
ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ .. .. . .! ਤੌੜੀਆ ਵੰਨ ਸੁਵੰਨੀਆ ਥੱਲੇ ਇੱਕੋ ਜਿਹੇ !
ਜਸਬੀਰ ਸਿੰਘ ਪੱਟੀ 9356024684
ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ .. .. .. ਵਾਂਗ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਤੇ ਫਿਰ ਗਿਆਨੀ ਰਘਬੀਰ ਸਿੰਘ ਨੂੰ ਲਗਾਇਆ ਗਿਆ, ਇਸੇ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਕਿਹਾ ਸੀ ਕਿ ਉਹ ਦੋ ਤਖਤਾਂ ਦੇ ਕੰਮ ਦਾ ਬੋਝ ਨਹੀਂ ਚੁੱਕ ਸਕਦੇ, ਇਸ ਲਈ ਉਹਨਾਂ ਨੂੰ ਅਕਾਲ ਤਖਤ ਦੀ ਸੇਵਾ ਤੋਂ ਮੁਕਤ ਕੀਤਾ ਜਾਵੇ ਕਿੰਨਾ, ਹਾਸੋਹੀਣਾ ਲੱਗਦਾ ਹੈ ਕਿਉਕਿ ਸ਼੍ਰੋਮਣੀ ਕਮੇਟੀ ਵੱਲੋਂ ਉਸ ਵੇਲੇ ਕਾਰਵਾਈ ਕੀਤੀ ਗਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇਸ਼ ਵਿੱਚੋਂ ਬਾਹਰ ਸਨ।ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਸ੍ਰੌਮਣੀ ਕਮੇਟੀ ਦੇ ਪ੍ਰਧਾਨ ਲੰਮੇ ਸਮੇਂ ਤੋਂ ਅਣਬਣ ਚੱਲਦੀ ਆ ਰਹੀ ਸੀ।ਸਿੱਖ ਧਰਮ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਰਵਉੱਚ ਸੀਟ ਮੰਨੀ ਜਾਂਦੀ ਹੈ।ਅਕਾਲ ਤਖ਼ਤ ਦੇ ਜਥੇਦਾਰ ਲਈ ਕੋਈ ਨਿਸ਼ਚਿਤ ਮਿਆਦ ਨਹੀਂ ਹੈ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਦੇ ਰਹਿਮੋ ਕਰਮ ‘ਤੇ ਹੀ ਹੈ। ਅਕਾਲ ਤਖ਼ਤ ਦੇ ਕਿਸੇ ਵੀ ਜਥੇਦਾਰ ਨੇ ਕੁਝ ਸਾਲਾਂ ਤੋਂ ਵੱਧ ਸਮੇਂ ਤੋਂ ਇਸ ਕੰਡਿਆਂ ਦੇ ਤਾਜ ‘ਤੇ ਕਬਜ਼ਾ ਨਹੀਂ ਕੀਤਾ, ਨਾ ਹੀ ਕੋਈ ਵਿਵਾਦ ਦੇ ਨਿਸ਼ਾਨ ਤੋਂ ਬਚਿਆ ਹੈ ਜਦੋਂ ਤੱਕ ਉਹ ਇਸ ਤੋਂ ਬਾਹਰ ਨਹੀਂ ਨਿਕਲਦਾ। ਜ਼ਿਆਦਾਤਰ ਮਾਮਲਿਆਂ ਵਿੱਚ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਜਥੇਦਾਰ ਦੀ ਨਿਯੁਕਤੀ ਕਰਨ ਵਾਲੀ ਅਥਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਿੱਧਾ ਟਕਰਾਅ ਰਿਹਾ ਹੈ।
ਜਥੇਦਾਰਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਵਾਲੀ ਪਹਿਲੀ ਉਦਾਹਰਣ 1984 ਦਾ ਸਾਕਾ ਨੀਲਾ ਤਾਰਾ ਸੀ। ਜਿਵੇਂ ਹੀ ਫੌਜ ਨੇ ਹਰਿਮੰਦਰ ਸਾਹਿਬ ਅੰਦਰ ਜਾਣ ਦਾ ਫੈਸਲਾ ਲਿਆ ਤਾਂ ਸਿੱਖਾਂ ਦਾ ਗੁੱਸਾ ਸਮਕਾਲੀ ਸਿੱਖ ਧਾਰਮਿਕ ਅਤੇ ਰਾਜਨੀਤਿਕ ਲੀਡਰਸ਼ਿਪ ‘ਤੇ ਵੀ ਸੀ ਜਿਹੜੀ ਇਹ ਕਹਿੰਦੀ ਨਹੀਂ ਥੱਕਦੀ ਸੀ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਟੈਂਕ ਉਹਨਾਂ ਦੀ ਹਿੱਕ ਤੋਂ ਲੰਘ ਕੇ ਹੀ ਜਾ ਸਕਣਗੇ ਪਰ ਉਹ ਤਾਂ ਹੱਥ ਖੜੇ ਕਰਕੇ ਇੰਜ ਬਾਹਰ ਆ ਗਏ ਜਿਵੇ ਨਾਨਕਿਆ ਤੋ ਕੋਈ ਬੱਚਾ ਹੱਸਦਾ ਖੇਡਦਾ ਆਪਣੇ ਘਰ ਨੂੰ ਵਾਪਸ ਪਰਤਦਾ ਹੈ।
ਜੂਨ 1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਗਿਆਨੀ ਕਿਰਪਾਲ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ। ਉਹਨਾਂ ਨੂੰ ਸਿੱਖ ਖਾੜਕੂ ਪੰਥ ਵਿਰੋਧੀ ਸਮਝਿਆ ਜਾਂਦਾ ਸੀ ਅਤੇ ਮਿਲੀਟੈਂਟਾਂ ਦੇ ਹਮਲੇ ਵਿਚ ਉਹ ਵਾਲ ਵਾਲ ਬਚੇ ਸਨ।ਉਹਨਾਂ ਨੇ ਰੇਡੀਓ ਤੇ ਟੀ ਵੀ ਦੇ ਸਾਹਮਣੇ ਖੜ ਕੇ ਕਿਹਾ ਸੀ ਕਿ ਕੋਠਾ ਸਾਹਿਬ ਠੀਕ ਠਾਕ ਹੈ ਪਰ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਇਨਕਾਰ ਕਰਕੇ ਸਿੱਖਾਂ ਦਾ ਗੁੱਸਾ ਕਮਾਇਆ। ਇਸ ਤੋਂ ਪਹਿਲਾਂ ਕਿ ਅਕਾਲ ਤਖ਼ਤ ਸਾਹਿਬ ਨੂੰ ਫੌਜੀ ਕਾਰਵਾਈ ਤੋਂ ਬਾਅਦ ਮੁੜ ਜਨਤਾ ਲਈ ਖੋਲ੍ਹ ਦਿੱਤਾ ਗਿਆ ਸੀ।ਬਾਅਦ ਵਿੱਚ, ਉਹ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਸਰਕਾਰ ਦੇ ਨੇੜੇ ਆ ਗਏ, ਜਿਸਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨਾਲ ਟਿਊਨਿੰਗ ਠੀਕ ਨਹੀਂ ਸੀ।ਸ਼੍ਰੋਮਣੀ ਕਮੇਟੀ ਨੇ 24 ਦਸੰਬਰ 1986 ਨੂੰ ਕਿਰਪਾਲ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ।
ਸ੍ਰੀ ਅਕਾਲ ਤਖਤ ‘ਤੇ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਸਿਰਫ ਜਥੇਦਾਰ ਅਕਾਲ ਤਖਤ ਨੂੰ ਹੀ ਹੈ ਪਰ ਦਮਦਮੀ ਟਕਸਾਲ ਦੇ ਤਤਕਾਲੀ ਕਾਰਜਕਾਰੀ ਮੁੱਖੀ ਬਾਬਾ ਠਾਕੂਰ ਸਿੰਘ ਨੇ ਆਪਣੇ ਪੱਧਰ ‘ਤੇ ਹੀ 26 ਜਨਵਰੀ, 1986 ਨੂੰ ਸਿੱਖ ਖਾੜਕੂਆਂ ਦੀ ਮਦਦ ਨਾਲ ਸਰਬੱਤ ਖਾਲਸਾ ਅਕਾਲ ਤਖਤ ‘ਤੇ ਬੁਲਾਇਆ ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖਤ ਦਾ “ਸਮਾਨਾਂਤਰ” ਜਥੇਦਾਰ ਥਾਪਿਆ ਗਿਆ ਤੇ ਰੋਡੇ ਦੇ ਜੇਲ੍ਹ ਵਿੱਚ ਹੋਣ ਕਾਰਨ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪਹਿਲਾਂ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ।ਕਿਰਪਾਲ ਸਿੰਘ ਨੂੰ ਉਦੋਂ ਤੱਕ ਅਧਿਕਾਰਤ ਜਥੇਦਾਰ ਵਜੋਂ ਛੱਡ ਦਿੱਤਾ ਗਿਆ ਸੀ ਜਦੋਂ ਤੱਕ ਉਸ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਅਤੇ ਸਿੱਖ ਖਾੜਕੂਆਂ ਅਤੇ ਸ਼੍ਰੋਮਣੀ ਕਮੇਟੀ ਨੇ ਪ੍ਰੋ ਦਰਸ਼ਨ ਸਿੰਘ ਰਾਗੀ ਨੂੰ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਵਜੋਂ ਸਵੀਕਾਰ ਕਰ ਲਿਆ ਸੀ।
ਪ੍ਰੋ. ਦਰਸ਼ਨ ਸਿੰਘ ਰਾਗੀ (ਦਸੰਬਰ 1986 ਤੋਂ ਮਾਰਚ 1988 ਅਤੇ 1989 ਤੋਂ 1990) ਕਾਰਜਕਾਰੀ ਜਥੇਦਾਰ ਥਾਪੇ ਜਾਣ ‘ਤੇ ਪ੍ਰੋ.ਰਾਗੀ ਨੇ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਇੱਕ ਮੰਚ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਬਰਨਾਲਾ ਇਸ ਕਦਮ ਦੇ ਵਿਰੁੱਧ ਸੀ, ਅਤੇ ਰਾਗੀ ਨੇ 14 ਫਰਵਰੀ, 1987 ਨੂੰ ਉਸਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲ਼ੀਸ ਭੇਜਣ ਦੇ ਦੋਸ਼ ਵਿੱਚ ਪੰਥ ਵਿੱਚੋਂ ਛੇਕ ਦਿੱਤਾ। ਇਸ ਦੇ ਜਵਾਬ ਵਿਚ ਬਰਨਾਲਾ ਨੇ 20 ਫਰਵਰੀ 1987 ਨੂੰ ਸੰਗਰੂਰ ਦੇ ਪਿੰਡ ਲੌਂਗੋਵਾਲ ਵਿਖੇ ਮੀਟਿੰਗ ਬੁਲਾਈ, ਜਿਸ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਫੈਸਲੇ ਨੂੰ ਚੁਣੌਤੀ ਵਜੋਂ ਦੇਖਿਆ ਗਿਆ।
ਮਈ 1987 ਵਿਚ ਬਰਨਾਲਾ ਸਰਕਾਰ ਨੂੰ ਕੇਂਦਰ ਨੇ ਬਰਖਾਸਤ ਕਰ ਦਿੱਤਾ।ਬਰਨਾਲਾ ਖੁਦ ਕਦੇ ਵੀ ਆਪਣੇ ਤਿਆਗ ਤੋਂ ਉਭਰ ਨਹੀਂ ਸਕੇ ਅਤੇ ਹੌਲੀ-ਹੌਲੀ ਸਿੱਖ ਸਿਆਸਤ ਦੀ ਮੁੱਖ ਧਾਰਾ ਤੋਂ ਦੂਰ ਹੋ ਗਏ।ਬਾਅਦ ਵਿਚ ਉਹ 5 ਦਸੰਬਰ 1988 ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਉਣ ਲਈ ਪੇਸ਼ ਹੋਏ ਤੇ ਉਹਨਾਂ ਦੇ ਗਲ ਵਿੱਚ ਫੱਟੀ ਪਾਈ ਗਈ ਜਿਸ ਉਪਰ ਲਿਿਖਆ ‘ਮੈ ਪਾਪੀ ਤੂੰ ਬਖਸ਼ਣਹਾਰ” ਵਾਲਾ ਸਲੋਗਨ ਲਿਿਖਆ ਹੋਇਆ ਸੀ।ਅਕਾਲ ਤਖਤ ਤੋਂ ਪੋ੍ਰ ਰਾਗੀ ਨੇ ਉਹਨਾਂ ਨੂੰ ਕਰੜੀ ਤਨਖਾਹ ਵੀ ਲਗਾਈ ਜਿਹੜੀ ਉਹਨਾਂ ਨੇ ਸ਼ਰਧਾ ਤੇ ਸਤਿਕਾਰ ਨਾਲ ਪੂਰੀ ਕੀਤੀ।
ਰਾਗੀ 4 ਅਗਸਤ 1987 ਨੂੰ ਇੱਕ ਕਾਨਫਰੰਸ ਬੁਲਾਉਣ ਤੋਂ ਬਾਅਦ ਸਿੱਖ ਮਿਲੀਟੈਟਾਂ ਵਿੱਚ ਵੀ ਨਾਗਵਾਰ ਹੋ ਗਿਆ ਸੀ। ਕੁਝ ਕੱਟੜਪੰਥੀ ਸਮੂਹਾਂ ਨੇ ਦੋਸ਼ ਲਾਇਆ ਕਿ ਕਾਨਫਰੰਸ ਵਿੱਚ ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ‘ਖਾਲਿਸਤਾਨ’ ਦੇ ਉਦੇਸ਼ ਬਾਰੇ ਗੁੰਮਰਾਹ ਕੀਤਾ ਸੀ।ਬਾਅਦ ਵਿੱਚ, ਰਾਗੀ ਨੇ 17 ਨਵੰਬਰ, 1987 ਨੂੰ ਅਸਤੀਫਾ ਦੇ ਦਿੱਤਾ।ਕਰੀਬ 23 ਸਾਲਾਂ ਬਾਅਦ ਬਾਕੀਆਂ ਨੂੰ ਪੰਥ ਵਿੱਚੋਂ ਛੇਕਣ ਵਾਲਾ ਪ੍ਰੋ. ਰਾਗੀ ਦਸਮ ਗ੍ਰੰਥ ਨੂੰ ਲੈ ਕੇ ਖੁਦ 2010 ਵਿੱਚ ਪੰਥ ਵਿੱਚੋ ਛੇਕਿਆ ਗਿਆ ਸੀ।
ਜਸਬੀਰ ਸਿੰਘ ਰੋਡੇ ਨੂੰ ਕੇਂਦਰ ਸਰਕਾਰ ਨੇ 4 ਮਾਰਚ 1988 ਨੂੰ ਰਿਹਾਅ ਕਰਕੇ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ, ਜਿਨ੍ਹਾਂ ਨੂੰ 1986 ਦੇ ਸਰਬੱਤ ਖ਼ਾਲਸਾ ਵਿੱਚ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਰੋਡੇ ਨੇ ਉਸੇ ਦਿਨ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਅਹੁਦਾ ਸੰਭਾਲ ਲਿਆ ਸੀ, ਜਿਸ ਦਿਨ ਉਹ ਰਿਹਾਅ ਹੋਏ ਸਨ। ਇਕ ਸਮੇਂ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸਿੱਖ ਖਾੜਕੂਆਂ ਵਿਚਕਾਰ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ। ਭਿੰਡਰਾਂਵਾਲੇ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਦੇ ਬਾਵਜੂਦ, ਰੋਡੇ ਮਿਲੀਟੈਂਟਾਂ ਦਾ ਭਰੋਸਾ ਜਿੱਤਣ ਵਿੱਚ ਅਸਫਲ ਰਿਹਾ।
ਓਪਰੇਸ਼ਨ ਬਲੈਕ ਥੰਡਰ, ਜਿਸ ਵਿਚ ਪੁਲਿਸ ਹਰਿਮੰਦਰ ਸਾਹਿਬ ਵਿਚ ਲੁਕੇ ਹੋਏ ਅੱਤਵਾਦੀਆਂ ਨੂੰ ਫੜਨ ਲਈ ਦਾਖਲ ਹੋਈ ਸੀ, ਤੋਂ ਤੁਰੰਤ ਬਾਅਦ 28 ਮਈ 1988 ਨੂੰ ਸ਼੍ਰੋਮਣੀ ਕਮੇਟੀ ਨੇ ਰੋਡੇ ਨੂੰ ਅਸਤੀਫਾ ਦੇਣ ਲਈ ਕਿਹਾ।ਕੁਝ ਸਮੇਂ ਦੇ ਅੰਦਰ ਹੀ, ਰੋਡੇ ਨੇ ਆਪਣੀ ਪ੍ਰਸਿੱਧੀ ਗੁਆ ਦਿੱਤੀ ਕਿਉਂਕਿ ਸਿੱਖ ਕੱਟੜਪੰਥੀਆਂ ਦੁਆਰਾ ਉਸ ‘ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨਾਲ ਗੱਠਜੋੜ ਕਰਨ ਦਾ ਦੋਸ਼ ਲਗਾਇਆ ਗਿਆ ਸੀ।
13 ਅਪ੍ਰੈਲ 1978 ਨੂੰ ਹੋਏ ਕਤਲੇਆਮ ਦੇ ਕਾਂਡ ਦੇ ਮੁੱਖ ਦੋਸ਼ੀ ਗੁਰਬਚਨ ਸਿੰਘ ਨਿਰੰਕਾਰੀ ਦੇ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਰਣਜੀਤ ਸਿੰਘ ਨੂੰ 1990 ਵਿੱਚ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਤੱਤਕਾਲ ਇਕੱਤਰਤਾ ਬੁਲਾ ਕੇ ਜਥੇਦਾਰ ਅਕਾਲ ਤਖਤ ਬਣਾਇਆ ਗਿਆ ਸੀ।ਖਾੜਕੂ ਜਥੇਬੰਦੀ ਬੱਬਰ ਖਾਲਸਾ (ਇੰਟਰਨੈਸ਼ਨਲ) ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਭਾਈ ਰਣਜੀਤ ਸਿੰਘ ਦੇ ਕੇਸ ਦੀ ਪੈਰਵੀ ਸਹੀ ਢੰਗ ਨਾਲ ਨਾ ਕਰਨ ਨੂੰ ਲੈ ਕੇ ਨਾਰਾਜ਼ ਸਨ ਤੇ ਟੌਹੜਾ ‘ਤੇ ਹਮਲੇ ਦਾ ਕਾਰਨ ਵੀ ਇਹੀ ਹੀ ਬਣਿਆ ਜਿਸ ਇੱਕ ਸਾਬਕਾ ਵਿਧਾਇਕ, ਇੱਕ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਪਰ ਜਥੇਦਾਰ ਟੌਹੜਾ ਦੇ ਇੱਕ ਹੱਥ ਦਾ ਗੂਠਾ ਉੱਡ ਗਿਆ ਸੀ। ਭਾਈ ਰਣਜੀਤ ਸਿੰਘ ਦੀ ਗੈਰ ਹਾਜ਼ਰੀ ਵਿੱਚ ਪ੍ਰੋ. ਮਨਜੀਤ ਸਿੰਘ ਜੋ ਕਿ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਨ ਨੂੰ ਕੁਝ ਜਰੂਰੀ ਕੰਮਾਂ ਲਈ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ 1994 ਵਿੱਚ ਲਗਾਇਆ ਗਿਆ।ਉਹਨਾਂ ਦੇ ਦੌਰ ਵਿੱਚ ਹੀ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਸਾਕਾ ਨੀਲਾ ਦੀ ਖਿਮਾ ਯਾਚਨਾ ਕੀਤੀ ਸੀ। ਉਹਨਾਂ ਨੇ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਇਕੱਠਾ ਕਰਨ ਲਈ ਕਈ ਕੋਸ਼ਿਸ਼ਾਂ ਵੀ ਕੀਤੀਆਂ ਅਤੇ ਇੱਕ ਸਮੇਂ ਤਾਂ ਕੈਪਟਨ ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ ਮਾਨ ਅਤੇ ਗੁਰਚਰਨ ਸਿੰਘ ਟੌਹੜਾ ਸਮੇਤ ਬਹੁਤੇ ਚੋਟੀ ਦੇ ਅਕਾਲੀ ਆਗੂਆਂ ਨੂੰ ਇਕੱਠਾ ਕਰਨ ਵਿੱਚ ਵੀ ਕਾਮਯਾਬ ਰਹੇ ਪਰ ਪ੍ਰਕਾਸ਼ ਸਿੰਘ ਬਾਦਲ ਦੀ ਵਜਾ ਕਾਰਨ ਪੰਥਕ ਏਕਤਾ ਨਾ ਹੋ ਸਕੀ।ਇਸ ਸਮੇਂ ਅੰਮ੍ਰਿਤਸਰ ਐਲਾਨ ਨਾਮਾ ਵੀ ਜਾਰੀ ਕੀਤਾ ਗਿਆ।
ਭਾਈ ਰਣਜੀਤ ਸਿੰਘ ਨੂੰ 1996 ਵਿੱਚ ਜ਼ਮਾਨਤ ਮਿਲ ਜਾਂਦੀ ਹੈ ਤੇ ਉਹ ਦਸੰਬਰ 1996 ਤੋਂ ਫਰਵਰੀ 1999 ਤੱਕ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਕਾਰਜ ਕਰਦੇ ਰਹੇ।ਭਾਈ ਰਣਜੀਤ ਸਿੰਘ ਨੇ 31 ਦਸੰਬਰ 1996 ਨੂੰ ਅਹੁਦਾ ਸੰਭਾਲਿਆ ਸੀ,ਤੇ 31 ਦਸੰਬਰ 1999 ਨੂੰ ਪੰਥਕ ਏਕਤਾ ਲਈ ਜਾਰੀ ਕੀਤਾ ਹੁਕਮਨਾਮਾ ਹੀ ਉਹਨਾਂ ਦੀ ਛੁੱਟੀ ਦਾ ਕਾਰਨ ਬਣਿਆ।ਭਾਈ ਰਣਜੀਤ ਸਿੰਘ ਦੀ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਪ੍ਰਸਿੱਧੀ ਬੁਲੰਦੀਆ ‘ਤੇ ਸੀ, ਪਰ ਉਹ ਵੀ ਜਲਦੀ ਹੀ ਵਿਵਾਦਾਂ ਵਿੱਚ ਘਿਰ ਗਏ। ਬਾਦਲ ਅਤੇ ਟੌਹੜਾ ਵਿਚਕਾਰ ਪਾਰਟੀ ਅੰਦਰਲੀ ਲੜਾਈ ਦੇ ਕਾਰਨ ਭਾਈ ਰਣਜੀਤ ਸਿੰਘ ਨੂੰ 10 ਫਰਵਰੀ 1999 ਨੂੰ ਆਹੁਦੇ ਤੋਂ ਹਟਾ ਦਿੱਤਾ ਗਿਆ।
10 ਫਰਵਰੀ 1999 ਨੂੰ ਗਿਆਨੀ ਪੂਰਨ ਸਿੰਘ ਦੀ ਜਥੇਦਾਰ ਵਜੋਂ ਤਾਜਪੋਸ਼ੀ ਇਤਿਹਾਸ ਵਿੱਚ ਪਹਿਲੀ ਵਾਰੀ ਸਰਕਾਰੀ ਸੱਤਾ ਦੇ ਨਸ਼ੇ ਵਿੱਚ ਬਾਦਲ ਲਾਣੇ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਉਸ ਵੇਲੇ ਕੀਤੀ ਪਰ ਉਹ ਵੀ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਿਆਦਾ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਟਕਰਾਅ ਵਿਚ ਆਉਣ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਵਾਦਪੂਰਨ ਸਾਬਤ ਹੋਏ।ਮੱਧ ਪ੍ਰਦੇਸ਼ ਦੇ ਸ਼ਹਿਰ ਗੁੰਨਾ ਦੇ ਇੱਕ ਪੀ ਸੀ ੳ ਤੋਂ ਹੁਕਮਨਾਮਾ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ਵਿੱਚੋਂ ਛੇਕ ਦਿੱਤਾ, ਜਿਹੜਾ ਗਿਆਨੀ ਪੂਰਨ ਸਿੰਘ ਦੀ ਛੁੱਟੀ ਦਾ ਕਾਰਨ ਬਣਿਆ ਤੇ 29 ਫਰਵਰੀ 2000 ਨੂੰ ਗਿਆਨੀ ਪੂਰਨ ਸਿੰਘ ਨੂੰ ਬਿਨਾਂ ਜੁੱਤੀ ਪਾਏੇ ਹੀ ਘਰ ਨੂੰ ਤੋਰ ਦਿੱਤਾ ਗਿਆ।
29 ਫਰਵਰੀ 2000 ਨੂੰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਬਤੌਰ ਜਥੇਦਾਰ ਨਿਯੁਕਤੀ ਹੋਈ ਤੇ ਉਹਨਾਂ ਨੇ ਗਿਆਨੀ ਪੂਰਨ ਸਿੰਘ ਦੀ ਖਾਲੀ ਥਾਂ ਨੂੰ ਭਰਿਆ।ਆਹੁਦਾ ਸੰਭਾਲਦਿਆ ਉਹਨਾਂ ਨੇ ਗਿਆਨੀ ਪੂਰਨ ਸਿੰਘ ਦੁਆਰਾ ਲਏ ਫੈਸਲਿਆ ਨੂੰ ਰੱਦ ਕਰ ਦਿੱਤਾ।ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਲਈ ਨਿਯਮ-ਕਾਨੂੰਨ ਬਣਾਉਣ ਦੀ ਮੰਗ ਕਰਨ ਵਾਲੇ ਉਹ ਸਭ ਤੋਂ ਪਹਿਲੇ ਜਥੇਦਾਰ ਸਨ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਰਸਮੀ ਰੂਪ ਨਹੀਂ ਦਿੱਤਾ।ਉਹ ਰਾਸ਼ਟਰੀ ਸਿੱਖ ਸੰਗਤ, ਜੋ ਕਿ ਆਰ. ਐਸ. ਐਸ. ਨਾਲ ਸਬੰਧਤ ਹੈ, ਵਿਰੁੱਧ ਨਿਰਦੇਸ਼ ਜਾਰੀ ਕਰਨ ਵਾਲੇ ਪਹਿਲੇ ਜਥੇਦਾਰ ਵੀ ਸਨ।ਵੇਦਾਂਤੀ ਨੇ ਅੱਠ ਸਾਲ ਅਹੁਦੇ ‘ਤੇ ਬਿਤਾਏ ਪਰ ਵਿਵਾਦਾਂ ਤੋਂ ਰਹਿਤ ਨਹੀਂ ਰਹੇ। ਉਹਨਾਂ ਨੇ 2007 ਵਿੱਚ ਡੇਰਾ ਸੱਚਾ ਸੌਦਾ ਦੇ ਖਿਲਾਫ ਅਹਿਮ ਹੁਕਮਨਾਮਾ ਜਾਰੀ ਕਰਕੇ ਡੇਰੇਦਾਰ ਗੁਰਮੀਤ ਰਾਮ ਰਹੀਮ ਦੀ ਬੋਲਤੀ ਬੰਦ ਕਰ ਦਿੱਤੀ ਸੀ। ਹਾਲਾਂਕਿ, ਵੇਦਾਂਤੀ ਦੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਲੀਡਰਸ਼ਿਪ ਨਾਲ ਮਤਭੇਦ ਪੈਦਾ ਹੋ ਗਏ ਪਰ ਗਿਆਨੀ ਵੇਦਾਂਤੀ ਨਾਲ ਉਹਨਾਂ ਦਾ ਇੱਕ ਰਿਸ਼ੇਦਾਰ ਹਰਫਨ ਮੌਲਾ ਪ੍ਰਿਥੀਪਾਲ ਸਿੰਘ ਸੀ ਜਿਸ ਕੋਲ ਹਰ ਮਸਲੇ ਦਾ ਹੱਲ ਹੁੰਦਾ ਸੀ ।ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਿੱਚ ਵੇਦਾਂਤੀ ਜੀ ਦੀ ਵਿਸ਼ੇਸ਼ ਭੁਮਿਕਾ ਰਹੀ।5 ਅਗਸਤ 2008 ਨੂੰ ਆਪਣੇ ਅਸਤੀਫੇ ਤੋਂ ਬਾਅਦ, ਵੇਦਾਂਤੀ ਜੀ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ।
ਗਿਆਨੀ ਗੁਰਬਚਨ ਸਿੰਘ ਦੀ 5 ਅਗਸਤ 2008 ਨੂੰ ਤਾਜਪੋਸ਼ੀ ਹੁੰਦੀ ਹੈ ਤੇ ਉਹਨਾਂ ਦੇ ਕਾਲ ਸਮੇਂ ਦੀ ਸੌਦਾ ਸਾਧ ਨੂੰ ਪਹਿਲਾਂ ਮੁਆਫੀ ਦਿੱਤੀ ਗਈ ਤੇ ਫਿਰ ਵਾਪਸ ਲਈ ਗਈ।ਇਹ ਮੁਆਫੀ ਭਾਂਵੇ ਸਿਆਸੀ ਆਗੂਆਂ ਦੇ ਇਸ਼ਾਰਿਆ ਤੇ ਦਿੱਤੀ ਗਈ ਪਰ ਜਿੰਨੇ ਵੀ ਲੋਕ ਇਸ ਮੁਆਫੀ ਵਿੱਚ ਸ਼ਾਮਲ ਸਨ ਅੱਜ ਤੱਕ ਉਭਰ ਨਹੀ ਸਕੇ। ਇਹ ਮੁਆਫੀ 2015 ਵਿੱਚ ਦਿੱਤੀ ਗਈ ਤੇ ਜਥੇਦਾਰ ਜੀ ਨੂੰ ਫਿਰ ਸੰਗੀਨਾਂ ਦੀ ਛਾਂ ਹੇਠ ਰਹਿਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਅਸਤੀਫਾ ਦੇ ਦਿੱਤਾ ਪਰ ਅਸਤੀਫਾ ਪ੍ਰਵਾਨ ਕਰਦਿਆ ਤਿੰਨ ਸਾਲ ਲੱਗ ਗਏ।
ਇਸੇ ਸਮੇਂ ਦੌਰਾਨ ਹੀ ਸਰਬੱਤ ਖਾਲਸਾ ਦੇ ਨਾਮ ‘ਤੇ ਕੀਤੇ ਗਏ ਇਕੱਠ ਵਿੱਚੋਂ ਮੁਤਵਾਜ਼ੀ ਜਥੇਦਾਰ ਨਿਕਲੇ ਤੇ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਜਦ ਕਿ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਨਿਯੁਕਤ ਕੀਤਾ ਗਿਆ। ਆਖਰਕਾਰ, ਸ਼੍ਰੋਮਣੀ ਕਮੇਟੀ ਨੇ ਚੁੱਪਚਾਪ ਗੁਰਬਚਨ ਨੂੰ 22 ਅਕਤੂਬਰ 2018 ਵਿੱਚ ਆਹੁਦੇ ਤੋਂ ਲਾਂਭੇ ਕਰ ਦਿੱਤਾ।ਦਿਲਚਸਪ ਗੱਲ ਇਹ ਹੈ ਕਿ ਗਿਆਨੀ ਗੁਰਬਚਨ ਸਿੰਘ ਦੇ ਜਾਣ ਨਾਲ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਦੀ ਲੋਕਪ੍ਰਿਅਤਾ ਵਿੱਚ ਵੀ ਗਿਰਾਵਟ ਆਈ ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ 22 ਅਕਤੂਬਰ 2018 ਨੁੰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦਾ ਕਾਰਜਭਾਰ ਸੰਭਾਲਿਆ। ਕੌਮ ਨੂੰ ਬਹੁਤ ਆਸਾਂ ਸਨ ਕਿ ਇੱਕ ਪੜੇ ਲਿਖੇ ਜਥੇਦਾਰ ਦੀ ਨਿਯੁਕਤੀ ਨਾਲ ਕਈ ਮਸਲੇ ਹੱਲ ਹੋ ਜਾਣਗੇ ਪਰ ਹੋਇਆ ਉਲਟ ਕਿ ਉਹ ਸਟੇਜ ਤੇ ਖਲੋ ਕੇ ਲੱਛੇਦਾਰ ਤਕਰੀਰ ਤਾਂ ਬਾਖੂਬੀ ਕਰਦੇ ਤੇ ਐਲਾਨ ਵੀ ਇੰਜ ਕਰਦੇ ਜਿਵੇਂ ਦੁਨੀਆਂ ਥਾਣੇਦਾਰ ਦੇ ਸਾਰੇ ਅਧਿਕਾਰ ਉਹਨਾਂ ਕੋਲ ਹੀ ਆ ਗਏ ਹੋਣ।ਉਹਨਾਂ ਨੇ ਕਈ ਵਾਰੀ ਸ੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਲ ਦਸਤ ਪੰਜਾ ਵੀ ਲਿਆ ਪਰ ਉਹਨਾਂ ਨੂੰ ਦਬਾ ਲਿਆ ਜਾਂਦਾ ਰਿਹਾ।ਉਹਨਾਂ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਗੁੰਮ ਹੋਏ 328 ਸਰੂਪਾਂ ਦਾ ਗੰਭੀਰ ਨੋਟਿਸ ਲਿਆ ਤੇ ਦੋਸ਼ੀਆਂ ਦੇ ਖਿਲਾਫ ਪੁਲੀਸ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਪਰ ਸ਼੍ਰੌਮਣੀ ਕਮੇਟੀ ਨੇ ਜਥੇਦਾਰ ਦਾ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ।ਇਸੇ ਤਰ੍ਹਾ ਜਦੋਂ ਪੀ ਟੀ ਸੀ ਦੇ ਸੀ ਐਮ ਡੀ ਦੇ ਖਿਲ਼ਾਫ ਬਦਕਾਰੀ ਦਾ ਪਰਚਾ ਦਰਜ ਹੋ ਗਿਆ ਤਾਂ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਕਿ ਆਪਣਾ ਟੀ ਵੀ ਚੈਨਲ ਸ਼ੁਰੂ ਕੀਤਾ ਜਾਵੇ ਤੇ ਇੱਕ ਹਫਤੇ ਦੇ ਅੰਦਰ ਅੰਦਰ ਯੂ ਟਿਊਬ ਚੈਨਲ ਨੂੰ ਚਲਾਇਆ ਜਾਵੇ ਪਰ ਸ੍ਰੋਮਣੀ ਕਮੇਟੀ ਨੇ ਜਥੇਦਾਰ ਦੇ ਆਦੇਸ਼ ਵੱਲ ਕੋਈ ਧਿਆਨ ਨਾ ਦਿੱਤਾ।ਅਖੀਰ ਜਥੇਦਾਰ ਨੂੰ ਅਕਾਲੀ ਦਲ ਬਾਦਲ ਨਾਲ ਵੀ ਦਸਤ ਪੰਜਾ ਲੈਣਾ ਪਿਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਅਕਾਲੀ ਦਲ ਕਿਸੇ ਵੇਲੇ ਕਿਸਾਨਾਂ ਤੇ ਮਜਦੂਰਾਂ ਦਾ ਦਲ ਹੋਇਆ ਕਰਦਾ ਸੀ ਤੇ ਗੁਰੁ ਗ੍ਰੰਥ ਤੇ ਗੁਰੁ ਪੰਥ ਨੂੰ ਸਮੱਰਪਿੱਤ ਹੁੰਦਾ ਸੀ ਪਰ ਅੱਜ ਧਨਾਢਾਂ ਦਾ ਦਲ ਬਣ ਕੇ ਰਹਿ ਗਿਆ ਹੈ ਜਿਸ ਕਰਕੇ ਲੋਕਾਂ ਨਾਲੋ ਟੱੁਟਦਾ ਜਾ ਰਿਹਾ ਹੈ। ਜਥੇਦਾਰ ਜੀ ਦੇ ਇਸ ਬਿਆਨ ਨੇ ਤਾਂ ਅਕਾਲੀ ਦਲ ਦੇ ਆਗੂਆਂ ਨੂੰ ਅੱਗ ਬਬੂਲਾ ਕਰ ਦਿੱਤਾ ਤੇ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋ ਜਥੇਦਾਰ ਦੀ ਬਰਖਾਸਤਗੀ ਦੀ ਮੰਗ ਕਰਨ ਲੱਗੇ। ਜਥੇਦਾਰ ਸਾਹਿਬ ਇਥੇ ਵੀ ਨਾ ਰੁਕੇ ਤੇ ਉਹਨਾਂ ਨੇ ਕੇਂਦਰ ਸਰਕਾਰ ਨਾਲ ਗਿੱਟਮਿੱਟ ਕਰਨੀ ਸ਼ੁਰੂ ਕਰ ਦਿੱਤੀ।ਭਾਜਪਾ ਨਾਲ ਸਬੰਧਿਤ ਇੱਕ ਦਿੱਲੀ ਦੇ ਸੰਵਿਧਾਨਕ ਆਹੁਦੇ ਤੇ ਬੈਠੇ ਭਾਜਪਾ ਦੇ ਆਗੂ ਰਾਹੀ ਗ੍ਰਹਿ ਮੰਤਰੀ ਨਾਲ ਰਾਬਤਾ ਸਾਧ ਲਿਆ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਥੇਦਾਰ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਜਿਸ ਵਿੱਚ ਇਹ ਫੈਸਲਾ ਹੋ ਗਿਆ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਤਾਂ ਅਕਾਲ ਤਖਤ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸੱਦ ਕੇ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।ਇਹ ਵੀ ਅਕਾਲੀ ਆਗੂਆ ਨੂੰ ਗਵਾਰਾ ਨਾ ਹੋਇਆ। ਇਸ ਨੇ ਬਲਦੀ ਤੇ ਤੇਲ ਦਾ ਉਸ ਵੇਲੇ ਕੰਮ ਕੀਤਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਬਿਨਾਂ ਦੱਸੇ ਆਮ ਆਦਮੀ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਸਗਾਈ ਸਮਾਗਮ ਵਿੱਚ ਪੁੱਜ ਗਏ ਜਿਥੇ ਉਹਨਾਂ ਨੂੰ ਉਹ ਸਨਮਾਨ ਨਾ ਦਿੱਤਾ ਗਿਆ ਜਿਹੜਾ ਬਣਦਾ ਸੀ ਤੇ ਫਿਰ ਅਕਾਲੀ ਆਗੂਆਂ ਨੇ ਅਸਮਾਨ ਸਿਰ ਤੇ ਚੁੱਕ ਲਿਆ। ਇਥੇ ਹੀ ਬੱਸ ਨਹੀਂ ਦੋ ਅਕਾਲੀ ਆਗੂ ਜਦੋਂ ਜਥੇਦਾਰ ਅਕਾਲ ਤਖਤ ਕੋਲ ਜਾਂਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੂੰ ਬਿਨਾਂ ਮੰਗਿਆ ਅਕਾਲ ਤਖਤ ਤੋਂ ਮੁਆਂਫੀ ਦਾ ਐਲਾਨ ਕਰ ਦਿਤਾ ਜਾਵੇ ਤਾਂ ਜਥੇਦਾਰ ਨੇ ਦੋ ਟੁੱਕ ਜਵਾਬ ਦਿੰਦਿਆ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਤੇ 2015 ਵਾਲਾ ਮਾਹੌਲ ਉਹ ਕਿਸੇ ਵੀ ਸੂਰਤ ਵਿੱਚ ਪੈਦਾ ਨਹੀਂ ਹੋਣ ਦੇਣਗੇ, ਭਾਂਵੇ ਉਹਨਾਂ ਨੂੰ ਜਥੇਦਾਰੀ ਵੀ ਕਿਉਂ ਨਾ ਤਿਆਗਣੀ ਪਵੇ। ਬੱਸ ਫਿਰ ਜਥੇਦਾਰ ਨੂੰ ਲਾਂਭੇ ਕਰਨ ਦੀ ਪ੍ਰੀਕਿਿਰਆ ਸ਼ੁਰੂ ਕਰ ਦਿੱਤੀ ਗਈ ਤੇ ਅੱਜ ਜਥੇਦਾਰ ਨੂੰ ਉਸੇ ਤਰ੍ਹਾ ਹੀ ਲਾਂਭੇ ਕਰ ਦਿੱਤਾ ਗਿਆ ਜਿਸ ਤਰ੍ਹਾਂ ਕਿਸੇ ਸ਼ਾਇਰ ਨੇ ਲਿਿਖਆ ਹੈ ਕਿ,“ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਨਿਕਲੇ ਹਮ, ਨਾ ਇਧਰ ਕੇ ਰਹੇ ਨਾ ਉਧਰ ਤੇ ਰਹੇ।” ਗਿਆਨੀ ਹਰਪ੍ਰੀਤ ਸਿੰਘ ਜੀ ਸ਼ਾਇਦ ਭੁੱਲ ਗਏ ਹਨ ਕਿ ਸੁਰਜੀਤ ਪਾਤਰ ਨੇ ਵੀ ਜਿੰਦਗੀ ਜਿਉਣ ਲਈ ਕੁਝ ਸਤਰਾਂ ਇੰਜ ਲਿਖੀਆ ਹਨ, “ ਇੰਨਾ ਵੀ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਏ, ਚਾਰ ਕੁ ਬੰਦੇ ਛੱਡ ਲਏ ਮੋਢਾ ਦੇਣ ਨੂੰ।”
16 ਜੂਨ 2003 ਨੂੰ ਕਰੀਬ ਪੰਜਾਂ ਸਾਲਾਂ ਬਾਅਦ ਉਹਨਾਂ ਦੀ ਜਗ੍ਹਾ ਤੇ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਅਕਾਲ ਤਖਤ ਲਗਾਇਆ ਗਿਆ ਹੈ ਜਿਹੜੇ 2017 ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਲਗਾਏ ਗਏ ਸਨ।ਉਹਨਾਂ ਨੂੰ ਪੱਕਾ ਤੇ ਪੂਰਾ ਜਥੇਦਾਰ ਲਗਾਇਆ ਗਿਆ ਹੈ ਜਦ ਕਿ ਉਹ 2018 ਵਿੱਚ ਵੀ ਉਮੀਦਵਾਰ ਸਨ ਹਰ 21 ਅਕਤੂਬਰ 2018 ਦੀ ਰਾਤ 12 ਵਜੇ ਤੱਕ ਉਹਨਾਂ ਦਾ ਨਾਮ ਸਭ ਤੋਂ ਉਪਰ ਸੀ ਪਰ 22 ਦਾ ਚੜਾ ਹੁੰਦਿਆ ਹੁੰਦਿਆ ਉਹ ਦੂਸਰੇ ਨੰਬਰ ਤੇ ਆ ਗਏ ਸਨ। ਜੇਕਰ ਇਹ ਆਸ ਕੀਤੀ ਜਾਵੇ ਕਿ ਗਿਆਨੀ ਰਘਬੀਰ ਸਿੰਘ ਕੋਈ ਵਿਲੱਖਣ ਕਾਰਜ ਕਰਕੇ ਆਪਣੀ ਨਿਵੇਕਲੀ ਥਾਂ ਬਣਾ ਲੈਣਗੇ, ਮੁਮਕਿਨ ਨਹੀ।ਸਾਰੇ ਜਥੇਦਾਰ ਅਜਾਦ ਨਹੀ ਸਗੋਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਬਣ ਕੇ ਕੰਮ ਕਰਦੇ ਰਹੇ ਹਨ ਤੇ ਚਿਹਰੇ ਬਦਲਣ ਨਾਲ ਕੁਝ ਵੀ ਨਹੀਂ ਬਦਲੇਗਾ ਸਗੋਂ ਨਿਜ਼ਾਮ ਬਦਲਣ ਨਾਲ ਹੀ ਕੁਝ ਹੋ ਸਕਦਾ ਹੈ।ਜਥੇਦਾਰਾਂ ਦੀ ਹਾਲਤ ਸਿਰਫ ਇਸ ਤਰ੍ਹਾਂ ਦੀ ਹੀ ਮੰਨੀ ਜਾ ਸਕਦੀ ਹੈ ਕਿ, “ ਤੋੜੀਆ ਵੰਨ ਸੁਵੰਨੀਆ ਤੇ ਥੱਲੇ ਇੱਕੋ ਜਿਹੇ” ਵਰਗੀ ਹੈ। ਕਿਸੇ ਵੀ ਜਥੇਦਾਰ ਕੋਲੋ ਆਸ ਨਹੀਂ ਰੱਖੀ ਜਾਣੀ ਚਾਹੀਦੀ ਕਿ ਉਹ ਪੰਥ ਦੇ ਵਿਕਾਸ ਤੇ ਧਰਮ ਪ੍ਰਚਾਰ ਦਾ ਕਾਰਜ ਬਾਖੂਬੀ ਤੇ ਅਜ਼ਾਦੀ ਨਾਲ ਕਰ ਸਕਣਗੇ।ਭਲੀਂ ਕਰੇ ਕਰਤਾਰ!
mGzsuevRJqLIH