ਮੋਦੀ ਸਰਕਾਰ ਪੰਜਾਬ ਅਤੇ ਪੰਜਾਬੀਅਤ ਦੀ ਸਭ ਤੋਂ ਵੱਡੀ ਹਿਮਾਇਤੀ : ਅਨੁਰਾਗ ਠਾਕੁਰ
ਜਲੰਧਰ, 5 ਮਈ (SS Chahal ) : ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਲੰਧਰ ਸਮੇਤ ਪੰਜਾਬ ਲਈ ਉਹ ਕੰਮ ਕੀਤਾ ਹੈ ਜੋ ਪਹਿਲਾਂ ਕਿਸੇ ਵੀ ਹੋਰ ਸਰਕਾਰ ਨੇ ਨਹੀਂ ਕੀਤਾ। ਸਹੀ ਅਰਥਾਂ ਵਿੱਚ ਮੋਦੀ ਸਰਕਾਰ ਪੰਜਾਬ ਅਤੇ ਪੰਜਾਬੀਅਤ ਦੀ ਸਭ ਤੋਂ ਵੱਡੀ ਹਿਮਾਇਤੀ ਹੈ।
ਅਨੁਰਾਗ ਠਾਕੁਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਤਕਰੀਬਨ 60-65 ਸਾਲ ਤੱਕ ਪੰਜਾਬ ‘ਤੇ ਕਾਂਗਰਸ ਜਾਂ ਗੈਰ-ਭਾਜਪਾ ਪਾਰਟੀ ਦਾ ਰਾਜ ਰਿਹਾ, ਪਰ ਕਿਸੇ ਨੇ ਵੀ ਪੰਜਾਬ ਪ੍ਰਤੀ ਸੰਜੀਦਗੀ ਨਹੀਂ ਦਿਖਾਈ। ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਸਾਰੇ ਬਕਾਇਆ ਮੁੱਦਿਆਂ ‘ਤੇ ਕੰਮ ਸ਼ੁਰੂ ਹੋਇਆ ਸੀ।
ਇੱਕ ਉਦਾਹਰਨ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਆਜ਼ਾਦੀ ਤੋਂ ਹੀ ਲਟਕਦੀ ਆ ਰਹੀ ਹੈ। ਨਾ ਤਾਂ ਕਾਂਗਰਸ ਅਤੇ ਨਾ ਹੀ ਅਕਾਲੀ ਦਲ ਦੀ ਸਰਕਾਰ ਨੇ ਇਸ ਨੂੰ ਤਰਜੀਹ ਦਿੱਤੀ। ਪਰ ਮੋਦੀ ਸਰਕਾਰ ਨੇ ਸਖ਼ਤ ਫੈਸਲਾ ਲੈਂਦਿਆਂ ਲਾਂਘਾ ਬਣਵਾ ਦਿੱਤਾ। ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬੀ ਸੱਭਿਆਚਾਰ ਅਤੇ ਲੋਕ-ਸੰਸਕਾਰਾਂ ਪ੍ਰਤੀ ਸ਼ਰਧਾ ਇਸ ਗੱਲ ਤੋਂ ਵੀ ਜ਼ਾਹਰ ਹੁੰਦੀ ਹੈ ਕਿ ਉਹ ਹਰ ਧਾਰਮਿਕ ਤਿਉਹਾਰ ‘ਤੇ ਸਿੱਖ ਗੁਰੂਆਂ ਦਾ ਸਤਿਕਾਰ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ।
ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਭਾਵੇਂ ਹੇਮਕੁੰਟ ਸਾਹਿਬ ਨੂੰ ਰੋਪਵੇਅ ਮੁਹੱਈਆ ਕਰਵਾਉਣ ਦੀ ਗੱਲ ਹੋਵੇ ਜਾਂ ਚਾਰਧਾਮ ਯਾਤਰਾ ਨੂੰ ਸੁਚਾਰੂ ਬਣਾਉਣ ਦਾ ਕੰਮ ਹੋਵੇ, ਇਹ ਸਭ ਸਾਡੀ ਸਰਕਾਰ ਵੇਲੇ ਹੋਇਆ ਹੈ। ਮੋਦੀ ਜੀ ਨੇ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਅਤੇ ਸਾਹਿਬਜ਼ਾਦਿਆਂ ਦੇ ਬਲੀਦਾਨ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। ਜਦੋਂ ਅਫਗਾਨਿਸਤਾਨ ਵਿੱਚ ਸਾਡੇ ਸਿੱਖ ਭਰਾਵਾਂ ‘ਤੇ ਹਮਲੇ ਹੋ ਰਹੇ ਸਨ, ਮੋਦੀ ਜੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਪਰਿਵਾਰਾਂ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਭਾਰਤ ਲਿਆਂਦਾ।
ਵਿਕਾਸ ਦੇ ਸਵਾਲ ‘ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਪਿਛਲੇ 9 ਸਾਲਾਂ ‘ਚ ਹੀ ਪੰਜਾਬ ‘ਚ ਸਾਰੇ ਵਿਕਾਸ ਕਾਰਜ ਹੋਏ ਹਨ। ਕੇਂਦਰੀ ਸੜਕ ਫੰਡ ਅਤੇ ਕੇਂਦਰੀ PMGSY ਯੋਜਨਾਵਾਂ ਦੇ ਤਹਿਤ ਚਾਰੇ ਪਾਸੇ ਸੜਕਾਂ ਦਾ ਜਾਲ ਵਿਛਿਆ। ਦਿੱਲੀ ਤੋਂ ਅੰਮ੍ਰਿਤਸਰ ਤੱਕ ਐਕਸਪ੍ਰੈਸ ਰੋਡ ਕੋਰੀਡੋਰ ਬਣਾਇਆ ਜਾ ਰਿਹਾ ਹੈ, ਜੋ ਕਈ ਪਵਿੱਤਰ ਸਥਾਨਾਂ ਨੂੰ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਕੇਂਦਰੀ ਮੰਤਰੀ ਨੇ ਪੰਜਾਬ ਵਿੱਚ ਵਧ ਰਹੀ ਅਰਾਜਕਤਾ, ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਦੀ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਵਿਕਾਸ, ਭਾਈਚਾਰਾ, ਰਾਸ਼ਟਰਵਾਦ, ਨਸ਼ਿਆਂ ਦੇ ਖਾਤਮੇ ਅਤੇ ਆਪਸੀ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਨੂੰ ਬਹਾਲ ਕਰਨ ਲਈ ਵਚਨਬੱਧ ਹੈ।