵੱਲੋਂ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ 40 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਇਸ ਵਿੱਚ ਸੋਦਾ 20 ਹਜ਼ਾਰ ‘ਚ ਤੈਅ ਹੋਇਆ ਸੀ ,ਜਿਸ ਵਿਚ 8 ਹਜ਼ਾਰ ਦੀ ਪਹਿਲੀ ਕਿਸ਼ਤ ਦਿੱਤੀ ਜਾ ਚੁੱਕੀ ਹੈ। ਅੱਜ ਵਿਜੀਲੈਂਸ ਵਿਭਾਗ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਗਾ ਕੇ ਮੌਕੇ ‘ਤੇ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਮਹਿਲਾ ਇੰਸਪੈਕਟਰ ਨੂੰ ਦੱਸ ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਫਿਲਹਾਲ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਦਕਿ ਓਧਰ ਆਰੋਪੀ ਉਕਤ ਮਹਿਲਾ ਇੰਸਪੈਕਟਰ ਨੇ ਆਪਣਾ ਪੱਖ ਵੀ ਮੀਡੀਆ ਦੇ ਸਾਹਮਣੇ ਰੱਖਿਆ ਜਿਸ ਵਿਚ ਉਸ ਨੇ ਇਨ੍ਹਾਂ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੁਲਿਸ ਕਰਮਚਾਰੀਆਂ ਦੇ ਨਾਮ ‘ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਸਰਪੰਚ ਹਰਜੀਤ ਸਿੰਘ ਗੁੱਲੂ, ਪਿੰਡ ਮੱਟਰਾਂ, ਐਸ.ਏ.ਐਸ.ਨਗਰ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ।