JalandharPunjabReligious

ਭਾਈ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਦੇ ਖੁਲਾਸੇ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਮੁੜ ਪੋਲ ਖੋਲੀ, ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਖਤ ਐਕਸ਼ਨ

ਸ੍ਰੀ ਅਕਾਲ ਤਖਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਸਬੰਧੀ ਖੁਲਾਸੇ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਮੁੜ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਏਡੀਡੀਪੀ ਬੀਪੀ ਤਿਵਾੜੀ ਦੀ ਜਾਂਚ ਰਿਪੋਰਟ ਜਨਤਕ ਹੋਣ ਮਗਰੋਂ ਹੁਣ ਤੱਕ ਦੀਆਂ ਸਰਕਾਰਾਂ ਵੀ ਕਟਹਿਰੇ ਵਿੱਚ ਆ ਗਈਆਂ ਹਨ। ਏਡੀਡੀਪੀ ਤਿਵਾੜੀ ਦੀ ਜਾਂਚ ਰਿਪੋਰਟ ਦੀ ਫਾਈਲ ਨੂੰ 25 ਸਾਲ (25 years) ਤੱਕ ਸਰਕਾਰਾਂ ਨੇ ਦਬਾਈ ਰੱਖਿਆ। ਹੁਣ ਸੱਚਾਈ ਸਾਹਮਣੇ ਆਉਣ ਮਗਰੋਂ ਮਾਮਲਾ ਭਖ ਗਿਆ ਹੈ।

ਦਰਅਸਲ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ (Jathedar Kaunke Murder) ਜਾਂ ਲਾਪਤਾ ਹੋਣ ਦੀ ਪੁਲਿਸ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਰਿਪੋਰਟ ਭੇਜ ਕੇ ਇਸ ਦੀ ਕਾਨੂੰਨੀ ਪੱਖਾਂ ਤੋਂ ਘੋਖ ਕਰਦਿਆਂ ਢੁਕਵੀਂ ਕਾਰਵਾਈ ਕਰਨ ਤੇ ਕਾਤਲਾਂ ਵਿਰੁੱਧ ਕਤਲ ਦਾ ਕੇਸ ਦਰਜ ਕਰਵਾਉਣ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਬੀਤੇ ਦਿਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਐਡਵੋਕੇਟ ਸਰਬਜੀਤ ਸਿੰਘ ਵੱਲੋਂ ਇਸ ਮਾਮਲੇ ਦੀ ਇੱਕ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਗਈ ਸੀ। ਇਹ ਜਾਂਚ ਰਿਪੋਰਟ 1998 ਵਿੱਚ ਪੰਜਾਬ ਪੁਲਿਸ ਦੇ ਤਤਕਾਲੀ ਐਡੀਸ਼ਨਲ ਡਾਇਰੈਕਟਰ ਜਨਰਲ ਬੀਪੀ ਤਿਵਾੜੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਤੇ ਸਰਕਾਰ ਨੂੰ ਸੌਂਪੀ ਗਈ ਸੀ ਪਰ ਇਹ ਰਿਪੋਰਟ ਲਗਪਗ 25 ਸਾਲ ਸਰਕਾਰ ਕੋਲ ਫਾਈਲਾਂ ਹੇਠ ਦੱਬੀ ਰਹੀ। ਇਸ ’ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਇਹ ਰਿਪੋਰਟ ਜਨਤਕ ਹੋਈ ਹੈ ਤੇ ਦਸੰਬਰ 1992-93 ਵਿੱਚ ਪੁਲਿਸ ਵੱਲੋਂ ਭਾਈ ਕਾਉਂਕੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਸੱਚ ਸਾਹਮਣੇ ਆ ਗਿਆ ਹੈ।

ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ 90ਵਿਆਂ ਦੌਰਾਨ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇਪੀਐਸ ਗਿੱਲ ਰਾਹੀਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੀ ਇੱਕ ਬੇਹੱਦ ਘਿਣਾਉਣੀ ਮਿਸਾਲ ਹੈ ਜੋ ਦੁਨੀਆ ਸਾਹਮਣੇ ਆਉਣੀ ਚਾਹੀਦੀ ਹੈ ਤੇ ਭਾਈ ਕਾਉਂਕੇ ਦੇ ਕਾਤਲਾਂ ਨੂੰ ਬੇਪਰਦ ਕਰਕੇ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਮਿਲਣੀਆਂ ਬੇਹੱਦ ਜ਼ਰੂਰੀ ਹਨ।

ਉਨ੍ਹਾਂ ਕਿਹਾ ਕਿ ਭਾਈ ਕਾਉਂਕੇ ਨੂੰ 25 ਦਸੰਬਰ 1992 ਨੂੰ ਪੰਜਾਬ ਪੁਲਿਸ ਵੱਲੋਂ ਘਰੋਂ ਅਗਵਾ ਕਰ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਝੂਠਾ ਕੇਸ ਦਰਜ ਕਰਕੇ ਭਗੌੜਾ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੇ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋਣ ਸਬੰਧੀ ਪੜਤਾਲ ਕਰਨ ਦੀ ਮੰਗ ’ਤੇ 7 ਜੂਨ 1998 ਨੂੰ ਤਤਕਾਲੀ ਡੀਜੀਪੀ ਨੇ ਏਡੀਜੀਪੀ ਬੀਪੀ ਤਿਵਾੜੀ ਨੂੰ ਪੜਤਾਲ ਕਰਨ ਦੇ ਹੁਕਮ ਦਿੱਤੇ ਸਨ।

ਏਡੀਜੀਪੀ ਤਿਵਾੜੀ ਨੇ ਆਪਣੀ ਪੜਤਾਲ ਦੌਰਾਨ ਭਾਈ ਕਾਉਂਕੇ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕਹਾਣੀ ਨੂੰ ਝੂਠਾ ਪਾਇਆ ਸੀ। ਉਨ੍ਹਾਂ ਭਾਈ ਕਾਉਂਕੇ ਨੂੰ ਘਰੋਂ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਨ ਮਗਰੋਂ ਕਤਲ ਕਰਨ ਸਬੰਧੀ ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਸਨ।

Back to top button