ਦਰਬਾਰਾ ਸਿੰਘ ਗੁਰੂ ਖਿਲਾਫ ਸ਼ਹੀਦ ਦੇ ਪਰਿਵਾਰ ਨੇ ਜਥੇਦਾਰ ਨੂੰ ਲਿਖਿਆ ਪੱਤਰ
1986 ਸਾਕਾ ਨਕੋਦਰ ਦੇ ਦਾਗ਼ੀ ਸਾਬਕਾ ਆਈਏਐਸ ਅਫਸਰ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਸਲਾਹਾਕਾਰ ਲਗਾਏ ਜਾਣ ਉਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ ਹੈ।
ਇਸ ਸਾਕੇ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ ਦੇ ਮਾਤਾ-ਪਿਤਾ ਬਲਦੇਵ ਸਿੰਘ ਅਤੇ ਬਲਦੀਪ ਕੌਰ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਅਕਾਲੀ ਲੀਡਰਸ਼ਿਪ ਨੂੰ ਅਜਿਹਾ ਕਦਮ ਪੁੱਟਣ ਤੋਂ ਰੋਕਿਆ ਜਾਵੇ। ਅਕਾਲੀ ਦਲ ਦੇ ਇਸ ਕਦਮ ਨਾਲ ਸਿੱਖ ਪਰਿਵਾਰਾਂ ਦੇ ਜ਼ਖਮ ਮੁੜ ਤੋਂ ਅੱਲੇ ਹੋ ਜਾਣਗੇ।
ਪਰਿਵਾਰ ਨੇ ਪੱਤਰ ਵਿੱਚ ਲਿਖਿਆ ਕਿ ਚਾਰ ਬੇਗੁਨਾਹ ਸਿੱਖ ਨੌਜਵਾਨਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਿਲਮਣ ਸਿੰਘ ਗੋਰਸੀਆਂ ਅਤੇ ਭਾਈ ਹਰਮਿੰਦਰ ਸਿੰਘ ਚਲੂਪਰ ਨੂੰ 4 ਫਰਵਰੀ 1986 ਨੂੰ ਉਸ ਸਮੇਂ ਦੀ ਪੰਥਕ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰਨ ਕਾਰਨ ਦਿਨ-ਦਿਹਾੜੇ ਛਾਤੀਆਂ ਵਿੰਨ੍ਹ ਕਿ ਸ਼ਹੀਦ ਕਰ ਦਿੱਤਾ।
ਉਨ੍ਹਾਂ ਦੇ ਪੋਸਟਮਾਰਟਮ ਵੀ ਅਜੋਕੇ ਪੰਥਕ ਆਗੂ ਅਤੇ ਉਸ ਸਮੇਂ ਦੀ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮ ਉਤੇ ਕੀਤੇ ਗਏ, ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪ ਵੀ ਅੰਤਿਮ ਸਸਕਾਰ ਲਈ ਨਸੀਬ ਨਾ ਹੋਏ। ਉਸ ਸਮੇਂ ਦੇ ਐਸਐਸਪੀ ਪੀ ਮੁਹੰਮਦ ਇਜ਼ਹਾਰ ਆਲਮ ਜਿਸ ਦੀ ਦੇਖ-ਰੇਖ ਵਿੱਚ ਇਹ ਸਾਕਾ ਵਾਪਰਿਆ ਨੂੰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਤੇ ਪੰਥਕ ਪਾਰਟੀ ਨੇ ਉਸ ਦੇ ਮਰਨ ਤੱਕ ਉਸ ਦੀ ਪੁਸ਼ਤਪਨਾਹੀ ਕੀਤੀ।