India

ਮਹਾਂ ਕੁੰਭ ਸੰਗਮ ‘ਚ ਮਚੀ ਭਗਦੜ, 14 ਲੋਕਾਂ ਦੀ ਮੌਤ, ਕਈ ਸ਼ਰਧਾਲੂ ਹੋਏ ਜਖਮੀ

ਮਹਾਂ ਕੁੰਭ ਸੰਗਮ ‘ਚ ਮਚੀ ਭਗਦੜ, 14 ਲੋਕਾਂ ਦੀ ਮੌਤ, ਕਈ ਸ਼ਰਧਾਲੂ ਹੋਏ ਜਖਮੀ

ਪ੍ਰਯਾਗਰਾਜ ‘ਚ ਮਹਾਕੁੰਭ ਦੇ ਸੰਗਮ ਤੱਟ ਨੇੜੇ ਰਾਤ ਕਰੀਬ 3 ਵਜੇ ਭਗਦੜ ਮੱਚ ਗਈ ਇਸ ਭਗਦੜ ‘ਚ 14 ਦੀ ਕਰੀਬ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਲਾਂਕਿ ਪ੍ਰਸ਼ਾਸਨ ਨੇ ਮਰਨ ਜਾਂ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਫ਼ੋਨ ‘ਤੇ ਗੱਲ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਦੜ ਦੀ ਸਥਿਤੀ ਨੂੰ ਲੈ ਕੇ ਸੀਐੱਮ ਯੋਗੀ ਨਾਲ ਗੱਲ ਕੀਤੀ ਅਤੇ ਮਾਮਲੇ ਦੀ ਜਾਣਕਾਰੀ ਲਈ। ਪੀਐਮ ਮੋਦੀ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਸ਼ਰਧਾਲੂਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਵੀ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਯਾਗਰਾਜ ਮਹਾਕੁੰਭ ‘ਚ ਜੋ ਹਾਦਸਾ ਹੋਇਆ ਹੈ, ਉਹ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਸ਼ਰਧਾਲੂਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੇ ਇਸ ਵਿੱਚ ਆਪਣੇ ਪਰਿਵਾਰਕ ਮੈਂਬਰ ਗੁਆ ਦਿੱਤੇ ਹਨ।

ਸੰਗਮ ਕੰਢਿਆਂ ‘ਤੇ ਭਗਦੜ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਅਖਾੜਿਆਂ ਨੂੰ ਜਲੂਸ ਨਾ ਕੱਢਣ ਦੀ ਅਪੀਲ ਕੀਤੀ ਹੈ। ਇਸ ਕਾਰਨ 13 ਅਖਾੜਿਆਂ ਨੇ ਮੌਨੀ ਅਮਾਵਸਿਆ ‘ਤੇ ਅੰਮ੍ਰਿਤ ਸੰਚਾਰ ਮੁਲਤਵੀ ਕਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹੰਤ ਰਵਿੰਦਰ ਪੁਰੀ ਨੇ ਦੱਸਿਆ ਕਿ ਮਹਾਕੁੰਭ ‘ਚ ਭਗਦੜ ਤੋਂ ਬਾਅਦ ਅਖਾੜਿਆਂ ਨੇ ਮੌਨੀ ਅਮਾਵਸਿਆ ਦਾ ‘ਅੰਮ੍ਰਿਤ ਸੰਨ’ ਰੱਦ ਕਰ ਦਿੱਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹੁਣ ਸਾਰੇ ਅਖਾੜੇ 3 ਫਰਵਰੀ ਬਸੰਤ ਪੰਚਮੀ ਨੂੰ ਇਸ਼ਨਾਨ ਕਰਨਗੇ। ਮੌਨੀ ਅਮਾਵਸਿਆ ਮਹਾਕੁੰਭ ਦਾ ਦੂਜਾ ਸ਼ਾਹੀ ਇਸ਼ਨਾਨ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ।

Back to top button