ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਬੁੱਧਵਾਰ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆਏ। ਮਜੀਠੀਆ ਜਿਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ, ਕਰੀਬ ਸਾਢੇ ਪੰਜ ਮਹੀਨੇ ਪਟਿਆਲਾ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਹੋਏ। ਉਨ੍ਹਾਂ ਦੀ ਰਿਹਾਈ ਦੌਰਾਨ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਪਹਿਲਾਂ ਹੀ ਮੌਜੂਦ ਸਨ। ਇਨ੍ਹਾਂ ਆਗੂਆਂ ਨੇ ਮਜੀਠੀਆ ਦੇ ਰਵਾਨਾ ਹੁੰਦੇ ਹੀ ਸਵਾਗਤ ਕੀਤਾ।
ਬਿਕਰਮ ਮਜੀਠੀਆ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ 24 ਫਰਵਰੀ ਨੂੰ ਅਦਾਲਤ ਤੋਂ ਆਤਮ ਸਮਰਪਣ ਕਰ ਦਿੱਤਾ ਸੀ। ਜਿੱਥੋਂ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਆਉਂਦੇ ਹੀ ਮਜੀਠੀਆ ਆਪਣੇ ਹੀ ਅੰਦਾਜ਼ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰ ਆਏ।
ਉੱਥੇ ਹੀ ਜਦੋਂ ਮਜੀਠੀਆ ਆਪਣੇ ਪਰਿਵਾਰ ਨਾਲ ਮਿਲੇ ਤਾਂ ਬੇਹੱਦ ਭਾਵੁਕ ਹੁੰਦੇ ਹੋਏ ਨਜ਼ਰ ਆਏ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਵੀ ਨਜ਼ਰ ਆਏ। ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸਦੇ ਨਾਲ ਹੀ ਗਨੀਵ ਕੌਰ ਮਜੀਠੀਆ ਵੀ ਨਜ਼ਰ ਆਈ। ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਬਿਕਰਮ ਮਜੀਠਿਆ ਨੂੰ ਦੋ ਲੱਖ ਦੇ ਮੁਚਲਕੇ ‘ਤੇ ਜ਼ਮਾਨਤ ਮਿਲੀ ਹੈ। ਮਜੀਠੀਆ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣਾ ਪਵੇਗਾ। ਬੁਲਾਏ ਜਾਣ ‘ਤੇ ਟ੍ਰਾਇਲ ਕੋਰਟ ‘ਚ ਪੇਸ਼ ਹੋਣਾ ਪਵੇਗਾ।