ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸ ਸਖ਼ਤ ਕਾਰਵਾਈ ਤਹਿਤ ਪੁਲਿਸ ਨੇ ਭਦੌੜ ਵਿਚ ਇਕ ਮੈਡੀਕਲ ਸਟੋਰ ਦੇ ਮਾਲਕ ਤੇ ਉਸ ਦੀ ਪਤਨੀ ਦੇ ਨਾਂ ਉਤੇ ਪੌਣੇ 2 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਬੈਂਕ ਖਾਤੇ, ਕਾਰ ਤੇ ਦੋਪਹੀਆ ਵਾਹਨ ‘ਤੇ ਕੇਸ ਪ੍ਰਾਪਰਟੀ ਬਣਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਹੁਕਮ ਆਉਣ ‘ਤੇ ਅੱਜ DSP ਨਾਰਕੋਟਿਕ ਗੁਰਬਚਨ ਸਿੰਘ ਦੀ ਅਗਵਾਈ ਵਿਚ ਥਾਣਾ ਭਦੌੜ ਪੁਲਿਸ ਨੇ ਫ੍ਰੀਜ਼ ਕਰ ਦਿੱਤੇ ਹਨ।
ਪੁਲਿਸ ਨੇ ਉਕਤ ਮੈਡੀਕਲ ਸਟੋਰ ਮਾਲਕ ਦੀ ਕੋਠੀ, ਪਲਾਟ ਤੇ ਦੁਕਾਨ ਬਾਹਰ ਜਨਤਕ ਕਾਰਵਾਈ ਨੋਟਿਸ ਚਿਪਕਾਏ ਹਨ। DSP ਗੁਰਬਚਨ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਸਾਧੂ ਸਿੰਘ ਖਿਲਾਫ਼ 2019 ਵਿਚ ਨਸ਼ਾ ਵੇਚਣ ਦਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ ਹੋਈ ਪੜਤਾਲ ਵਿਚ ਉਕਤ ਮੈਡੀਕਲ ਸਟੋਰ ਮਾਲਕ ਜਾਇਦਾਦ ਦਾ ਪੈਸਾ ਸਾਬਤ ਨਹੀਂ ਕਰ ਸਕਿਆ ਤੇ ਪ੍ਰਾਪਰਟੀ ਅਟੈਚਮੈਂਟ ਲਈ NDPS ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ।