ਜਲੰਧਰ / ਐਸ ਐਸ ਚਾਹਲ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਇੰਡੀਅਨ ਆਇਲ ਦੇ ਨਵੇਂ ਪੈਟਰੋਲ ਪੰਪ ਦਾ ਉਦਘਾਟਨ ਕੀਤਾ।ਕੈਬਨਿਟ ਮੰਤਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਜ਼ ਲਿਮਟਿਡ ਭੋਗਪੁਰ ਲਈ ਆਮਦਨ ਦੇ ਵੱਖ-ਵੱਖ ਸਰੋਤ ਪੈਦਾ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫਿਊਲ ਸਟੇਸ਼ਨ ਲਈ ਜ਼ਮੀਨ ਭੋਗਪੁਰ ਸ਼ੂਗਰ ਮਿੱਲ ਵੱਲੋਂ ਮੁਹੱਈਆ ਕਰਵਾਈ ਗਈ ਹੈ ਜਦਕਿ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਮਿੱਲ ਦੀ ਜ਼ਮੀਨ ’ਤੇ ਆਪਣਾ ਰਿਟੇਲ ਆਊਟਲੈਟ ਸਥਾਪਤ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਹ ਸਾਂਝਾ ਉੱਦਮ ਗਾਹਕਾਂ ਲਈ ਮਿਆਰੀ ਉਤਪਾਦ ਅਤੇ ਸੇਵਾਵਾਂ ਨੂੰ ਯਕੀਨੀ ਬਣਾਏਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਹਿਕਾਰੀ ਲਹਿਰ ਨੂੰ ਹੋਰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ, ਜਿਸ ਲਈ ਸੂਬਾ ਸਰਕਾਰ ਵੱਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਅਤੇ ਸੂਬੇ ਨੂੰ ਵਿਕਾਸ ਦੀਆਂ ਉਚ ਲੀਹ ‘ਤੇ ਲਿਆਉਣ ਲਈ ਵਚਨਬੱਧ ਹੈ, ਜਿਸ ਲਈ ਪਹਿਲਾਂ ਹੀ ਠੋਸ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜੀ.ਐਮ.ਭੋਗਪੁਰ ਸ਼ੂਗਰ ਮਿੱਲ ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਪੈਟਰੋਲ ਪੰਪ ਭੋਗਪੁਰ ਤੋਂ ਬੁੱਲੋਵਾਲ ਰੋਡ ‘ਤੇ ਸਥਿਤ ਹੈ, ਜਿੱਥੇ ਰੋਜ਼ਾਨਾ ਵਾਹਨਾਂ ਦੀ ਭਾਰੀ ਆਵਾਜਾਈ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਪੰਪ ਸਾਰੇ ਯਾਤਰੀਆਂ ਲਈ ਖੁੱਲ੍ਹਾ ਰਹੇਗਾ, ਜੋ ਆਈ.ਓ.ਸੀ. ਦੇ ਮਿਆਰੀ ਉਤਪਾਦਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਫਿਊਲ ਸਟੇਸ਼ਨ ਦਾ ਸਾਰਾ ਸੰਚਾਲਨ ਮਿੱਲ ਵੱਲੋਂ ਕੀਤਾ ਜਾਵੇਗਾ, ਜਿਸ ਦੇ ਲਈ ਇੱਥੇ ਪਹਿਲਾਂ ਹੀ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਸੂਬੇ ਵਿੱਚ ਸਹਿਕਾਰੀ ਖੇਤਰ ਦੀ ਹੋਰ ਮਜ਼ਬੂਤੀ ਲਈ ਇਸ ਨਿਵੇਕਲੀ ਪਹਿਲਕਦਮੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।