ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਬਿਜਲੀ ਬਿੱਲ ਬਕਾਏ ਮੁਆਫ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਇਸ ਦਾ ਐਲਾਨ ਪਹਿਲਾਂ ਹੀ ਕੀਤਾ ਸੀ। ਹੁਣ ਪਾਵਰਕੌਮ ਨੇ ਇਸ ਸਬੰਧੀ ਸਰਕੁਲਰ ਜਾਰੀ ਕਰਕੇ ਘਰੇਲੂ ਖਪਤਕਾਰਾਂ ਵੱਲ ਖੜ੍ਹੇ ਬਿਜਲੀ ਬਿੱਲਾਂ ਦੇ ਬਕਾਇਆਂ ‘ਤੇ ਲੀਕ ਮਾਰ ਦਿੱਤੀ ਹੈ।
ਦੱਸ ਦਈਏ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਘਰੇਲੂ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਬਿਜਲੀ ਬਿੱਲਾਂ ਦੇ ਸਾਰੇ ਬਕਾਏ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਸੀ ਜਿਸ ਨੂੰ ਹੁਣ ਅਮਲੀ ਰੂਪ ਦਿੱਤਾ ਗਿਆ ਹੈ। ਸਰਕੁਲਰ ਅਨੁਸਾਰ ਜਿਨ੍ਹਾਂ ਘਰੇਲੂ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਬਿਜਲੀ ਬਿੱਲਾਂ ਦੇ ਬਕਾਏ ਦੀ ਰਕਮ ਦਾ ਭੁਗਤਾਨ 30 ਜੂਨ 2022 ਤੱਕ ਨਹੀਂ ਕੀਤਾ ਗਿਆ, ਉਹ ਮੁਆਫ ਕੀਤੇ ਗਏ ਹਨ।
ਪੰਜਾਬ ਸਰਕਾਰ ਵਲੋਂ ਰਿਹਾਇਸ਼ੀ ਬਿਜਲੀ ਸਪਲਾਈ ਵਿੱਚ ਪਹਿਲਾਂ ਆਉਂਦੇ ਸਰਕਾਰੀ ਹਸਪਤਾਲ, ਡਿਸਪੈਂਸਰੀਆਂ, ਸਾਰੇ ਧਾਰਮਿਕ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸ, ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਤੇ ਅਟੈਚਡ ਹੋਸਟਲਾਂ ਨੂੰ ਇਸ ਬਕਾਇਆ ਮੁਆਫੀ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਪਾਵਰਕੌਮ ਹੁਣ ਅਜਿਹੇ ਸਾਰੇ ਬਿਜਲੀ ਕੁਨੈਕਸ਼ਨਾਂ ਨੂੰ ਮੁੜ ਜੋੜੇਗੀ ਜਿਨ੍ਹਾਂ ਦੇ ਬਿੱਲ 31 ਦਸੰਬਰ 2021 ਤੱਕ ਭਰੇ ਨਹੀਂ ਗਏ ਸਨ।