ਅਮਰੀਕਾ ‘ਚ ਕਈ ਸਾਲਾਂ ਤੋਂ ਬੱਚਿਆਂ ਅਤੇ ਔਰਤਾਂ ਦੀਆਂ ਸੈਂਕੜੇ ਨਗਨ ਤਸਵੀਰਾਂ ਖਿੱਚਣ ਅਤੇ ਵੀਡੀਉ ਬਣਾਉਣ ਦੇ ਦੋਸ਼ ‘ਚ ਇਕ 40 ਸਾਲ ਦੇ ਭਾਰਤੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰੀਪੋਰਟ ‘ਚ ਇਹ ਜਾਣਕਾਰੀ ਦਿਤੀ ਗਈ।
ਫਾਕਸ ਨਿਊਜ਼ ਟੀ.ਵੀ. ਚੈਨਲ ਦੀ ਰੀਪੋਰਟ ਅਨੁਸਾਰ ਓਮੇਰ ਏਜਾਜ਼ ਨੂੰ 8 ਅਗੱਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਟੀ.ਵੀ. ਚੈਨਲ ਮੁਤਾਬਕ ਇਜਾਜ਼ ਨੇ ਕਪੜੇ ਬਦਲਣ ਦੀ ਥਾਂ, ਜਿਵੇਂ ਬਾਥਰੂਮ, ਹਸਪਤਾਲ ਦੇ ਕਮਰਿਆਂ ਅਤੇ ਇੱਥੋਂ ਤਕ ਕਿ ਅਪਣੇ ਘਰ ‘ਚ ਕਈ ਥਾਵਾਂ ‘ਤੇ ਕੈਮਰੇ ਲੁਕਾਏ ਹੋਏ ਸਨ।
ਨਿਊਜ਼ ਚੈਨਲ ਮੁਤਾਬਕ ਉਸ ਨੇ ਦੋ ਸਾਲ ਦੀ ਉਮਰ ਦੇ ਬੱਚਿਆਂ ਦੀਆਂ ਤਸਵੀਰਾਂ ਲਈਆਂ ਅਤੇ ਵੀਡੀਉ ਬਣਾਏ। ਇਜਾਜ਼ ਦੀ ਪਤਨੀ ਨੂੰ ਇਹ ਇਤਰਾਜ਼ਯੋਗ ਸਮੱਗਰੀ ਮਿਲੀ ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਉਸ ਦੇ ਅਪਰਾਧਾਂ ਬਾਰੇ ਪਤਾ ਲੱਗਿਆ। ਉਦੋਂ ਤਕ ਉਸ ਦਾ ਕੋਈ ਅਪਰਾਧਕ ਇਤਿਹਾਸ ਨਹੀਂ ਸੀ।
ਓਕਲੈਂਡ ਕਾਊਂਟੀ ਸ਼ੈਰਿਫ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਕਥਿਤ ਤੌਰ ‘ਤੇ ਕਈ ਔਰਤਾਂ ਨਾਲ ਸੈਕਸ ਵੀ ਕੀਤਾ ਜਦੋਂ ਉਹ ਬੇਹੋਸ਼ ਜਾਂ ਸੁੱਤੀਆਂ ਹੋਈਆਂ ਸਨ। ਸ਼ੈਰਿਫ ਮਾਈਕ ਬੋਚਰਡ ਨੇ ਕਿਹਾ ਕਿ ਮਾਮਲੇ ਦੀ ਜਾਂਚ ਵਿਚ ਕਈ ਮਹੀਨੇ ਲੱਗਣਗੇ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕਈ ਹੋਰ ਪੀੜਤ ਹੋ ਸਕਦੇ ਹਨ ਕਿਉਂਕਿ ਜਾਂਚਕਰਤਾ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਓਕਲੈਂਡ ਕਾਊਂਟੀ ਦੇ ਸ਼ਹਿਰ ਰੋਚੇਸਟਰ ਹਿਲਸ ਵਿਚ ਡਾਕਟਰ ਦੇ ਘਰ ਤੋਂ ਮਿਲੇ ਹਜ਼ਾਰਾਂ ਵੀਡੀਉ ਦੀ ਸਮੀਖਿਆ ਕਰ ਰਹੇ ਹਨ।
ਇਜਾਜ਼ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸ ਨਾਲ ਜੁੜੇ ਟਿਕਾਣਿਆਂ ਦੀ ਤਲਾਸ਼ੀ ਲਈ ਕਈ ਵਾਰੰਟ ਜਾਰੀ ਕੀਤੇ ਗਏ ਹਨ। ਬੋਚਰਡ ਨੇ ਕਿਹਾ ਕਿ ਕੰਪਿਊਟਰ, ਫੋਨ ਅਤੇ 15 ਬਾਹਰੀ ਉਪਕਰਨ ਮਿਲੇ ਹਨ ਅਤੇ ਸਿਰਫ ਇਕ ਹਾਰਡ ਡਰਾਈਵ ਵਿਚ 13,000 ਵੀਡੀਉ ਸਨ।