ਹੁਸ਼ਿਆਰਪੁਰ ਦੇ ਟਾਂਡਾ ਦੇ ਰਹਿਣ ਵਾਲੇ ਬਿਜਲੀ ਬੋਰਡ ਦੇ ਜੇ. ਈ. ਵੱਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜੇ. ਈ. ਤਰਸੇਮ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾ ਅਤੇ ਸੁਸਾਈਡ ਨੋਟ ਲਿਖ ਕੇ ਆਪਣੇ ਐਕਸੀਅਨ ਰੁਪਿੰਦਰ ਸਿੰਘ ਤੇ ਅਜੇ ਸਿੰਘ ਉਪਰ ਜਾਣਬੁੱਝ ਕੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਤਰਸੇਮ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਦੋਵਾਂ ਅਧਿਕਾਰੀਆਂ ਵੱਲੋਂ ਉਸ ਦੇ ਖਾਤੇ ‘ਚ ਜਬਰੀ ਸਾਈਨ ਕਰਕੇ 40 ਲੱਖ ਦਾ ਬਿਜਲੀ ਦਾ ਸਾਮਾਨ ਕਢਵਾਇਆ ਗਿਆ ਸੀ, ਜਿਸ ਕਰਕੇ ਉਹ ਲੰਬੇ ਸਮੇਂ ਤੋਂ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਤਰਸੇਮ ਲਾਲ ਜੇ. ਈ. ਕਪੂਰਥਲਾ ‘ਚ ਤਾਇਨਾਤ ਸੀ। ਉਸ ਨੇ ਨੌਕਰੀ ਦੀ ਸ਼ੁਰੂਆਤ 1993 ‘ਚ ਕੀਤੀ ਸੀ। ਉਸ ਦਾ ਵਿਆਹ 1997 ‘ਚ ਪਿੰਡ ਮੂਨਕਾਂ ਵਿਖੇ ਹੋਿੲਆ ਸੀ। ਉਹ ਆਪਣੇ ਪਰਿਵਾਰ ਨਾਲ ਸੁਖੀ ਜੀਵਨ ਬਤੀਤ ਕਰ ਰਿਹਾ ਸੀ। ਮ੍ਰਿਤਕ ਜੇ. ਈ. ਦੇ ਭਰਾ ਗੁਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਕੁ ਸਮੇਂ ਤੋਂ ਤਰਸੇਮ ਲਾਲ ਗੁੰਮ-ਸੁੰਮ ਜਿਹਾ ਰਹਿੰਦਾ ਸੀ ਅਤੇ ਕਿਸੇ ਨਾਲ ਵੀ ਵੱਧ-ਘੱਟ ਨਹੀਂ ਬੋਲਦਾ ਸੀ।
ਮਾਨਸਿਕ ਤਣਾਅ ਦੇ ਚਲਦਿਆਂ ਬੀਤੇ ਦਿਨ ਛੁੱਟੀ ਕੱਟ ਕੇ ਜਦੋਂ ਉਹ ਘਰੋਂ ਨੌਕਰੀ ਲਈ ਗਿਆ ਤਾਂ ਪਤਾ ਲੱਗਾ ਕਿ ਤਰਸੇਮ ਲਾਲ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ, ਜਿਸ ਨੂੰ ਪਹਿਲਾਂ ਕਪੂਰਥਲਾ ਦੇ ਇਕ ਹਸਪਤਾਲ ‘ਚ ਲਿਆਂਦਾ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਵੇਖ ਜਲੰਧਰ ਰੈਫਰ ਕਰ ਦਿੱਤਾ ਗਿਆ। ਜਿਥੋਂ ਉਸ ਨੂੰ ਰੈਫਰ ਕਰਕੇ ਹੁਸ਼ਿਆਰਪੁਰ ਲਿਆਂਦਾ ਗਿਆ ਤੇ ਉਸ ਦੀ ਬੀਤੇ ਦਿਨ ਮੌਤ ਹੋ ਗਈ।