ਰਾਘਵ ਚੱਢਾ ਤੇ ਪਰਿਣੀਤੀ ਦੀ ਮੰਗਣੀ ਮੌਕੇ ਰਾਗੀ ਭਾਈ ਜਸਕਰਨ ਸਿੰਘ ਪਟਿਆਲਾ ਵਲੋਂ ਕੀਰਤਨ ਕਰਨ ‘ਤੇ ਹੋਈ ਭੁੱਲ ਲਈ ਰਾਗੀ ਸਿੰਘਾਂ ਨੇ ਮਾਫ਼ੀ ਮੰਗ ਲਈ ਹੈ। ਰਾਗੀ ਭਾਈ ਜਸਕਰਨ ਸਿੰਘ ਨੇ ਕਿਹਾ ਕਿ ਮੰਗਣੀ ਸਮੇਂ ਕੀਤੇ ਕੀਰਤਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਬਹੁਤ ਸੰਗਤਾਂ ਨੇ ਇਤਰਾਜ਼ ਭਰੇ ਫੋਨ ਕੀਤੇ।
ਉਨ੍ਹਾਂ ਕਿਹਾ ਕਿ ਕੀਰਤਨ ਸਮੇਂ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਨਾ ਹੀ ਕੋਈ ਚੰਦੌਆ ਸਾਹਿਬ ਲਗਾਇਆ ਗਿਆ ਸੀ। ਕੀਰਤਨ ਦੀ ਸਟੇਜ ਉੱਚੀ ਸੀ। ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੇ ਬੈਠਕ ਲਗਾ ਕੇ ਬੈਠਣ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਰਾਗੀ ਭਾਈ ਜਸਕਰਨ ਸਿੰਘ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿਚ ਇਹ ਸਮਾਗਮ ਹੋ ਰਿਹਾ ਸੀ, ਜਿਸ ਲਈ ਉਨ੍ਹਾਂ ਨੇ ਕੋਈ ਵੀ ਇਤਰਾਜ਼ ਨਹੀਂ ਕੀਤਾ। ਉਥੇ ਹੀ, ਇਕੱਲੇ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਬੈਠਕ ਲਗਾ ਕੇ ਨਹੀਂ ਸਾਰੇ ਹੀ ਬੈਠਕ ‘ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਮਨਾਂ ਨੂੰ ਪਹੁੰਚੀ ਠੇਸ ਲਈ ਮਾਫ਼ੀ ਮੰਗਦੇ ਹਾਂ, ਅਗਾਂਹ ਕਦੇ ਵੀ ਇਸ ਤਰ੍ਹਾਂ ਦੀ ਭੁੱਲ ਨਹੀਂ ਹੋਵੇਗੀ।
ਇਥੇ ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ਮੌਕੇ ਪਹੁੰਚਣ ‘ਤੇ ਮਾਮਲਾ ਭਖਿਆ ਹੋਇਆ ਹੈ। ਇਹ ਸਮਾਗਮ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਦਿੱਲੀ ਵਿਖੇ ਸਰਕਾਰੀ ਰਿਹਾਇਸ਼ ਕਪੂਰਥਲਾ ਹਾਉਸ ਵਿਖੇ ਹੋਇਆ ਸੀ, ਜਿਸ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਰਾਘਵ ਚੱਢਾ ਤੇ ਪਰਿਣੀਤੀ ਦੀ ਮੰਗਣੀ ਮੌਕੇ ਪਹੁੰਚ ਕੇ ਕੀਰਤਨ ਦਰਿਮਆਨ ਮੌਜੂਦ ਰਹੇ ਤੇ ਸਿਰੋਪਾਓ ਦੇ ਕੇ ਅਸ਼ੀਰਵਾਦ ਦਿੱਤਾ।