ਗੁਰੂ ਨਾਨਕ ਦੇਵ ਜੀ ਮਹਾਨ ਕਵੀ ਤੇ ਸੰਗੀਤਕਾਰ ਸਨ। ਛੰਦਾਂ ਤੋਲ ਤੁਕਾਂਤਾਂ ਵਿਚ ਲਿਖੀ ਉਹਨਾਂ ਦੀ ਬਾਣੀ ਮਨੁੱਖ ਦੇ ਹਿਰਦੇ ‘ਤੇ ਸਿੱਧੀ ਚੋਟ ਕਰਦੀ ਹੈ। ਉਹ ਆਪਣੀ ਬਾਣੀ ਦੁਆਰਾ ਮਨੁੱਖ ਵਿਚ ਵਿਭਿੰਨ ਰਸਾਂ ਦਾ ਸੰਚਾਰ ਬੜੀ ਤੀਬਰਤਾ ਨਾਲ ਕਰਦੇ ਸਨ।
ਭਾਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੂਰਨ ਰੂਪ ਵਿਚ ਧਾਰਮਿਕ ਕਾਵਿ ਹੈ ਫਿਰ ਵੀ ਇਸ ਵਿਚ ਰਾਜਨੀਤਿਕ ਅਤੇ ਸਮਾਜਕ ਸਥਿਤੀਆਂ ਦਾ ਸੰਕੇਤ ਮਿਲ ਜਾਂਦਾ ਹੈ। ਉਹਨਾਂ ਦੀ ਬਾਣੀ ਵਿਚ ਪ੍ਰਮਾਤਮਾ ਸਰੂਪ, ਸ੍ਰਿਸ਼ਟੀਕਰਮ, ਪ੍ਰਮਾਤਮਾ ਦੇ ਹੁਕਮ, ਅਹੰਕਾਰ ਦੇ ਸਰੂਪ, ਉਸਦੇ ਭੇਦ, ਅਹੰਕਾਰ ਦੇ ਪਰਿਣਾਮ, ਮਾਇਆ ਅਤੇ ਉਸਦੇ ਸਰੂਪ, ਉਸਦੀ ਪ੍ਰਬਲਤਾ ਅਤੇ ਵਿਆਪਕਤਾ, ਜੀਵ, ਮਨੁੱਖ, ਆਤਮਾ, ਮਨੁੱਖੀ ਜੀਵਨ ਦੀ ਸ੍ਰੇਸ਼ਠਤਾ, ਮਨੁੱਖੀ ਜੀਵਨ ਦੀਆਂ ਵੱਖ-ਵੱਖ ਅਵਸਥਾਵਾਂ, ਮਨੁੱਖ ਦਾ ਪ੍ਰਮਾਤਮਾ ਤੋਂ ਵਿਛੋੜਾ ਅਤੇ ਉਸਦੇ ਕਾਰਨ, ਮਨੁੱਖ ਦੇ ਪ੍ਰਮਾਤਮਾ ਨੂੰ ਮਿਲਣ ਦੇ ਯਤਨ, ਮਨ ਦੇ ਸਰੂਪ ਤੇ ਉਸਦੇ ਵਿਭਿੰਨ ਰੂਪ, ਮਨ ਨੂੰ ਮਾਰਨ ਦਾ ਮਹੱਤਵ, ਮਨ ਮਾਰਨ ਦੀ ਵਿਧੀ, ਪ੍ਰਭੂ ਪ੍ਰਾਪਤੀ ਦੇ ਵਿਭਿੰਨ ਮਾਰਗ, ਕਰਮ ਮਾਰਗ, ਗਿਆਨ ਮਾਰਗ, ਅਤੇ ਭਗਤੀ ਮਾਰਗ, ਗੁਰੂ ਦੇ ਨਾਮ ਦਾ ਵਿਸਤ੍ਰਿਤ ਚਿਤਰਨ ਮਿਲਦਾ ਹੈ।
ਵਿਸ਼ੇ ਪੱਖ ਦੇ ਨਾਲ ਨਾਲ ਕਲਾਤਮਕ ਪੱਖ ਤੋਂ ਵੀ ਉਹਨਾਂ ਦੀ ਬਾਣੀ ਦਾ ਮਹੱਤਵਪੂਰਨ ਸਥਾਨ ਹੈ। ਇਸਦੇ ਨਾਲ ਹੀ ਉਹਨਾਂ ਦੀ ਬਾਣੀ ਦਾ ਸੰਗੀਤਕ ਪੱਖ ਵੀ ਅੱਖੋਂ ਉਹਲੇ ਕਰਨ ਵਾਲਾ ਨਹੀਂ। ਇਥੇ ਵਿਸ਼ੇਸ਼ ਉਲੇਖਯੋਗ ਹੈ ਕਿ ਉਹਨਾਂ ਨੇ ਨਾ ਕੇਵਲ ਅਨੇਕਾਂ ਕਾਵਿ ਰੂਪਾਂ ਦੀ ਵਰਤੋਂ ਅਤੇ ਸਮਾਨਯ ਜਨ-ਜੀਵਨ ਤੇ ਅਧਾਰਿਤ ਉਪਮਾਨ ਵਿਧਾਨ ਰਾਹੀਂ ਕਾਵਿ ਨੂੰ ਪਰੰਪਰਿਕ ਰੂੜੀਆਂ ਤੋਂ ਬਾਹਰ ਕੱਢਿਆ ਹੈ, ਸਗੋਂ ਉਚਿਤ ਵਾਤਾਵਰਨ ਦੇ ਨਿਰਮਾਣ ਅਤੇ ਉਪਯੁਕਤ ਸ਼ਬਦ ਯੋਜਨਾ ਨਾਲ ਕਾਵਿ ਦੀ ਕਥਨ ਸ਼ਕਤੀ ਨੂੰ ਵੀ ਵਧਾਇਆ ਹੈ ਅਤੇ ਉਸ ਵਿਚ ਵਰਣਿਤ ਤੱਥਾਂ ਨੂੰ ਅਧਿਕ ਤੋਂ ਅਧਿਕ ਪ੍ਰਭਾਵ ਉਤਪਾਦਕ ਢੰਗ ਨਾਲ ਪੇਸ਼ ਕੀਤਾ ਹੈ।
ਕਾਵਿ ਦੇ ਪ੍ਰਕਾਰਾਂ ਦੀ ਦ੍ਰਿਸ਼ਟੀ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਮੁਕਤਕ’ ਅਥਵਾ ‘ਗੀਤ ਕਾਵਿ’ ਦੇ ਅੰਤਰਗਤ ਰੱਖੀ ਜਾ ਸਕਦੀ ਹੈ। ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ ਤੇ ਸਾਧ ਭਾਸ਼ਾ ਵਿਚ ਰਚੀ ਉਹਨਾਂ ਦੀ ਬਾਣੀ ਵਿਚ ਅਲੰਕਾਰਾਂ, ਬਿੰਬਾਂ, ਪ੍ਰਤੀਕਾਂ, ਰਸਾਂ ਆਦਿ ਦੀ ਵਰਤੋਂ ਖੁੱਲ੍ਹ ਕੇ ਹੋਈ ਹੈ।
ਉਹਨਾਂ ਨੇ ਪ੍ਰਮਾਤਮਾ ਦੇ ਪ੍ਰੇਮ ਨੂੰ ਵਿਭਿੰਨ ਬਿੰਬਾਂ, ਪ੍ਰਤੀਕਾਂ ਤੇ ਅਲੰਕਾਰਾਂ ਦੇ ਰੂਪ ਵਿਚ ਪੇਸ਼ ਕੀਤਾ ਹੈ। ਹਿਰਨੀ, ਕੋਇਲ, ਮੱਛਲੀ ਤੇ ਸੱਪਣੀ ਦੇ ਹਵਾਲਿਆ ਨਾਲ ਪ੍ਰਭੂ ਪ੍ਰੇਮ ਦੀ ਖਿੱਚ ਨੂੰ ਬਿਆਨ ਕੀਤਾ ਹੈ।
ਹਰਣੀ ਹੋਵਾ ਬਨਿ ਵਸਾ ਕੰਦ ਮੂਲ ਚੁਣਿ ਖਾਉ॥
ਗੁਰ ਪਰਸਾਦੀ ਮੇਰਾ ਸਹੁ ਮਿਲੇ ਵਾਰਿ ਵਾਰਿ ਹਉ ਜਾਉ ਜੀਉ॥
ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰ॥
ਸਹਜ ਸੁਭਾਇ ਮੇਰਾ ਸਹੁ ਮਿਲੇ ਦਰਸਨ ਰੂਪ ਅਪਾਰੁ॥
ਮਛਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ॥
ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ॥
ਨਾਗਨਿ ਹੋਵਾ ਧਰਿ ਵਸਾ ਸਬਦੁ ਵਸੈ ਭਉ ਜਾਇ॥
ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤ ਸਮਾਇ॥
-ਗਉੜੀ ਬੈਰਾਗਣ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ
ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਬਿੰਬਾਂ ਦੀ ਵਰਤੋਂ ਆਪਣੀ ਰਚਨਾ ਵਿਚ ਕੀਤੀ ਹੈ। ਉਹਨਾਂ ਨੇ ਬੌਧਿਕ ਅਤੇ ਭਾਵਾਤਮਕ ਬਿੰਬ ਵਰਤੇ ਹਨ।
ਬੰਕੇ ਤੇਰੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥
ਕੰਚਨ ਕਾਇਆ ਸੋਇਨੇ ਕੀ ਢਾਲਾ॥
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ॥
ਜਮਦੁਆਰਿ ਨ ਹੋਹੁ ਖੜੀਆ ਸਿਖ ਸੁਣੇਹੁ ਮਹੇਲੀਹੋ॥72
– ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 567
ਗੁਰੂ ਨਾਨਕ ਦੇਵ ਜੀ ਨੇ ਇਤਿਹਾਸਕ ਅਤੇ ਮਿਥਿਹਾਸਕ ਬਿੰਬਾਂ ਦੀ ਵਰਤੋਂ ਆਪਣੀ ਬਾਣੀ ਵਿਚ ਬੜੇ ਭਾਵਪੂਰਤ ਢੰਗ ਨਾਲ ਕੀਤੀ ਹੈ।
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥
ਆਪੇ ਦੋਸੁ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ॥
ਏਤੀ ਮਾਰ ਪਈ ਕਰਲਾਣੈ ਤੈਂ ਕੀ ਦਰਦੁ ਨ ਆਇਆ॥
– ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 360
ਭੂਲੋ ਰਾਵਣੁ ਮੁਗਧੁ ਅਚੇਤਿ॥
ਲੂਟੀ ਲੰਕਾ ਸੀਸ ਸਮੇਤਿ॥
ਗਰਬਿ ਗਇਆ ਬਿਨ ਸਤਿਗੁਰ ਹੇਤਿ॥
– ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ
ਬਿੰਬਾਂ ਤੋਂ ਇਲਾਵਾ ਗੁਰੂ ਜੀ ਦੀ ਰਚਨਾ ਵਿਚੋਂ ਜ਼ਿੰਦਗੀ ਦੀਆਂ ਸੱਚਾਈਆਂ ਲੋਕੋਕਤੀਆਂ ਦੇ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਇਸ ਤਰ੍ਹਾਂ ਰਚਨਾ ਅਖਾਣ ਪ੍ਰਵਾਹ ਹੋ ਨਿਬੜਦੀ ਹੈ।
(ੳ) ਬਹੁ ਭੇਖ ਕੀਆ ਦੇਹੀ ਦੁਖ ਦੀਆ॥
(ਅ) ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
(ੲ) ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
(ਸ) ਮਨਿ ਜੀਤੈ ਜਗ ਜੀਤੁ॥
(ਹ) ਕਾਮ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥
(ਕ) ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥
(ਖ) ਜੇਹਾ ਲਿਖਿਆ ਤੇਹਾ ਪਾਇਆ॥
(ਗ) ਦੀਵਾ ਬਲੇ ਅੰਧੇਰਾ ਜਾਇ॥
(ਘ) ਆਪ ਬੀਜ ਆਪੇ ਹੀ ਖਾਹਿ॥
(ਙ) ਪੁਤੀ ਗੰਢ ਪਵੈ ਸੰਸਾਰ॥
(ਚ) ਕੁਬੁਧਿ ਡੂਮਣੀ ਕੁਦਇਆ ਕਸਾਇਣ॥
ਪਰਨਿੰਦਾ ਘਟ ਚੂਹੜੀ, ਮੁਠੀ ਕ੍ਰੋਧ ਚੰਡਾਲਿ॥
ਕਾਰੀ ਕਢੀ ਕਿਆ ਥੀਐ ਜਾ ਚਾਰੇ ਬੈਠੀਆ ਨਾਲਿ॥
-ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 91
ਰਾਗ ਤੁਖਾਰੀ ਦੇ ਬਾਰਾਮਾਹ ਵਿਚ ਸਾਲ ਦੇ ਬਾਰਾਂ ਮਹੀਨਿਆਂ ਦਾ ਬੜਾ ਸਜੀਵ ਤੇ ਦਿਲ ਟੁੰਬਵਾਂ ਚਿਤਰਨ ਕੀਤਾ ਗਿਆ ਹੈ। ਸਾਉਣ ਭਾਦੋਂ ਦੇ ਮਹੀਨੇ ਵਿਚ ਪ੍ਰਕਿਰਤੀ ਦੀਆਂ ਨਿੱਕੀਆਂ ਨਿੱਕੀਆਂ ਖ਼ੂਬਸੂਰਤੀਆਂ ਨੂੰ ਰੀਝ ਨਾਲ ਚਿਤਰਿਆ ਗਿਆ ਹੈ।
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥
ਮੈ ਮਨਿ ਤਨ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥
ਪਿਰੁ ਘਰੁ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ॥
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ॥
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜ ਤਨਿ ਨ ਸੁਖਾਵਏ॥
ਨਾਨਕ ਸਾ ਸੁਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ॥
ਭਾਦਉ ਭਰਮਿ ਭੁਲੀ ਭਰਿ ਜੋਬਨ ਪਛੁਤਾਣੀ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥
ਬਰਸੈ ਨਿਸਿ ਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥
ਮਛਰ ਡੰਗ ਸਾਇਰ ਭਰ ਸੁਭਰ ਬਿਨ ਹਰਿ ਕਿਉ ਸੁਖ ਪਾਈਐ॥
ਨਾਨਕ ਪੂਛਿ ਚਲਉ ਗੁਰ ਅਪਨੇ ਜਹ ਪ੍ਰਭ ਤਹ ਹੀ ਜਾਈਐ॥
– ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1108
ਗੁਰੂ ਜੀ ਨੇ ਤਤਕਾਲੀਨ ਰਾਜਿਆਂ ਤੇ ਜਗੀਰਦਾਰਾਂ ਦਾ ਨਿਰਦਈਪਣ ਅਤੇ ਜ਼ੁਲਮ, ਧਾਰਮਿਕ ਆਗੂਆਂ ਦੇ ਪਾਖੰਡਾਂ, ਸੁਹਾਗਣ ਇਸਤਰੀਆਂ ਦੇ ਗੁਣਾਂ, ਦੁਹਾਗਣ ਇਸਤਰੀਆਂ ਦੇ ਔਗੁਣਾਂ ਦਾ ਬੜਾ ਸਜੀਵ ਤੇ ਆਕਰਸ਼ਕ ਚਿਤਰਣ ਪ੍ਰਸਤੁਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਅਜਿਹੇ ਭਾਵਪੂਰਤ ਚਿੱਤਰ ਤੇ ਪੇਸ਼ਕਾਰੀਆਂ ਨਾਲ ਉਹ ਇਕ ਉੱਤਮ ਕਵੀ ਸਿੱਧ ਹੁੰਦੇ ਹਨ।
ਕਵੀ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਨ ਸੰਗੀਤਕਾਰ ਵੀ ਸਨ। ਉਹਨਾਂ ਦੀ ਸਾਰੀ ਰਚਨਾ ਸੰਗੀਤਕ ਸਿਧਾਤਾਂ ਉੱਤੇ ਖਰੀ ਉਤਰਦੀ ਹੈ। ਆਪ ਸੰਗੀਤ ਸ਼ਾਸਤਰ ਦੇ ਗਿਆਤਾ ਸਨ। ਭਾਰਤੀ ਕਾਵਿ ਪਰੰਪਰਾ ਅਤੇ ਭਾਰਤੀ ਰਾਗ ਪਰੰਪਰਾ ਨਾਲ ਗੁਰੂ ਜੀ ਦਾ ਗੂੜ੍ਹਾ ਸੰਬੰਧ ਹੈ। ਨਾਨਕ ਬਾਣੀ ਵਿਚ ਪ੍ਰਯੁਕਤ ਰਾਗਾਂ ਦਾ ਭਾਰਤੀ ਰਾਗ ਪਰੰਪਰਾ ਦੇ ਸੰਦਰਭ ਵਿਚ ਅਧਿਐਨ ਕਰਨ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਨੇ ਕਈ ਉਹ ਰਾਗ ਵਰਤੇ ਹਨ ਜਿਹੜੇ ਉਹਨਾਂ ਤੋਂ ਪਹਿਲਾਂ ਪ੍ਰਚਲਿਤ ਸਨ। ਕਈ ਥਾਵਾਂ ਤੇ ਦੋ ਰਾਗਾਂ ਨੂੰ ਜੋੜ ਕੇ ਨਵੇਂ ਮਿਸ਼ਰਤ ਰਾਗਾਂ ਦੀ ਸਿਰਜਣਾ ਕੀਤੀ ਹੈ।
ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਚੇਤੀ, ਗਉੜੀ ਬੈਰਾਗਣ, ਗਉੜੀ ਦੀਪਕੀ, ਗਉੜੀ ਪੂਰਬੀ ਦੀਪਕੀ, ਗਉੜੀ ਪੂਰਬੀ, ਗਉੜੀ ਮਾਝ, ਗਉੜੀ ਮਾਲਾ, ਗਉੜੀ ਭੀ ਸੋਰਠਿ ਭੀ, ਵਡਹੰਸ ਦੱਖਣੀ, ਤਿਲੰਗ ਕਾਫੀ, ਸੂਹੀ ਲਲਿਤ, ਬਿਲਾਵਲ ਗੌਂਡ, ਲਿਾਵਲ ਦੱਖਣੀ, ਰਾਮਕਲੀ ਦਖਣੀ, ਮਾਰੂ ਕਾਫੀ, ਮਾਰੂ ਦਖਣੀ, ਬਸੰਤ ਹਿੰਦੋਲ, ਕਲਿਆਣ ਭੁਪਾਲੀ, ਪ੍ਰਭਾਤੀ ਵਿਭਾਸ, ਆਸਾ ਆਸਾਵਰੀ ਸੁਧੰਗ।
ਗੁਰੂ ਜੀ ਨੇ ਕਾਵਿ ਅਤੇ ਸੰਗੀਤ ਦਾ ਵਿਲੱਖਣ ਸੰਯੋਗ ਕੀਤਾ ਹੈ। ਉਹਨਾਂ ਨੇ ਲੋਕ ਕਾਵਿ ਰੂਪਾਂ ਅਤੇ ਪ੍ਰਚਲਿਤ ਕਾਵਿ ਰੂਪਾਂ ਨੂੰ ਰਾਗਾਂ ਨਾਲ ਸੰਬੰਧਤ ਕਰਕੇ ਉਹਨਾਂ ਦੀ ਪੇਸ਼ਕਾਰੀ ਦੀ ਵਿਧੀ ਨੂੰ ਵਿਲੱਖਣਤਾ ਪ੍ਰਦਾਨ ਕੀਤੀ ਹੈ। ਬਾਣੀ ਵਿਚ ਗੁਰੂ ਜੀ ਨੇ ਆਪਣੇ ਆਪ ਨੂੰ ਸ਼ਾਇਰ ਅਤੇ ਢਾਡੀ ਕਿਹਾ ਹੈ। ਸ਼ਾਇਰ ਅਤੇ ਢਾਡੀ ਸ਼ਬਦ ਤੋਂ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਰਚਨਾ ਦੇ ਗਾਇਨ ਕੀਤੇ ਜਾਣ ਦਾ ਵੀ ਪੂਰਾ ਗਿਆਨ ਸੀ।
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥
– ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 660
ਹਉ ਢਾਢੀ ਵੇਕਾਰੁ ਕਾਰੈ ਲਾਇਆ॥
– ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 150
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤ ਸਦਾਇਦੇ॥
– ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 468
ਗੁਰੂ ਜੀ ਨੇ ਸੰਗੀਤ ਨੂੰ ਉੱਤਮ ਮੰਨਦਿਆਂ ਹੋਇਆਂ ਸ੍ਰੀ ਰਾਗ ਨੂੰ ਸ੍ਰੇਸ਼ਠ ਰਾਗ ਮੰਨਿਆ ਹੈ।
ਰਾਗਾ ਵਿਚ ਸ੍ਰੀ ਰਾਗ ਹੈ ਜੇ ਸਚੁ ਧਰੇ ਪਿਆਰ॥
– ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 83
ਉਹਨਾਂ ਦੀ ਬਾਣੀ ਵਿਚੋਂ ਸੰਗੀਤਕ ਵਰਤਾਰਿਆਂ ਦੀ ਝਲਕ ਦ੍ਰਿਸ਼ਟੀਗੋਚਰ ਹੁੰਦੀ ਹੈ।
ਵਾਜਾ ਮਤਿ ਪਖਾਵਜੁ ਭਾਉ॥
ਹੋਇ ਅਨੰਦ ਸਦਾ ਮਨਿ ਚਾਉ॥
ਏਹਾ ਭਗਤਿ ਏਹੋ ਤਪ ਤਾਉ॥
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ॥
-ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 350
ਗੁਰੂ ਜੀ ਨੇ ਆਮ ਤੌਰ ਤੇ ਗੰਭੀਰ, ਸ਼ਾਂਤ ਤੇ ਕਰੁਣ ਭਾਵਾਂ ਲਈ ਸਿਰੀ ਰਾਗ, ਗਉੜੀ, ਰਾਮਕਲੀ, ਭੈਰਵ ਆਦਿ ਰਾਗ ਵਰਤੇ ਹਨ। ਖ਼ੁਸ਼ੀ ਦੇ ਭਾਵਾਂ ਲਈ ਬਿਲਾਵਲ, ਸੂਹੀ, ਬਿਹਾਗੜਾ ਆਦਿ ਦਾ ਪ੍ਰਯੋਗ ਕੀਤਾ ਹੈ। ਧਾਰਮਿਕ ਭਗਤੀ ਭਾਵਾਂ ਨੂੰ ਗੂਜਰੀ, ਧਨਾਸਰੀ, ਸੋਰਠ ਆਦਿ ਰਾਗ ਪ੍ਰਯੁਕਤ ਹੋਏ ਹਨ। ਉਤਸ਼ਾਹ ਵਾਲੇ ਭਾਵਾਂ ਲਈ ਮਾਝ, ਆਸਾ, ਅਤੇ ਪ੍ਰਭਾਤੀ ਰਾਗਾਂ ਦੀ ਵਰਤੋਂ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਜਿਥੇ ਪਰੰਪਰਕ ਸੰਗੀਤ ਪਰੰਪਰਾ ਨੂੰ ਕਾਇਮ ਰੱਖਿਆ ਹੈ ਉਥੇ ਲੋਕ ਕਾਵਿ-ਰੂਪਾਂ ਅਤੇ ਪ੍ਰਚਲਿਤ ਕਾਵਿ-ਰੂਪਾਂ ਦੇ ਮਿਸ਼ਰਨ ਨਾਲ ਕੁਝ ਨਿਵੇਕਲੇ ਸੰਗੀਤਕ ਸਿਧਾਤਾਂ ਦੀ ਸਿਰਜਣਾ ਕੀਤੀ ਹੈ। ਸਿੱਟੇ ਵਜੋਂ ਆਪ ਮਹਾਨ ਸੰਗੀਤਕਾਰ ਸਿੱਧ ਹੁੰਦੇ ਹਨ।
-ਡਾ. ਆਤਮਾ ਸਿੰਘ ਗਿੱਲ,
ਸਹਾਇਕ ਪ੍ਰੋਫੈਸਰ ਪੰਜਾਬੀ,
ਬਾਬਾ ਅਜੈ ਸਿੰਘ ਖਾਲਸਾ ਕਾਲਜ,
ਗੁਰਦਾਸ ਨੰਗਲ, ਗੁਰਦਾਸਪੁਰ-143520
Phone- 9878883680
Email- atmagill2936@gmail.com
Official Email- prin.baskc@gmail.com