
ਪਾਵਰਕੌਮ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਸਮਾਰਟ ਪ੍ਰੀ-ਪੇਡ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਸੱਤ ਹਜ਼ਾਰ ਤੋਂ ਜ਼ਿਆਦਾ ਸਮਾਰਟ ਮੀਟਰ ਲੱਗ ਵੀ ਚੁੱਕੇ ਹਨ। ਉਕਤ ਸਮਾਰਟ ਮੀਟਰ ਲੱਗਣ ਤੋਂ ਬਾਅਦ ਇਨ੍ਹਾਂ ਸਰਕਾਰੀ ਦਫ਼ਤਰਾਂ ਨੂੰ ਰਿਚਾਰਜ਼ ਕਰਵਾਉਣ ਤੋਂ ਬਾਅਦ ਹੀ ਬਿਜਲੀ ਮੁਹੱਈਆ ਹੋ ਸਕੇਗੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਅੰਦਰ ਪ੍ਰੀ ਪੇਡ ਮੀਟਰ ਲਾਉਣ ਦਾ ਵੱਡਾ ਫੈਸਲਾ ਪਿਛਲੇ ਮਹੀਨਿਆਂ ਦੌਰਾਨ ਕੀਤਾ ਗਿਆ ਸੀ, ਕਿਉਂਕਿ ਸਰਕਾਰੀ ਦਫ਼ਤਰਾਂ ਵੱਲ ਪਾਵਰਕੌਮ ਦਾ ਕਰੋੜਾਂ ਰੁਪਏ ਬਿਜਲੀ ਬਿੱਲਾਂ ਦਾ ਬਕਾਇਆ ਪਿਆ ਹੈ। ਪਤਾ ਲੱਗਾ ਹੈ ਕਿ ਪਾਵਰਕੌਮ ਵੱਲੋਂ ਹੁਣ ਤੱਕ ਵੱਖ-ਵੱਖ ਸਰਕਾਰੀ ਦਫ਼ਤਰਾਂ ਅੰਦਰ 7 ਹਜ਼ਾਰ ਸਮਾਰਟ ਮੀਟਰ ਲਗਾ ਵੀ ਦਿੱਤੇ ਹਨ, ਜਦੋਂਕਿ ਬਾਕੀ ਦਾ ਕੰਮ ਜਾਰੀ ਹੈ। ਸੂਬੇ ਅੰਦਰ 50 ਹਜ਼ਾਰ ਦੇ ਕਰੀਬ ਸਰਕਾਰੀ ਦਫ਼ਤਰ ਹਨ ਜਿੱਥੇ ਕਿ ਇਹ ਸਮਾਰਟ ਮੀਟਰ ਲਗਾਏ ਜਾਣੇ ਹਨ।
ਜਿਹੜੇ ਸਰਕਾਰੀ ਦਫ਼ਤਰਾਂ ਵਿੱਚ ਇਹ ਸਮਾਰਟ ਮੀਟਰ ਲੱਗ ਚੁੱਕੇ ਹਨ, ਉੱਥੇ ਅਗਲੇ ਮਹੀਨੇ ਤੋਂ ਰਿਚਾਰਜ਼ ਕਰਨ ਦੇ ਨਾਲ ਹੀ ਬਿਜਲੀ ਮੁਹੱਈਆ ਕਰਵਾਉਣਗੇ। ਜਿਹੜਾ ਵੀ ਸਰਕਾਰੀ ਦਫ਼ਤਰ ਆਪਣੇ ਮੀਟਰਾਂ ਨੂੰ ਰਿਚਾਰਜ਼ ਨਹੀਂ ਕਰੇਗਾ, ਉਨ੍ਹਾਂ ਨੂੰ ਬਿਨਾਂ ਬਿਜਲੀ ਤੋਂ ਆਪਣੇ ਕੰਮ ਕਰਨੇ ਪੈਣਗੇ।