ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਤੂਫਾਨ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਉਨ੍ਹਾਂ ਦੇ ਸਮਰਥਕ ਸੜਕਾਂ ’ਤੇ ਉਤਰ ਆਏ ਹਨ। ਗੁੱਸੇ ਵਿੱਚ ਆਏ ਹਜ਼ਾਰਾਂ ਲੋਕਾਂ ਨੇ ਬੰਦੂਕਾਂ, ਤਲਵਾਰਾਂ ਅਤੇ ਲਾਠੀਆਂ ਨਾਲ ਥਾਣੇ ਦਾ ਘਿਰਾਓ ਕੀਤਾ ਹੈ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਤਾਂ ਉਹ ਉਸ ਨੂੰ ਤੋੜ ਕੇ ਥਾਣੇ ਅੰਦਰ ਦਾਖ਼ਲ ਹੋ ਗਏ। ਮੌਕੇ ‘ਤੇ ਹੰਗਾਮਾ ਜਾਰੀ ਹੈ।
ਇਸ ਮੌਕੇ ਭਾਈ ਅਮ੍ਰਿਤਪਾਲ ਸਿੰਘ ਵੀ ਪਹੁੰਚੇ ਹਨ। ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਸਮਰਥਕਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਵੀ ਨਜ਼ਰ ਆਏ। ਮਿਲੀ ਜਾਣਕਾਰੀ ਮੁਤਾਬਿਕ ਥਾਣੇ ਦੇ ਅੰਦਰ ਭਾਈ ਅੰਮ੍ਰਿਤਪਾਲ ਦੇ ਨਾਲ ਬੈਠਕ ਕੀਤੀ ਜਾ ਰਹੀ ਹੈ। ਮੌਕੇ ’ਤੇ ਅਜਨਾਲਾ ਦੇ ਐਸਪੀ ਵੀ ਪਹੁੰਚ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਨੇ ਐਸਐਸਪੀ ਸਤਿੰਦਰ ਸਿੰਘ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਪੁਲਿਸ ਨੂੰ ਤੂਫਾਨ ਸਿੰਘ ਨੂੰ ਰਿਹਾਅ ਕਰਨ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ ਹੈ।
ਅੰਮ੍ਰਿਤਪਾਲ ਸਿੰਘ ਨੇ ਹੰਗਾਮੇ ਮਗਰੋਂ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੂੰ ਕੇਸ ਰੱਦ ਕਰਨ ਲਈ ਲਿਖਤੀ ਰੂਪ ਵਿੱਚ ਦੇਣ ਦਾ ਫੈਸਲਾ ਕੀਤਾ ਹੈ ਅਤੇ ਭਲਕੇ ਕੇਸ ਰੱਦ ਕਰ ਦਿੱਤਾ ਜਾਵੇਗਾ। ਭਾਈ ਅੰਮ੍ਰਿਤਪਾਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤੂਫਾਨ ਸਿੰਘ ਨੂੰ ਵੀ ਭਲਕੇ ਰਿਹਾਅ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਭਾਈ ਅੰਮ੍ਰਿਤਪਾਲ ਨੇ ਇਹ ਵੀ ਕਿਹਾ ਕਿ ਅੱਜ ਸਾਡੇ 21 ਜਵਾਨ ਜ਼ਖਮੀ ਹੋਏ ਹਨ ਜਦਕਿ ਪੁਲਿਸ ਕਹਿ ਰਹੀ ਹੈ ਕਿ ਉਨ੍ਹਾਂ ਦੇ ਜਵਾਨ ਵੀ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪੁਲਿਸ ਤੋਂ ਲਿਖਤੀ ਨੋਟਿਸ ਲੈਣਾ ਹੈ ਕਿ ਪੁਲੀਸ ਅੱਜ ਕਿਸੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕਰੇਗੀ।